Close
Menu

ਅਕਾਲੀ ਦਲ ਦੇ ਪੰਥਕ ਏਜੰਡੇ ਦੇ ਮੁਕਾਬਲੇ ਕਾਂਗਰਸ ਲਿਆਵੇਗੀ ਆਰਥਿਕ ਏਜੰਡਾ: ਕੈਪਟਨ

-- 17 May,2015

ਸ੍ਰੀ ਮੁਕਤਸਰ ਸਾਹਿਬ, ‘ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ 31 ਸਾਲਾਂ ਬਾਅਦ ‘ਬਲਿੳੂ ਸਟਾਰ ਅਪਰੇਸ਼ਨ’ ਦੌਰਾਨ ਸ੍ਰੀ ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਫੌਜ ਵੱਲੋਂ ਲਿਜਾਈਆਂ ਗਈਆਂ ਕੀਮਤੀ ਪੁਸਤਕਾਂ ਵਾਪਸ ਲਿਆਉਣ ਦੀ ਦੁਹਾਈ ਪਾ ਕੇ ਅਤੇ ਪੰਥਕ ਮੋਰਚਾ ਲਾ ਕੇ ਖੁਦ ਨੂੰ ਸਿੱਖ ਪੰਥ ਦਾ ਹਮਾਇਤੀ ਹੋਣ ਦਾ ਵਿਖਾਵਾ ਕਰ ਰਹੇ ਹਨ ਜਦੋਂ ਕਿ ਇਸਤੋਂ ਪਹਿਲਾਂ ਉਨ੍ਹਾਂ ਕਦੇ ਇਸ ਬਾਰੇ ਜ਼ਿਕਰ ਤੱਕ ਨਹੀਂ ਕੀਤਾ। ਅਸਲ ਵਿਚ ਸ੍ਰੀ ਬਾਦਲ ‘ਪੰਥਕ ਏਜੰਡੇ’ ਦਾ ਪੱਤਾ ਵਰਤ ਕੇ ਆਪਣੀ ਕੁਰਸੀ ਬਚਾਉਣਾ ਚਾਹੁੰਦੇ ਹਨ।’ ਇਹ ਗੱਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਮੁਕਤਸਰ ਦੀ ਵਿਧਾਇਕਾ ਕਰਨ ਕੌਰ ਬਰਾੜ ਦੇ ਦਫਤਰ ਦਾ ਉਦਘਾਟਨ ਕਰਦਿਆਂ ਲੋਕਾਂ ਨੂੰ ਸੰਬੋਧਨ ਕਰਦਿਆਂ ਆਖੀ।
ਉਨ੍ਹਾਂ ਕਿਹਾ ਕਿ ‘ਬਾਦਲ ਸਰਕਾਰ’ ਨੇ ਪੰਜਾਬ ਦੇ ਨਾਲ ਬਾਹਰਲੇ ਸੂਬਿਆਂ ਦੇ ਗੁਰਦੁਆਰਿਆਂ ’ਤੇ ਵੀ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਲੋਕਾਂ ਨੂੰ 2017 ਦੀਆਂ ਚੋਣਾਂ ਵਾਸਤੇ ਤਿਆਰੀਆਂ ਸ਼ੁਰੂ ਕਰਨ ਲਈ ਵੀ ਪ੍ਰੇਰਿਆ ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਪੰਥਕ ਏਜੰਡੇ ਦੇ ਮੁਕਾਬਲੇ ਕਾਂਗਰਸ ਪਾਰਟੀ ਆਰਥਿਕ ਮਜ਼ਬੂਤੀ ਦਾ ਏਜੰਡਾ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਵੱਡੀਆਂ ਯੋਜਨਾਵਾਂ ਉਲੀਕਣ ਦੀ ਲੋੜ ਹੈ। ਪੰਜਾਬ ਦਾ ਉਦਯੋਗ ਬਾਹਰਲੇ ਸੂਬਿਆਂ ’ਚ ਜਾ ਰਿਹਾ ਹੈ ਤੇ ਪੰਜਾਬ ਵਿਚ ਗੁੰਡਾਗਰਦੀ ਦਾ ਰਾਜ ਵੱਧ ਰਿਹਾ ਹੈ। ਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ’ਤੇ ਚੋਟ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਬਿਜਲੀ ਵੇਚਣ ਦਾ ਦਾਅਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੇ ਰਾਜ ਵਿਚ ਪੰਜਾਬ ਦੀ ਬਿਜਲੀ ਵੀ ਪੂਰੀ ਨਹੀਂ ਹੋ ਰਹੀ। ਕਣਕ ਦੇ ਖਰੀਦ ਪ੍ਰਬੰਧਾਂ ਦੀ ਨੁਕਤਾਚੀਨੀ ਕਰਦਿਆਂ ਕੈਪਟਨ ਨੇ ਕਿਹਾ ਕਿ 1 ਅਪਰੈਲ ਨੂੰ ਕੇਂਦਰ ਸਰਕਾਰ ਨੇ 13600 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਭੇਜੇ ਸਨ ,ਉਹ ਵੀ ਪੰਜਾਬ ਸਰਕਾਰ ਨੇ ਖੁਰਦ-ਬੁਰਦ ਕਰ ਦਿੱਤੇ ਤੇ ਕਿਸਾਨ ਅਤੇ ਆੜ੍ਹਤੀਏ ਮੰਡੀਆਂ ’ਚ ਰੁਲ ਰਹੇ ਹਨ। ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਸੇਮ ਦੀ ਸਮੱਸਿਆ ਦੇ ਖਾਤਮੇ ਲਈ ਭੇਜੇ 2200 ਕਰੋੜ ਰੁਪਏ ਵੀ ਕਿਸੇ ਅਰਥ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੇ ਹਾਈ ਕੋਰਟ ’ਚ ਮੰਨਿਆ ਕਿ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹਾਂ ਵੀ ਨਹੀਂ ਇਸੇ ਲਈ ਗੰਨੇ ਦਾ ਬਕਾਇਆ ਨਹੀਂ ਦਿੱਤਾ ਜਾ ਸਕਦਾ।

Facebook Comment
Project by : XtremeStudioz