Close
Menu

ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਰਾਜਾ ਵੜਿੰਗ ਖ਼ਿਲਾਫ ਸਬੂਤ ਦਿੱਤੇ

-- 29 April,2019

ਚੋਣ ਕਮਿਸ਼ਨ ਨੂੰ ਕਾਂਗਰਸੀ ਆਗੂ ਖ਼ਿਲਾਫ ਰਿਸ਼ਵਤ ਦੇ ਦੋਸ਼ਾਂ ਦੀ ਉੱਚੀ-ਪੱਧਰੀ ਜਾਂਚ ਦਾ ਹੁਕਮ ਦੇਣ ਲਈ ਆਖਿਆ

ਕਿਹਾ ਕਿ ਕਾਂਗਰਸ ਸਰਕਾਰ ਨੇ ਏਆਰਓ ਉੱਤੇ ਵੜਿੰਗ ਨੂੰ ਕਲੀਨ ਚਿਟ ਦੇਣ ਲਈ ਦਬਾਅ ਪਾਇਆ

ਚੋਣ ਕਮਿਸ਼ਨਰ ਨੂੰ ਅਕਾਲੀ ਵਰਕਰਾਂ ਨੂੰ ਸੰਮਨ ਜਾਰੀ ਕਰਨ ਵਾਲੇ ਅਤੇ ਸਮਾਜਿਕ ਕਲੱਬਾਂ ਨੂੰ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਦੀ ਹਮਾਇਤ ਲਈ ਦਬਾਅ ਪਾਉਣ ਵਾਸਤੇ ਨੋਟਿਸ ਕੱਢਣ ਵਾਲੇ ਧਰਮਕੋਟ ਦੇ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਲਈ ਕਿਹਾ

ਚੰਡੀਗੜ੍ਹ/29 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੁਬਾਰਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ ਮੁੱਖ ਚੋਣ ਕਮਿਸ਼ਨਰ (ਸੀਈਸੀ) ਸਬੂਤ ਦਿੱਤੇ ਅਤੇ ਅਪੀਲ ਕੀਤੀ ਕਿ ਵੜਿੰਗ ਖ਼ਿਲਾਫ ਰਿਸ਼ਵਤ ਦੇ ਦੋਸ਼ਾਂ ਦੀ ਇੱਕ ਉੱਚ ਪੱਧਰੀ ਟੀਮ ਤੋਂ ਜਾਂਚ ਕਰਵਾਈ ਜਾਵੇ, ਕਿਉਂਕਿ ਸਹਾਇਕ ਰਿਟਰਨਿੰਗ ਅਧਿਕਾਰੀ (ਏਆਰਓ) ਸੱਤਾਧਾਰੀ ਕਾਂਗਰਸੀ ਸਰਕਾਰ ਵੱਲੋਂ ਪਾਏ ਸਿਆਸੀ ਦਬਾਅ ਕਾਰਣ ਕਾਂਗਰਸੀ ਆਗੂ ਨੂੰ ਕਲੀਨ ਚਿਟ ਦੇ ਚੁੱਕਿਆ ਹੈ।

ਸਾਬਕਾ ਮੰਤਰੀਆਂ ਜਥੇਦਾਰ ਤੋਤਾ ਸਿੰਘ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਅਕਾਲੀ ਦਲ ਦਾ ਇੱਕ ਵਫ਼ਦ  ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਨੂੰ ਮਿਲਿਆ ਅਤੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਰਿਸ਼ਵਤ ਦੇਣ ਦੀ ਘਟਨਾ ਬਾਰੇ ਵੀਡਿਓਗ੍ਰਾਫਿਕ ਸਬੂਤ ਸਾਰੀ ਜਨਤਾ ਦੇ ਸਾਹਮਣੇ ਹੋਣ ਦੇ ਬਾਵਜੂਦ ਵੜਿੰਗ ਨੂੰ ਕਲੀਨ ਚਿਟ ਦੇਣ ਲਈ ਅਧਿਕਾਰੀਆਂ ਨੂੰ ਧਮਕਾਇਆ ਜਾ ਰਿਹਾ ਹੈ।

ਡਾਕਟਰ ਚੀਮਾ ਨੇ ਘਟਨਾ ਨਾਲ ਸੰਬੰਧਿਤ ਵੀਡਿਓਜ਼ ਦੀ ਇੱਕ ਪੈਨ ਡਰਾਇਵ ਚੋਣ ਅਧਿਕਾਰੀ ਨੂੰ ਸੌਂਪਦਿਆਂ ਕਿਹਾ ਕਿ ਵੜਿੰਗ ਨੇ ਬੁਢਲਾਡਾ ਦੇ ਇਕ ਸਮਾਜ ਸੇਵੀ ਟਿੰਕੂ ਪੰਜਾਬ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ।  ਉਹਨਾਂ ਕਿਹਾ ਕਿ ਇਹਨਾਂ ਸਬੂਤਾਂ ਨੂੰ ਮੁੱਖ ਰੱਖ ਕੇ ਕਾਰਵਾਈ ਕਰਨ ਦੀ ਥਾਂ ਬੁਢਲਾਡਾ ਦੇ ਏਆਰਓ ਨੇ ਬਿਆਨ ਦਿੱਤਾ ਹੈ ਕਿ ਵੜਿੰਗ ਖ਼ਿਲਾਫ ਲਾਇਆ ਗਿਆ ਦੋਸ਼ ਝੂਠਾ ਹੈ। ਉਹਨਾਂ ਕਿਹਾ ਕਿ ਏਆਰਓ ਵੱਲੋਂ ਇਹ ਕਹਿਣ ਵਿਚ ਵਿਖਾਈ ਗਈ ਕਾਹਲ ਮੰਦਭਾਗੀ ਹੈ ਕਿ ਵੜਿੰਗ ਨੇ ਕਿਸੇ ਨੂੰ ਰਿਸ਼ਵਤ ਨਹੀਂ ਦਿੱਤੀ। ਅਜਿਹੀਆਂ ਗਤੀਵਿਧੀਆਂ ਲੋਕਾਂ ਦਾ ਸਰਕਾਰ ਵਿਚੋਂ ਭਰੋਸਾ ਖਤਮ ਕਰ ਦੇਣਗੀਆਂ। ਇਸ ਮਾਮਲੇ ਦਾ ਇਨਸਾਫ ਕਰਨ ਲਈ ਤੁਰੰਤ ਇੱਕ ਉੱਚ ਪੱਧਰੀ ਜਾਂਚ ਕਰਾਉਣ ਦਾ ਹੁਕਮ ਦੇਣਾ ਚਾਹੀਦਾ ਹੈ।

ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਨੇ ਧਰਮਕੋਟ ਦੇ ਉਹਨਾਂ ਅਧਿਕਾਰੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ, ਜਿਹੜੇ ਅਕਾਲੀ ਵਰਕਰਾਂ ਨੂੰ ਸੰਮਨ ਜਾਰੀ ਕਰ ਰਹੇ ਹਨ ਅਤੇ ਵੱਖ ਵੱਖ ਸਮਾਜਿਕ ਕਲੱਬਾਂ ਨੂੰ ਕਾਂਗਰਸ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਮੁਹੰਮਦ ਸਦੀਕ ਦੀ ਹਮਾਇਤ ਕਰਨ ਵਾਸਤੇ ਮਜ਼ਬੂਰ ਕਰਨ ਲਈ ਉਹਨਾਂ ਖ਼ਿਲਾਫ ਕਾਰਵਾਈ ਕਰਨ ਦੀ ਧਮਕੀ ਦੇ ਰਹੇ ਹਨ। ਅਕਾਲੀ ਆਗੂ ਨੇ ਸੀਈਓ ਨੂੰ ਕਾਂਗਰਸ ਪਾਰਟੀ ਦੀ ਹਮਾਇਤ ਵਾਸਤੇ ਮਜ਼ਬੂਰ ਕਰਨ ਲਈ ਧਾਰਾਵਾਂ 107/105 ਅਧੀਨ ਅਕਾਲੀ ਵਰਕਰਾਂ ਨੂੰ ਸੰਮਨ ਜਾਰੀ ਕਰਨ ਵਾਸਤੇ ਧਰਮਕੋਟ ਸਬ ਡਿਵੀਜ਼ਨਲ ਮੈਜਿਸਟਰੇਟ ਕਮ ਰਿਟਰਨਿੰਗ ਅਧਿਕਾਰੀ ਨਰਿੰਦਰ ਸਿੰਘ ਖ਼ਿਲਾਫ  ਕਾਰਵਾਈ ਕਰਨ ਦੀ ਅਪੀਲ ਕੀਤੀ।

ਇਸ ਮਾਮਲੇ ਦੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਲਾਕ ਸੰਮਤੀ ਦੀਆਂ ਚੋਣਾਂ ਵੇਲੇ ਅਕਾਲੀ ਵਰਕਰਾਂ ਨੂੰ ਐਸਡੀਐਮ ਧਰਮਕੋਟ ਦੇ ਦਫ਼ਤਰ ਜਾਣ ਤੋਂ ਰੋਕਣ ਲਈ 150 ਤੋਂ 200 ਅਣਪਛਾਤੇ ਕਾਂਗਰਸੀ ਵਰਕਰਾਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਅਕਾਲੀ ਦਲ ਵੱਲੋਂ ਰਾਜ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਮਗਰੋਂ ਦਰਜ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਾਂਗਰਸੀ ਵਰਕਰਾਂ ਦੀ ਸ਼ਨਾਖ਼ਤ ਕਰਨ ਮਗਰੋਂ ਉਹਨਾਂ ਖ਼ਿਲਾਫ ਕਾਰਵਾਈ ਕਰਨ ਦੀ ਥਾਂ ਧਰਮਕੋਟ ਦੇ ਐਸਡੀਐਮ ਨੇ ਇਸ ਕੇਸ ਵਿਚ ਉਲਝਾ ਕੇ ਕਾਂਗਰਸੀ ਉਮੀਦਵਾਰ ਦੇ ਸਮਰਥਨ ਲਈ ਮਜ਼ਬੂਰ ਕਰਨ ਵਾਸਤੇ ਅਕਾਲੀ ਵਰਕਰਾਂ ਨੂੰ ਸੰਮਨ ਜਾਰੀ ਕਰਨੇ  ਸ਼ੁਰੂ ਕਰ ਦਿੱਤੇ ਹਨ। ਉਹਨਾਂ ਦੱਸਿਆ ਕਿ ਇਹ ਸੰਮਨ ਗਾਗਰਾ ਪਿੰਡ ਦੇ ਗੁਰਮੀਤ ਸਿੰਘ ਨੂੰ ਭੇਜੇ ਗਏ ਹਨ ਅਤੇ ਇਸ ਸੰਬੰਧੀ ਉਹਨਾਂ ਸੀਈਸੀ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ।

ਅਕਾਲੀ ਆਗੂ ਨੇ ਧਰਮਕੋਟ ਮਿਉਂਸੀਪਲ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਉਰਫ ਬੰਟੀ ਦੀ ਅਗਵਾਈ ਵਿਚ ਆਏ ਉਹਨਾਂ 75 ਕਾਂਗਰਸੀ ਵਰਕਰਾਂ ਦੀ ਸੂਚੀ ਵੀ ਦਿੱਤੀ, ਜਿਹਨਾਂ ਨੇ ਬਲਾਕ ਸੰਮਤੀ ਚੋਣਾਂ ਦੌਰਾਨ ਅਕਾਲੀ ਵਰਕਰਾਂ ਨੂੰ ਐਸਡੀਐਮ ਧਰਮਕੋਟ ਦੇ ਦਫ਼ਤਰ ਵਿਚ ਦਾਖ਼ਲ ਹੋਣ ਤੋਂ ਜਬਰਦਸਤੀ ਰੋਕਿਆ ਸੀ। ਉਹਨਾਂ ਕਿਹਾ ਕਿ ਇਹ ਕਾਂਗਰਸੀ ਵਰਕਰ ਹੁਣ ਅਕਾਲੀ ਵਰਕਰਾਂ ਨੂੰ ਧਮਕਾ ਰਹੇ ਹਨ। ਜਥੇਦਾਰ ਤੋਤਾ ਸਿੰਘ ਨੇ ਸੀਈਸੀ ਨੂੰ ਅਪੀਲ ਕੀਤੀ ਕਿ ਉਹ ਮੋਗਾ ਦੇ ਐਸਐਸਪੀ ਨੂੰ ਇਹਨਾਂ 75 ਕਾਂਗਰਸੀ ਵਰਕਰਾਂ ਦੀ ਤੁਰੰਤ ਗਿਰਫਤਾਰੀ ਕਰਨ ਦਾ ਨਿਰਦੇਸ਼ ਦੇਣ। ਅਕਾਲੀ ਆਗੂ ਨੇ ਇਹ ਵੀ ਬੇਨਤੀ ਕੀਤੀ  ਕਿ ਇਸ ਮਾਮਲੇ ਵਿਚ ਅਕਾਲੀ ਵਰਕਰਾਂ ਨੂੰ ਜਾਰੀ ਕੀਤੇ ਸੰਮਨ ਰੱਦ ਕੀਤੇ ਜਾਣ ਅਤੇ ਪੱਖਪਾਤੀ ਢੰਗ ਨਾਲ ਡਿਊਟੀ ਕਰਨ ਲਈ ਧਰਮਕੋਟ ਦੇ ਐਸਡੀਐਮ ਨਰਿੰਦਰ ਸਿੰਘ ਦਾ ਤਬਾਦਲਾ ਕੀਤਾ ਜਾਵੇ।

ਸੀਈਸੀ ਨੂੰ ਦਿੱਤੀ ਇੱਕ ਹੋਰ ਸ਼ਿਕਾਇਤ ਵਿਚ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਮੋਗਾ ਦੇ ਵਿਭਿੰਨ ਸਮਾਜਿਕ ਕਲੱਬਾਂ ਨੂੰ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਹਮਾਇਤ ਨਾ ਕਰਨ ਦੀ ਸੂਰਤ ਵਿਚ ਮਾਨਤਾ ਰੱਦ ਕਰਨ ਅਤੇ ਅਹੁਦੇਦਾਰਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਇਸ ਸੰਬੰਧੀ ਕਦਰਵਾਲਾ ਦੇ ਸ਼ਹੀਦ ਊਧਮ ਸਿੰਘ ਕਲੱਬ  ਦੀ ਸ਼ਿਕਾਇਤ ਚੋਣ ਕਮਿਸ਼ਨ ਅੱਗੇ ਰੱਖੀ। ਕਲੱਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਧਰਮਕੋਟ ਦੇ ਬੀਡੀਪੀਓ ਸੁਖਵਿੰਦਰ ਸਿੰਘ ਨੇ ਉਸ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਅਤੇ ਰਸਮੀ ਤੌਰ ਤੇ ਵੀ ਦੱਸਿਆ ਹੈ ਕਿ ਜੇਕਰ ਉਸ ਨੇ ਕਾਂਗਰਸ ਪਾਰਟੀ ਦੀ ਹਮਾਇਤ ਨਾ ਕੀਤੀ ਤਾਂ ਉਸ ਖ਼ਿਲਾਫ ਫੰਡਾਂ ਦੀ ਦੁਰਵਰਤੋਂ ਕਰਨ ਦਾ ਝੂਠਾ ਕੇਸ ਦਰਜ ਕਰ ਦਿੱਤਾ ਜਾਵੇਗਾ।  ਸ਼ਿਕਾਇਤ ਕਰਤਾ ਨੇ ਦੱਸਿਆ ਹੈ ਕਿ  ਅਜਿਹੇ ਨੋਟਿਸ ਅਤੇ ਧਮਕੀਆਂ ਦੂਜੇ ਕਲੱਬਾਂ ਜਿਵੇਂ ਬਾਬਾ ਮੋਤੀ ਰਾਮ ਜੀ ਕਲੱਬ ਭਾਗਪੁਰ ਗਾਗਰਾ, ਬਾਬਾ ਜੀਵਨ ਸਿੰਘ ਕਲੱਬ ਦੱਤੇਵਾਲ, ਬਾਬਾ ਜੀਵਨ ਸਿੰਘ ਕਲੱਬ ਚੀਮਾ ਅਤੇ ਬਾਬਾ ਅਜੀਤ ਸਿੰਘ ਕਲੱਬ ਲੋਹਾਰਾ ਨੂੰ ਦਿੱਤੀਆਂ ਗਈਆਂ ਹਨ।

ਇਹਨਾਂ ਸਮਾਜਿਕ ਕਲੱਬਾਂ ਨੂੰ ਜਾਰੀ ਕੀਤੇ ਨੋਟਿਸਾਂ ਨੂੰ ਤੁਰੰਤ ਰੱਦ ਕਰਵਾਉਣ ਦੀ ਅਪੀਲ ਕਰਦਿਆਂ ਅਕਾਲੀ ਦਲ ਦੇ ਵਫ਼ਦ ਨੇ ਇਹ ਵੀ ਬੇਨਤੀ ਕੀਤੀ ਕਿ ਧਰਮਕੋਟ ਦੇ ਬੀਡੀਪੀਓ ਸੁਖਵਿੰਦਰ ਸਿੰਘ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਇਸ ਵਫ਼ਦ ਵਿਚ ਅਕਾਲੀ ਦਲ ਦੇ ਕਾਨੂੰਨੀ ਸੈਲ ਵਿਚੋਂ ਵਕੀਲ ਅਰਸ਼ਦੀਪ ਸਿੰਘ ਕਲੇਰ ਵੀ ਸ਼ਾਮਿਲ ਸਨ।  

Facebook Comment
Project by : XtremeStudioz