Close
Menu

ਅਕਾਲੀ ਦਲ ਨੇ ਸਿੰਘ ਸਾਹਿਬਾਨ ’ਤੇ ਦਬਾਅ ਨਹੀਂ ਪਾਇਆ: ਸੁਖਬੀਰ

-- 03 October,2015

ਰੂਪਨਗਰ,3 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਲਈ ਸਿੰਘ ਸਾਹਿਬਾਨ ’ਤੇ ਕੋਈ ਦਬਾਅ ਨਹੀਂ ਪਾਇਆ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਧਾਰਮਿਕ ਮਾਮਲਿਆਂ ਵਿੱਚ ਸਿੰਘ ਸਾਹਿਬਾਨ ’ਤੇ ਕਦੇ ਕੋਈ ਦਬਾਅ ਨਹੀਂ ਪਾਇਆ ਅਤੇ ਨਾ ਹੀ ਕੋਈ ਦਖ਼ਲਅੰਦਾਜ਼ੀ ਕੀਤੀ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਉਹ ਅਕਾਲ ਤਖ਼ਤ ਦੇ ਹਰ ਫ਼ੈਸਲੇ ਦੇ ਪਾਬੰਦ ਹਨ ਕਿਉਂਕਿ ਅਕਾਲ ਤਖ਼ਤ ਸਿੱਖਾਂ ਦੀ ਸਰਵਉੱਚ ਸੰਸਥਾ ਹੈ। ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਤੋਂ ਮੁੰਬਈ ਵਿੱਚ ਡੇਰਾ ਸਿਰਸਾ ਦੇ ਮੁਖੀ ਨਾਲ ਮੁਲਾਕਾਤ ਹੋਣ ਸਬੰਧੀ ਰਿਪੋਰਟਾਂ ਬਾਰੇ ਪੁੱਛਿਆ ਗਿਆ ਤਾਂ ਉਪ ਮੁੱਖ ਮੰਤਰੀ ਨੇ ਅਣਸੁਖਾਵਾਂ ਮਹਿਸੂਸ ਕਰਦਿਆਂ ਕਿਹਾ ਕਿ ਅਜਿਹੇ ਸਵਾਲ ਪੁੱਛਣਾ ਸ਼ੋਭਾ ਨਹੀਂ ਦਿੰਦੇ। ਇੱਕ ਹੋਰ ਸਵਾਲ ਦੇ ਜਵਾਬ  ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਤੋਂ ਸ਼੍ਰੋਮਣੀ ਅਕਾਲੀ ਦਲ -ਭਾਜਪਾ ਗਠਜੋੜ ਨੂੰ ਕੋਈ ਖ਼ਤਰਾ ਨਹੀਂ ਹੈ। ੳੁਨ੍ਹਾਂ ਦੋਸ਼ ਲਾਇਆ ਕਿ ‘ਆਪ’ ਹੁਣ ਖਾਸ ਆਦਮੀ ਪਾਰਟੀ ਬਣ ਗਈ ਹੈ, ਜੋ ਇੱਕ ਵਿਅਕਤੀ ਵੱਲੋਂ ਤਾਨਾਸ਼ਾਹ ਵਜੋਂ ਚਲਾਈ ਜਾ ਰਹੀ ਹੈ। ੳੁਸ ਨੇ ਜਮਹੂਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਕੋਲ ਪੰਜਾਬ ਵਿੱਚ ਨਾ ਤਾਂ ਕੋਈ ਆਗੂ ਹੈ ਅਤੇ ਨਾ ਹੀ ਕੋਈ ਏਜੰਡਾ ਜਾਂ ਪ੍ਰੋਗਰਾਮ ਹੈ। ਇਸ ਮੌਕੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵੀਂ ਪਾਰਟੀ ਬਣਾਉਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਾਂਗਰਸ ਵੱਲੋਂ ਪੰਜਾਬ ਸਰਕਾਰ ਦਾ ਖ਼ਜ਼ਾਨਾ ਖਾਲੀ ਹੋਣ ਸਬੰਧੀ ਲਗਾਏ ਜਾਂਦੇ ਦੋਸ਼ਾਂ ਨੂੰ ਗੁੰਮਰਾਹਕੁਨ ਤੇ ਝੂਠਾ ਦੱਸਦਿਆਂ ਪੁੱਛਿਆ ਕਿ ਜੇਕਰ ਖਜ਼ਾਨਾ ਖ਼ਾਲੀ ਹੈ ਤਾਂ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਿਵੇਂ ਹੋ ਰਹੇ ਹਨ।
ਕਿਸਾਨਾਂ ਖ਼ੁਦਕੁਸ਼ੀਆਂ ਬਾਰੇ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਕਿਸਾਨਾਂ ਲਈ ਜੋ ਕੁਝ ਕੀਤਾ ਹੈ, ਉਹ  ਦੇਸ਼ ਦੀ ਕਿਸੇ ਸੂਬਾ ਸਰਕਾਰ ਨੇ ਕਿਸਾਨਾਂ ਲੲੀ ਨਹੀਂ ਕੀਤਾ।

Facebook Comment
Project by : XtremeStudioz