Close
Menu

ਅਕਾਲੀ ਦਲ ਵੱਲੋਂ ਨਵੇਂ ਗਠਜੋੜ ਤਹਿਤ ਹਰਿਆਣਾ ‘ਚ ਭਾਜਪਾ ਦੇ ਸਮਰਥਨ ਦਾ ਐਲਾਨ

-- 12 April,2019

ਅਕਾਲੀ ਦਲ ਲੋਕ ਸਭਾ ਚੋਣਾਂ ‘ਚ ਭਾਜਪਾ ਉਮੀਦਵਾਰਾਂ ਦਾ ਸਮਰਥਨ ਕਰੇਗਾ ਅਤੇ ਵਿਧਾਨ ਸਭਾ ਚੋਣਾਂ ਲਈ ਇਸ ਨੂੰ ਭਾਜਪਾ ਵੱਲੋਂ ਢੁੱਕਵੀਆਂ ਸੀਟਾਂ ਦਿੱਤੀਆਂ ਜਾਣਗੀਆਂ
ਚੰਡੀਗੜ੍ਹ/12 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਹੈ ਕਿ ਇਸ ਵੱਲੋਂ ਇੱਕ ਨਵੇਂ ਗਠਜੋੜ ਤਹਿਤ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿਚ ਭਾਜਪਾ ਦਾ ਸਮਰਥਨ ਕੀਤਾ ਜਾਵੇਗਾ। ਇਸੇ ਗਠਜੋੜ ਤਹਿਤ ਅਕਾਲੀ ਦਲ ਵੱਲੋਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵੀ ਭਾਜਪਾ ਨਾਲ ਮਿਲ ਕੇ ਲੜੀਆਂ ਜਾਣਗੀਆਂ।
ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਹਰਿਆਣਾ ਇੰਚਾਰਜ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਫੈਸਲਾ ਅਕਾਲੀ-ਭਾਜਪਾ ਦੀ ਸਾਂਝੀ ਮੀਟਿੰਗ ਵਿਚ ਲਿਆ ਗਿਆ ਹੈ। ਇਸ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਭਾਜਪਾ ਦੇ ਸੂਬਾਈ ਆਗੂ ਅਤੇ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਠਾ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਭਾਗ ਲਿਆ ਸੀ। ਅੱਜ ਨਰਵਾਣਾ ਵਿਖੇ ਹੋਈ ਇਸ ਮੀਟਿੰਗ ਵਿਚ ਅਕਾਲੀ ਦਲ ਦੇ ਵਫ਼ਦ ਦੀ ਅਗਵਾਈ ਸਰਦਾਰ ਭੂੰਦੜ ਨੇ ਕੀਤੀ ਸੀ।
ਸਰਦਾਰ ਭੂੰਦੜ ਨੇ ਦੱਸਿਆ ਕਿ ਇਸ ਸੰਬੰਧੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਵਿਚਕਾਰ ਹੋਈ ਗੱਲਬਾਤ ਮਗਰੋਂ ਹੋਏ ਰਸਮੀ ਸਮਝੋਤੇ ਮੁਤਾਬਿਕ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਭਾਜਪਾ ਦੇ ਉਮੀਦਵਾਰਾਂ ਦੀ ਹਮਾਇਤ ਕਰੇਗਾ। ਉਹਨਾਂ ਕਿਹਾ ਕਿ ਇਸ ਗਠਜੋੜ ਦੀਆਂ ਸ਼ਰਤਾਂ ਅਨੁਸਾਰ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਅਕਾਲੀ ਦਲ ਨੂੰ ਵੱਖ ਵੱਖ ਖੇਤਰਾਂ ਵਿਚ ਇਸ ਦੇ ਪ੍ਰਭਾਵ ਅਨੁਸਾਰ ਢੁੱਕਵੀਆਂ ਸੀਟਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਦਿੱਤੀਆਂ ਜਾਣ ਵਾਲੀਆਂ ਵਿਧਾਨ ਸਭਾ ਸੀਟਾਂ ਦੀ ਗਿਣਤੀ ਬਾਰੇ ਲੋਕ ਸਭਾ ਚੋਣਾਂ ਤੋਂ ਬਾਅਦ ਚਰਚਾ ਕੀਤੀ ਜਾਵੇਗੀ। ਪੂਰੇ ਸੂਬੇ ਅੰਦਰ ਅਕਾਲੀ ਦਲ ਦਾ 25 ਵਿਧਾਨ ਸੀਟਾਂ ਉੱਤੇ ਕਾਫੀ ਪ੍ਰਭਾਵ ਹੈ।
ਸਰਦਾਰ ਭੂੰਦੜ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਹਰਿਆਣਾ ਵਿਚ ਅਕਾਲੀ-ਭਾਜਪਾ ਦੇ ਨਵੇਂ ਗਠਜੋੜ ਮਗਰੋਂ ਸੂਬੇ ਅੰਦਰ ਭਾਜਪਾ ਦੀ ਹੂੰਝਾ ਫੇਰ ਜਿੱਤ ਦੀ ਨੀਂਹ ਰੱਖੀ ਗਈ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਭਾਜਪਾ ਨਾਲ ਮਿਲ ਕੇ ਚੋਣ ਪ੍ਰਚਾਰ ਕਰੇਗਾ ਅਤੇ ਭਾਜਪਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਭਾਜਪਾ ਉਮੀਦਵਾਰਾਂ ਦੀ ਲੋੜ ਅਨੁਸਾਰ ਜਨਤਕ ਮੀਟਿੰਗਾਂ ਆਯੋਜਿਤ ਕਰੇਗਾ।

Facebook Comment
Project by : XtremeStudioz