Close
Menu

ਅਕਾਲੀ-ਭਾਜਪਾ ਗਠਜੋੜ ‘ਚ ਕੋਈ ਦਰਾਰ ਨਹੀਂ : ਅਨਿਲ ਜੋਸ਼ੀ

-- 18 May,2015

ਮੋਹਾਲੀ – ਅਕਾਲੀ-ਭਾਜਪਾ ਗਠਜੋੜ ‘ਚ ਕੋਈ ਦਰਾਰ ਨਹੀਂ ਹੈ। ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਅਕਾਲੀ-ਭਾਜਪਾ ਮਿਲ ਕੇ ਕੰਮ ਕਰ ਰਹੇ ਹਨ। ਦੂਜਾ ਕੇਂਦਰ ਵਿਚ ਵੀ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਹੈ। ਇਹ ਗੱਲ ਪੰਜਾਬ ਦੇ ਸਥਾਨਕ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਨੇ ਮੋਹਾਲੀ ਵਿਚ ਕਹੀ। ਜ਼ਿਕਰਯੋਗ ਹੈ ਕਿ ਆਲ ਇੰਡੀਆ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰ ਨੇ ਪਿਛਲੇ ਦਿਨੀਂ ਕੈਬਨਿਟ ਮੰਤਰੀ ਅਨਿਲ ਜੋਸ਼ੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੋਹਾਲੀ ਦੀ ਮੌਜੂਦਾ ਰਾਜਨੀਤਕ ਸਥਿਤੀ ਬਾਰੇ ਜਾਣੂ ਕਰਵਾਇਆ ਸੀ।
ਇਸ ਮੌਕੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਕਈ ਵਾਰ ਵਿਚਾਰਾਂ ਦੇ ਮਤਭੇਦ ਕਾਰਨ ਆਪਸੀ ਗੱਲਬਾਤ ਵਿਚ ਕੁਝ ਸਮੇਂ ਲਈ ਖਟਾਸ ਆ ਜਾਂਦੀ ਹੈ, ਜਿਸ ਨੂੰ ਵਿਰੋਧੀ ਪਾਰਟੀਆਂ ਮੁੱਦਾ ਬਣਾ ਕੇ ਸਿਆਸੀ ਰੋਟੀਆਂ ਸੇਕਣ ਲੱਗਦੀਆਂ ਹਨ, ਜੋ ਕਿ ਸਰਾਸਰ ਗਲਤ ਹੈ। ਅਜਿਹੇ ਸ਼ਰਾਰਤੀ ਅਨਸਰ ਲੋਕਾਂ ਨੂੰ ਗੁੰਮਰਾਹ ਕਰਕੇ ਸਿਆਸਤ ਦੀ ਤਿਕੜਮਬਾਜ਼ੀ ਨੂੰ ਸਿਖਰ ‘ਤੇ ਪਹੁੰਚਾ ਦਿੰਦੇ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ‘ਚ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਸਬਕ ਸਿਖਾਉਣਗੇ।
ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰ ਨੇ ਕਿਹਾ ਕਿ ਮੋਹਾਲੀ ਵਿਚ ਅਕਾਲੀ-ਭਾਜਪਾ ਗਠਜੋੜ ਦਾ ਮੇਅਰ ਬਣਨਾ ਤੈਅ ਹੈ ਅਤੇ ਗਠਜੋੜ ਕੋਲ 26 ਤੋਂ ਵੀ ਜ਼ਿਆਦਾ ਕੌਂਸਲਰ ਹਨ। ਇਸ ਸਬੰਧੀ ਹਲਕਾ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਤੇ ਚੇਅਰਪਰਸਨ ਜ਼ਿਲਾ ਯੋਜਨਾ ਬੋਰਡ ਮੋਹਾਲੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਮੋਹਾਲੀ ਦੇ ਸਾਰੇ ਅਕਾਲੀ ਦਲ ਤੇ ਭਾਜਪਾ ਦੇ ਕੌਂਸਲਰਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅਹਿਮ ਮੀਟਿੰਗ ਕਰਵਾ ਦਿੱਤੀ ਹੈ।

Facebook Comment
Project by : XtremeStudioz