Close
Menu

ਅਕਾਲੀ-ਭਾਜਪਾ ਗੱਠਜੋੜ ਦੀ ਸਿਹਤ ਠੀਕ: ਸਿਹਤ ਮੰਤਰੀ

-- 27 February,2015

ਐਸ.ਏ.ਐਸ. ਨਗਰ (ਮੁਹਾਲੀ),  ਪੰਜਾਬ ਦੇ ਸਿਹਤ ਦੇ ਪਰਿਵਾਰ ਭਲਾੲੀ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਭਾਈਵਾਲ ਪਾਰਟੀਆਂ ਦੀ ਲੀਡਰਸ਼ਿਪ ਵਿੱਚ ਕੋਈ ਮਤਭੇਦ ਨਹੀਂ ਹਨ।

ਇੱਥੋਂ ਦੇ ਰਤਨ ਗਰੁੱਪ ਆਫ਼ ਇੰਸਟੀਚਿਊਟ ਸੋਹਾਣਾ ਵਿੱਚ ਨਰਸਿੰਗ ਦੇ ਖੇਤਰ ਵਿੱਚ ਕਮਿੳੂਨਿਟੀ ਹੈਲਥ ਵਿਸ਼ੇ ’ਤੇ ਸ਼ੁਰੂ ਹੋਈ ਦੋ ਰੋਜ਼ਾ ਕੌਮੀ ਵਰਕਸ਼ਾਪ ਦਾ ਉਦਘਾਟਨ ਕਰਨ ਮਗਰੋਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਪੰਜਾਬੀਆਂ ਨੇ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਫ਼ਤਵਾ ਦੇ ਕੇ ਸੂਬਾ ਸਰਕਾਰ ਦੀਆਂ ਵਿਕਾਸ ਤੇ ਲੋਕ ਪੱਖੀ ਨੀਤੀਆਂ ’ਤੇ ਮੋਹਰ ਲਾਈ ਹੈ। ਇਹੀ ਨਹੀਂ ਇਨ੍ਹਾਂ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਤੋਂ ਪੂਰੀ ਤਰ੍ਹਾਂ ਮੂੰਹ ਫੇਰ ਚੁੱਕੇ ਹਨ। ਉਂਜ ਵੀ ਸਾਰੇ ਦੇਸ਼ ਵਿੱਚ  ਕਾਂਗਰਸ ਹੁਣ ਝਾਤ ਮਾਰਿਆ ਵੀ ਕਿਤੇ ਨਜ਼ਰ ਨਹੀਂ ਆਉਂਦੀ।
ਇਸ ਤੋਂ ਪਹਿਲਾਂ ਵਰਕਸ਼ਾਪ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਲਈ ਲੋੜ ਅਨੁਸਾਰ ਡਾਕਟਰਾਂ ਦੀ ਛੇਤੀ ਭਰਤੀ ਕੀਤੀ ਜਾਵੇਗੀ। ਸਰਕਾਰ ਨੇ ਨਿਯਮਾਂ ਵਿੱਚ ਸੋਧ ਕਰ ਕੇ ਡਿਪਲੋਮਾ ਹੋਲਡਰਾਂ ਨੂੰ ਵੀ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਨਰਸ, ਮਰੀਜ਼ ਤੇ ਡਾਕਟਰ ਵਿਚਕਾਰ ਅਹਿਮ ਕੜੀ ਮੰਨੀ ਜਾਂਦੀ ਹੈ, ਜੋ ਰੋਗੀ ਦੇ ਛੇਤੀ ਤੰਦਰੁਸਤ ਹੋਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁੱਝ ਸਮਾਂ ਪਹਿਲਾਂ ਹੀ 400 ਡਾਕਟਰਾਂ ਤੇ 700 ਨਰਸਾਂ ਦੀ ਭਰਤੀ ਕੀਤੀ ਹੈ। ਇਸ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਨੂੰ ਦੂਰ ਕਰਨ ਲੲੀ ਨਿਯਮਾਂ ਵਿੱਚ ਫੇਰਬਦਲ ਕਰ ਕੇ ਮੈਡੀਕਲ ਖੇਤਰ ਵਿੱਚ ਡਿਪਲੋਮਾ ਹੋਲਡਰਾਂ ਨੂੰ ਵੀ ਭਰਤੀ ਕਰਨ ਦਾ ਫੈਸਲਾ ਲਿਆ ਹੈ।
ਸੁਸਾਇਟੀ ਆਫ਼ ਕਮਿੳੂਨਿਟੀ ਹੈਲਥ ਨਰਸਿੰਗ ਆਫ ਇੰਡੀਆ ਦੀ ਪ੍ਰਧਾਨ ਡਾ. ਚੇਲਾ ਰਾਣੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਰਾਸ਼ਟਰੀ ਪ੍ਰੋਗਰਾਮ ਦੌਰਾਨ ਵੱਖ ਵੱਖ 18 ਸੂਬਿਆਂ ਤੋਂ ਪਹੁੰਚੇ ਖੋਜੀਆਂ ਨੇ ਨਰਸਿੰਗ ਦੇ ਖੇਤਰ ਵਿੱਚ ਭਵਿੱਖ ਦੀਆਂ ਚੁਣੌਤੀਆਂ ’ਤੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ, ਕਾਲਜ ਦੀ ਨਰਸਿੰਗ ਸਲਾਹਕਾਰ ਡਾ. ਇੰਦਰਜੀਤ ਕੌਰ ਵਾਲੀਆ, ਪੀ.ਜੀ.ਆਈ. ਚੰਡੀਗੜ੍ਹ ਤੋਂ ਡਾ. ਸੁਸ਼ਮਾ ਸੈਣੀ, ਸਰਸਵਤੀ ਗਰੁੱਪ ਆਫ਼ ਕਾਲਜ ਦੇ ਚੇਅਰਮੈਨ ਬੀ.ਐਲ. ਅਗਰਵਾਲ, ਪਲਕ ਅਗਰਵਾਲ, ਡਾ. ਐਸ.ਐਮ. ਖੇੜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਅਖੀਰ ਵਿੱਚ ਕਾਲਜ ਪ੍ਰਿੰਸੀਪਲ ਡਾ. ਜਯੋਤੀ ਲਠਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Facebook Comment
Project by : XtremeStudioz