Close
Menu

ਅਕਾਲੀ-ਭਾਜਪਾ ਵਿਧਾਇਕਾਂ ਦੀ ਮੀਟਿੰਗ ’ਚ ਕੈਰੋਂ ਤੇ ਜਿਆਣੀ ’ਤੇ ਨਿਸ਼ਾਨੇ

-- 19 September,2015

ਚੰਡੀਗੜ੍ਹ, 19 ਸਤੰਬਰ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦੀ ਸਾਂਝੀ ਮੀਟਿੰਗ ਦੌਰਾਨ ਅੱਜ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਬਹੁਗਿਣਤੀ ਵਿਧਾਇਕਾਂ ਦੇ ਨਿਸ਼ਾਨੇ ’ਤੇ ਰਹੇ। ਅਕਾਲੀ ਵਿਧਾਇਕਾਂ ਨੇ ਸ੍ਰੀ ਕੈਰੋਂ ਨੂੰ ਨੀਲੇ ਕਾਰਡ ਕੱਟਣ ’ਤੇ ਘੇਰਿਆ, ਜਦੋਂ ਕਿ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਆਂਗਨਵਾੜੀ ਕੇਂਦਰਾਂ ਦੇ ਮੁੱਦੇ ’ਤੇ ਸ੍ਰੀ ਜਿਅਾਣੀ ਨੂੰ ਤਿੱਖੇ ਸਵਾਲ ਕੀਤੇ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋਵਾਂ ਮੁੱਦਿਅਾਂ ਵਿੱਚ ਦਖਲ ਦੇਣਾ ਪਿਆ। ਉਨ੍ਹਾਂ ਦੋਹਾਂ ਪਾਰਟੀਆਂ ਦੇ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਕਾਂਗਰਸ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਲਈ ਤਿਆਰ ਰਹਿਣ ਲਈ ਕਿਹਾ। ਮੁੱਖ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਕਿ ਵਿਧਾਇਕਾਂ ਵੱਲੋਂ ਸਦਨ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦਾ ਜੁਅਾਬ ਦੇਣ ਲੲੀ ਦੀ ਤਿਆਰੀ ਕਰਕੇ ਆਉਣ। ੳੁਨ੍ਹਾਂ ਦੋਹਾਂ ਪਾਰਟੀਆਂ ਦੇ ਵਿਧਾਇਕਾਂ ਨੂੰ  ਵਾਅਦਾ ਕੀਤਾ ਕਿ ਵਿਧਾਨ ਸਭਾ ਸੈਸ਼ਨ ਖ਼ਤਮ ਹੋਣ ਬਾਅਦ ਇਕੱਲੇ-ਇਕੱਲੇ ਵਿਧਾਇਕ ਨਾਲ ਮੁਲਾਕਾਤ ਕਰਕੇ ਹਲਕੇ ਦੀਆਂ ਸਮੱਸਿਆਵਾਂ ਪੁੱਛੀਆਂ ਜਾਣਗੀਆਂ ਤੇ ੳੁਨ੍ਹਾਂ ਲੲੀ ਗਰਾਂਟਾਂ ਵੀ ਜਾਰੀ ਕੀਤੀਆਂ ਜਾਣਗੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸ੍ਰੀ ਕੈਰੋਂ ਨੂੰ ਘੇਰਦਿਆਂ ਕਿਹਾ ਕਿ ੳੁਨ੍ਹਾਂ ਦੇ ਵਿਭਾਗ ਵੱਲੋਂ ਨੀਲੇ ਕਾਰਡਾਂ ਦੇ ਲਾਭਪਾਤਰੀਆਂ ਦੇ ਨਾਮ ਕੱਟਣ ਕਾਰਨ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਇਕਾਂ ਨੇ ਦਾਅਵਾ ਕੀਤਾ ਕਿ ਤਕਰੀਬਨ   5 ਲੱਖ ਲੋਕਾਂ ਦੇ ਨਾਮ ਕੱਟੇ ਜਾ ਚੁੱਕੇ ਹਨ। ਇਸ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਮਾਮਲੇ ਦਾ ਢੁਕਵਾਂ ਹੱਲ ਕੱਢ ਲਿਆ ਜਾਵੇਗਾ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕਈ ਆਂਗਨਵਾੜੀ ਕੇਂਦਰਾਂ ਦੀ ਚੈਕਿੰਗ ਦੌਰਾਨ ਫਰਜ਼ੀ ਰਿਕਾਰਡ ਅਤੇ ਹੋਰ ਕਈ ਬੇਨਿਯਮੀਆਂ ਸਾਹਮਣੇ ਆਈਆਂ ਹਨ। ਸ੍ਰੀ ਬਾਦਲ ਨੇ ਇਹ ਮੁੱਦਾ ਮੰਤਰੀ ਕੋਲ ਉਠਾਉਣ ਦਾ ਕਹਿ ਕੇ ਮਾਮਲਾ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਡਾ. ਸਿੱਧੂ ਨੇ ਕਿਹਾ ਕਿ ਉਹ ਤਾਂ ਇਸ ਮੁੱਦੇ ਨੂੰ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ। ਸਨਅਤ ਮੰਤਰੀ ਮਦਨ ਮੋਹਨ ਮਿੱਤਲ ਨੇ ਅਸਿੱਧੇ ਤੌਰ ’ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਨਵੇਂ ਉਦਯੋਗਾਂ ਲਈ ਭੱਜ -ਨੱਠ ਠੀਕ ਹੈ ਪਰ ਪੁਰਾਣੇ ੳੁਦਯੋਗ, ਜੋ ਬੰਦ ਹੋਰ ਰਹੇ ਹਨ, ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਇਹ ਮੀਟਿੰਗ ਵਿਧਾਨ ਸਭਾ ਵਿੱਚ ਰਣਨੀਤੀ ਉਲੀਕਣ ਲਈ ਬਣਾਈ ਗਈ ਸੀ। ਵਿਧਾਇਕਾਂ ਨੂੰ ਮਤਿਆਂ ਅਤੇ ਮੁੱਦਿਆਂ ’ਤੇ ਬੋਲਣ ਲਈ ਵੀ ਕਿਹਾ ਗਿਅਾ।

Facebook Comment
Project by : XtremeStudioz