Close
Menu

ਅਕਾਲੀ-ਭਾਜਪਾ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਹੀ ਨਸ਼ਾ ਤਸਕਰੀ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ- ਮਨਪ੍ਰੀਤ

-- 01 September,2015

ਚੰਡੀਗੜ੍ਹ: ਪੰਜਾਬ ਦੇ ਸਤਾਧਾਰੀ ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਨਸ਼ਿਆਂ ਦੀ ਸਮਗਲਿੰਗ ਦੇ ਹਰ ਰੋਜ਼ ਸਾਹਮਣੇ ਆ ਰਹੇ ਕੇਸਾਂ ਨੂੰ ਅਤਿ ਗੰਭੀਰ ਮਾਮਲਾ ਕਰਾਰ ਦਿੰਦਿਆਂ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਸੂਬੇ ਨੂੰ ਨਸ਼ਿਆਂ ਦਾ ਘਰ ਬਣਾ ਦੇਣ ਦੇ ਪੂਰੇ ਤਾਣੇ ਬਾਣੇ ਦੀ ਸੀ.ਬੀ.ਆਈ. ਤੋਂ ਕਰਵਾਈ ਜਾਵੇ।

ਮਨਪ੍ਰੀਤ ਬਾਦਲ ਨੇ ਅੱਜ ਇਥੇ ਜਾਰੀ ਕੀਤੇ ਗਏ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਰਾਜਸਥਾਨ ਪੁਲੀਸ ਨੇ ਕੱਲ ਫਿਰੋਜ਼ਪੁਰ ਦੇ ਭਾਜਪਾ ਆਗੂ ਜਰਨੈਲ ਸਿੰਘ ਉਰਫ ਨਿੰਮਾ ਜੱਜ ਨੂੰ ਅਫੀਮ ਸਮੇਤ ਗ੍ਰਿਫਤਾਰ ਕਰਕੇ ਸਤਾਂਧਾਰੀ ਗਠਜੋੜ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਨਸ਼ਾ ਤਸਕਰੀ ਦਾ ਇੱਕ ਹੋਰ ਕੇਸ ਨੰਗਾ ਕੀਤਾ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਦੇ ਪੀ.ਏ. ਅਤੇ ਕੁਝ ਹੋਰ ਨੇੜਲੇ ਸਾਥੀਆਂ ਦੀ ਨਸ਼ਾ ਤਸਕਰੀ, ਂਿਭ੍ਰਸ਼ਟਾਚਾਰ ਅਤੇ ਨਜ਼ਾਇਜ ਹਥਿਆਰਾਂ ਦੇ ਕੇਸਾਂ ਵਿਚ ਸਰਗਰਮ ਸ਼ਮੂਲੀਅਤ ਸਾਹਮਣੇ ਆ ਚੁੱਕੀ ਹੈ। ਉਹਨਾਂ ਕਿਹਾ ਕਿ ਬਦਨਾਮ ਨਸ਼ਾ ਤਸਕਰ ਜਗਦੀਸ਼ ਭੋਲੇ ਵਲੋਂ ਨਸ਼ਿਆਂ ਦੀ ਹੋ ਰਹੀ ਸਮਗਲਿੰਗ ਵਿਚ ਸੂਬੇ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈਣ ਤੋਂ ਬਾਅਦ ਅਕਾਲੀ-ਭਾਜਪਾ ਆਗੂਆਂ ਦੀ ਲਗਾਤਾਰ ਸਾਹਮਣੇ ਆ ਰਹੀ ਸ਼ਮੂਲੀਅਤ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ।

ਪੀਪੀਪੀ ਮੁੱਖੀ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬੜੇ ਭਿਆਨਕ ਬਣ ਗਏ ਹਨ ਅਤੇ ਨਸ਼ਾ ਤਸਕਰੀ ਦੇ ਸਾਹਮਣੇ ਆ ਰਹੇ ਇੱਕਾ ਦੁੱਕਾ ਕੇਸ ਤਾਂ ਸਿਰਫ ਇੱਕ ਮਹੀਨ ਤੰਦ ਹੀ ਹੈ, ਨਸ਼ਾ ਤਸਕਰੀ ਦਾ ਪੂਰਾ ਤਾਣਾ ਬਾਣਾ ਸਾਹਮਣੇ ਲਿਆਉਣ ਲਈ ਉੱਚ ਪੱਧਰੀ ਜਾਂਚ ਦੀ ਜ਼ਰੂਰਤ ਹੈ।

ਨਸ਼ਿਆਂ ਦੀ ਵੱਧ ਰਹੀ ਵਰਤੋਂ ਤੇ ਤਸਕਰੀ ਦੇ ਮਾਮਲੇ ਨੂੰ ਵਿਰੋਧੀ ਧਿਰ ਦਾ ਝੂਠਾ ਪ੍ਰਾਪੇਗੰਡਾ ਕਹਿ ਕੇ ਨਕਾਰਦੇ ਆ ਰਹੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕਰਦਿਆਂ, ਮਨਪ੍ਰੀਤ ਬਾਦਲ ਨੇ ਕਿਹਾ ਕਿ ਕੀ ਰਾਜਸਥਾਨ ਦੀ ਪੁਲੀਸ ਵਲੋਂ ਫਿਰੋਜ਼ਪੁਰ ਦੇ ਭਾਜਪਾ ਆਗੂਆਂ ਨੂੰ ਅਫੀਮ ਦੀ ਸਮਗਲਿੰਗ ਵਿਚ ਗ੍ਰਿਫਤਾਰ ਕਰਨਾ ਵੀ ਵਿਰੋਧੀ ਧਿਰ ਦਾ ਕੂੜ ਪ੍ਰਚਾਰ ਹੈ ਜਾਂ ਭਾਜਪਾ ਦੀ ਸਰਕਾਰ ਦੀ ਕੋਈ ਚਾਲ ਹੈ?

ਮਨਪ੍ਰੀਤ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਵਾਇਆ ਕਿ ਸੂਬੇ ਵਿਚ ਨਸ਼ਿਆਂ ਦੀ ਸਮਗਲਿੰਗ ਦਾ ਮਾਮਲਾ ਵਿਰੋਧੀ ਧਿਰ ਨੇ ਨਹੀਂ ਸਗੋਂ ਸੂਬੇ ਦੀ ਸਰਕਾਰ ਵਿਚ ਭਾਈਵਾਲ ਭਾਜਪਾ ਦੇ ਆਗੂਆਂ ਨੇ ਚੁੱਕਿਆ ਸੀ ਅਤੇ ਇਥੋਂ ਤੱਕ ਕਿ ਸ੍ਰੀ ਅਨੰਦਪੁਰ ਸਾਹਿਬ ੩੫੦ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿਚ ਮੁਲਕ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਬੇ ਵਿਚ ਨਸ਼ਿਆਂ ਦੇ ਮਾਮਲੇ ਨੂੰ ਅਤਿ ਗੰਭੀਰ ਕਰਾਰ ਦਿੱਤਾ ਸੀ, ਜਿਸ ਨੂੰ ਅਕਾਲੀ ਲੀਡਰਸ਼ਿਪ ਨੇ ਚੁੱਪ ਚਾਪ ਸੁਣ ਲਿਆ ਸੀ। ਉਹਨਾਂ ਕਿਹਾ ਕਿ ਹੁਣ ਇਹ ਪੂਰੀ ਤਰਾਂ ਸਪਸ਼ਟ ਹੋ ਗਿਆ ਹੈ ਕਿ ਅਕਾਲੀ-ਭਾਜਪਾ ਆਗੂਆਂ ਦੀ ਨਸ਼ਿਆਂ ਦੀ ਸਮਗਲਿੰਗ ਸਮੇਤ ਹਰ ਸਮਾਜ ਵਿਰੋਧੀ ਸਰਗਰਮੀ ਵਿਚ ਸਿੱਧੀ ਸ਼ਮੂਲੀਅਤ ਹੈ।

ਸੂਬੇ ਵਿਚ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਅਮਨ-ਕਾਨੂੰਨ ਦੀ ਸਥਿਤੀ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਮਨਪ੍ਰੀਤ ਬਾਦਲ ਨੇ ਕਿਹਾ ਕਿ ਤਕਰੀਬਨ ਹਰ ਰੋਜ਼ ਹੀ ਗੰਭੀਰ ਜੁਰਮਾਂ ਦੇ ਇੱਕ ਦੋ ਕੇਸ ਅਜਿਹੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਅਕਾਲੀ-ਭਾਜਪਾ ਕੌਂਸਲਰ ਤੇ ਇਸ ਪੱਧਰ ਦੇ ਹੋਰ ਆਗੂ ਸ਼ਾਮਲ ਹੁੰਦੇ ਹਨ। ਉਹਨਾਂ ਕਿਹਾ ਕਿ ਅਜਿਹਾ ਹੀ ਇੱਕ ਕੇਸ ਕੱਲ ਰਾਮਪੁਰਾ ਫੂਲ ਵਿਚ ਸਾਹਮਣੇ ਆਇਆ ਹੈ ਜਿਸ ਵਿਚ ਇੱਕ ਅਕਾਲੀ ਕੌਂਸਲਰ ਦੇ ਪਰਿਵਾਰਕ ਮੈਂਬਰ ਨੇ ਓਰਬਿਟ ਬੱਸ ਵਿਚ ਸਫਰ ਕਰ ਰਹੀ ਇੱਕ ਕੁੜੀ ਨਾਲ ਜਿਸਮਾਨੀ ਛੇੜਛਾੜ ਕੀਤੀ ਸੀ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਵਾਲੇ ਮੁਜਰਮਾਂ ਤੇ ਸਮੱਗਲਰਾਂ ਨੇ ਸੂਬੇ ਦਾ ਸਮੁੱਚਾ ਮਾਹੌਲ ਵਿਗਾੜਿਆ ਹੋਇਆ ਹੈ ਅਤੇ ਇਹੀ ਸੂਬਾ ਸਰਕਾਰ ਦੀ ਪਿਛਲੇ ਅੱਠਾਂ ਸਾਲਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

Facebook Comment
Project by : XtremeStudioz