Close
Menu

ਅਕਾਲ ਤਖ਼ਤ ਦੇ ਫ਼ੈਸਲੇ ’ਤੇ ਨਹੀਂ ਕੀਤਾ ਜਾ ਸਕਦਾ ਕਿੰਤੂ ਪ੍ਰੰਤੂ: ਭੱਠਲ

-- 28 September,2015

ਲਹਿਰਾਗਾਗਾ, 28 ਸਤੰਬਰ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਅਕਾਲ ਤਖ਼ਤ ਵੱਲੋਂ ਡੇਰਾ ਸਿਰਸਾ ਦੇ ਮੁਖੀ ਬਾਰੇ ਕੀਤੇ ਗਏ ਫੈਸਲੇ ’ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿੱਖਾਂ ਲਈ ਅਕਾਲ ਤਖ਼ਤ ਸਰਵਉੱਚ ਸੰਸਥਾ ਹੈ। ਨਾਲ ਹੀ ਉਨ੍ਹਾਂ ਅਕਾਲੀ ਦਲ ’ਤੇ ਸਿੱਖ ਧਰਮ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਥ ਨੂੰ ਕਦੇ ਖ਼ਤਰਾ ਖੜ੍ਹਾ ਨਹੀਂ ਹੁੰਦਾ ਪਰ ਜਦੋਂ ਅਕਾਲੀ ਦਲ ਦੀ ਕੁਰਸੀ ਨੂੰ ਖਤਰਾ ਖੜ੍ਹਾ ਹੁੰਦਾ ਹੈ ਤਾਂ ਉਹ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਪੰਥ ਨੂੰ ਖ਼ਤਰੇ ਦੀ ਦੁਹਾਈ ਦੇਣ ਲੱਗ ਜਾਂਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਨਹਿਰੂ-ਇੰਦਰਾ ਪਰਿਵਾਰ ਦੇ ਨਾਂ ਮਿਟਾਉਣ ਦੀਆਂ ਸਾਜ਼ਿਸ਼ਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਦਰਾਂ ਮਹੀਨੇ ਦੀ ਸਰਕਾਰ ਨੂੰ ਪੰਦਰਾਂ-ਪੰਦਰਾਂ ਸਾਲ ਪ੍ਰਧਾਨ ਮੰਤਰੀ ਰਹੀਆਂ ਸ਼ਖ਼ਸੀਅਤਾਂ ਦੀ ਯਾਦ ਮਿਟਾਉਣ ਦਾ ਕੋਈ ਅਧਿਕਾਰ ਨਹੀਂ। ਇਸੇ ਬੁਖਲਾਹਟ ਨਾਲ ਮਹਾਤਮਾ ਗਾਂਧੀ ਦੀ ਯਾਦ ਵੀ ਮਿਟਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਦੇਸ਼ ਦੇ ਲੋਕ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ।
ਬੀਬੀ ਭੱਠਲ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਵੱਖਰੀ ਪਾਰਟੀ ਨਹੀਂ ਬਣਾਉਣਗੇ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਛੇਤੀ ਐਲਾਨਿਆ ਜਾਵੇਗਾ। ਸੋਸ਼ਲ ਮੀਡੀਆ ਵਿੱਚ ਸੁਖਬੀਰ ਬਾਦਲ ਵੱਲੋਂ ਬੀਬੀ ਭੱਠਲ ਦੇ ਗੋਡੀ ਹੱਥ ਲਾੲੇ ਜਾਣ ਦੀ ਚਰਚਿਤ ਤਸਵੀਰ ਬਾਰੇ ੳੁਨ੍ਹਾਂ ਕਿਹਾ ਕਿ ਇਹ ਮਹਿਜ਼ ਸ਼ਿਸ਼ਟਾਚਾਰ ਵਜੋਂ ਹੈ ਅਤੇ ਉਹ ਪਿਛਲੇ ਚਾਲੀ ਸਾਲਾਂ ਤੋਂ ਅਕਾਲੀ ਦਲ ਦੀਆਂ ਨੀਤੀਆਂ ਦੇ ਪੱਕੇ ਵਿਰੋਧੀ ਹਨ।
ਹਲਕੇ ਵਿੱਚ ਅਕਾਲੀ ਦਲ ਵੱਲੋਂ ਵਿੱਤ ਮੰਤਰੀ  ਪਰਮਿੰਦਰ ਸਿੰਘ ਢੀਂਡਸਾ ਵੱਲੋਂ ਚੋਣ ਲਡ਼ਨ ਦੀ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਉਹ ਕਦੇ ਵੀ  ਆਪਣਾ ਹਲਕਾ ਨਹੀਂ ਬਦਲਣਗੇ ਅਤੇ ਅਖੀਰ ਤੱਕ ਆਪਣੇ ਘਰ ਲਹਿਰਾਗਾਗਾ ਨਾਲ ਹੀ ਜੁੜੇ  ਰਹਿਣਗੇ।

‘ਹੁਣ ਜੀਰੀ ਵੀ ਸਡ਼ਕਾਂ ’ਤੇ ਰੁਲੇਗੀ’

ਬੀਬੀ ਭੱਠਲ ਨੇ ਪਹਿਲਾਂ ਹਲਕੇ ਦੇ ਪਿੰਡਾਂ ਵਿੱਚ ਚਲਾਈ  ਗੲੀ ਮੁਹਿੰਮ ਤਹਿਤ ਪਿੰਡ ਸੇਖੂਵਾਸ, ਘੋੜੇਨੱਬ, ਭਾਈ ਕੀ ਪਸ਼ੌਰ, ਜਵਾਹਰਵਾਲਾ ਆਦਿ ਵਿੱਚ  ਇਕੱਠਾਂ ਨੂੰ ਸੰਬੋਧਨ ਕੀਤਾ। ੳੁਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸੂਬਾ ਪੱਛੜ ਕੇ 16ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਇਸ ਲੲੀ ਸੁਖਬੀਰ ਬਾਦਲ ਸਪੱਸ਼ਟ ਕਰੇ ਕਿ ਉਸਨੇ ਵਿਦੇਸ਼ੀ ਦੌਰੇ ਨਾਲ ਪੰਜਾਬ ਵਿੱਚ ਕਿੰਨਾ ਪੈਸਾ ਨਿਵੇਸ਼ ਕਰਵਾਇਆ ਹੈ। ਬੀਬੀ ਭੱਠਲ ਨੇ ਖਦਸ਼ਾ ਪ੍ਰਗਟ ਕੀਤਾ ਕਿ ਨਰਮਾ ਤਾਂ ਸਰਕਾਰ ਦੀਆਂ ਗਲਤ ਨੀਤੀਆਂ ਦੀ ਭੇਟ ਚੜ੍ਹ ਗਿਆ ਅਤੇ ਹੁਣ ਜੀਰੀ ਵੀ ਸੜਕਾਂ ’ਤੇ ਰੁਲੇਗੀ। ਉਨ੍ਹਾਂ ਪੰਜਾਬ ਦੇ ਅਕਾਲੀ-ਭਾਜਪਾ  ਮੰਤਰੀਆਂ ’ਤੇ ਸਿੰਥੈਟਿਕ ਨਸ਼ਿਆਂ ਦੇ ਵਪਾਰ ਰਾਹੀਂ ਕਰੋੜਾਂ ਰੁਪਏ ਕਮਾਉਣ ਦਾ ਦੋਸ਼ ਲਾਇਆ। ਬੀਬੀ ਭੱਠਲ ਨੇ ਪਿੰਡ ਜਵਾਹਰਵਾਲਾ ਵਿੱਚ ਆਮ ਆਦਮੀ ਪਾਰਟੀ ਛੱਡਕੇ ਕਾਂਗਰਸ ’ਚ ਸ਼ਾਮਲ ਹੋਏ 25 ਨੌਜਵਾਨਾਂ ਨੂੰ ਸਿਰੋਪੇ ਦੇਕੇ ਸਨਮਾਨਤ ਕੀਤਾ। ਇਕੱਠਾਂ ਮੌਕੇ ਕਾਂਗਰਸੀ ਆਗੂ ਸੋਮਨਾਥ ਸਿੰਗਲਾ, ਰਵਿੰਦਰ ਰਿੰਕੂ, ਗੁਰਤੇਜ ਸਿੰਘ ਤੇਜੀ, ਸਨਮੀਕ ਸਿੰਘ ਹੈਨਰੀ, ਕੌਂਸਲਰ ਕ੍ਰਿਪਾਲ ਸਿੰਘ ਨਾਥਾ, ਸਰਪੰਚ ਕੁਲਵੰਤ ਸਿੰਘ ਕਾਂਤੀ ਜਵਾਹਰਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Facebook Comment
Project by : XtremeStudioz