Close
Menu

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ’ਤੇ ਜ਼ੋਰ

-- 27 December,2014

ਅੰਮ੍ਰਿਤਸਰ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਇੱਕ ਪੱਤਰ ਭੇਜ ਕੇ ਆਖਿਆ ਹੈ ਕਿ ਉਹ ਸਰਕਾਰਾਂ ਨਾਲ ਰਾਬਤਾ ਕਰ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਤੇਜ਼ ਕਰਨ ਤੇ ਵਕੀਲਾਂ ਦਾ ਇੱਕ ਪੈਨਲ ਬਣਾ ਕੇ ਸੰਵਿਧਾਨ ਦੀ ਧਾਰਾ 25 ਬੀ ਵਿੱਚ ਸੋਧ ਕਰਵਾਉਣ ਲਈ ਯਤਨ ਕਰਨ।
ਇਸ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਦੇਸ਼ ਦਿੰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਵਿੱਚ ਹੋ ਰਹੀ ਦੇਰੀ ਕਾਰਨ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਸਿਹਤ ਖਰਾਬ ਹੁੰਦੀ ਜਾ ਰਹੀ ਹੈ ਜਿਸਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਤੁਰੰਤ ਯਤਨਾਂ ਨੂੰ ਤੇਜ਼ ਕੀਤਾ ਜਾਵੇ। ਇਸ ਸਬੰਧੀ ਉਹ ਆਪਣਾ ਅਸਰ-ਰਸੂਖ਼ ਵਰਤਦਿਆਂ ਦੋਵਾਂ ਸਰਕਾਰਾਂ ਨਾਲ ਰਾਬਤਾ ਕਰਨ ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਦਬਾਅ ਬਣਾਉਣ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਸਪਸ਼ਟ ਕੀਤਾ ਸੀ ਕਿ ਬੰਦੀ ਸਿੱਖਾਂ ਦੀ ਰਿਹਾਈ ਸਬੰਧੀ ਲੋੜੀਂਦੀ ਸੂਚੀ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਪਰ ਹੁਣ ਤਕ ਕਿਸੇ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਮਾਮਲੇ ਵਿੱਚ ਹੋ ਰਹੀ ਢਿੱਲ ਅਤੇ ਦੇਰ ਦੇ ਸਿੱਟੇ ਮਾੜੇ ਹੋ ਸਕਦੇ ਹਨ ਕਿਉਂਕਿ ਖ਼ਾਲਸਾ ਦੀ ਸਿਹਤ ਨਿਰੰਤਰ ਵਿਗੜ ਰਹੀ ਹੈ। ਉਨ੍ਹਾਂ ਸਰਕਾਰਾਂ ਨੂੰ ਇਹ ਵੀ ਆਖਿਆ ਸੀ ਕਿ ਜੇਕਰ ਉਹ ਇਸ ਮਾਮਲੇ ਵਿੱਚ ਕੁਝ ਕਰ ਸਕਦੇ ਹਨ ਤਾਂ ਫਿਰ ਤੁਰੰਤ ਕਰਨ। ਇਸੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 2 ਜਨਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵੀ ਸੱਦੀ ਗਈ ਹੈ।
ਸੰਵਿਧਾਨ ਦੀ ਧਾਰਾ 25 ਬੀ ਵਿੱਚ ਸੋਧ ਕਰਵਾਉਣ ਦੇ ਮਾਮਲੇ ਬਾਰੇ ਉਨ੍ਹਾਂ ਹਦਾਇਤ ਕੀਤੀ ਕਿ ਇਸ ਸਬੰਧੀ ਸੀਨੀਅਰ ਵਕੀਲਾਂ ਦਾ ਪੈਨਲ ਬਣਾ ਕੇ ਜਾਂ ਸਲਾਹ ਕਰ ਕੇ ਇਸ ਧਾਰਾ ਨੂੰ ਰੱਦ ਕਰਵਾਉਣ ਲਈ ਯਤਨ ਕੀਤਾ ਜਾਵੇ। ਇਸ ਸਬੰਧੀ ਸਿੱਖ ਭਾਈਚਾਰੇ ਵੱਲੋਂ ਇੱਕਜੁਟਤਾ ਨਾਲ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ ਜਿਸ ਉਪਰ ਇੱਕ ਲੱਖ ਤੋਂ ਵੱਧ ਵਿਅਕਤੀਆਂ ਦੇ ਦਸਤਖ਼ਤ ਹੋ ਚੁੱਕੇ ਹਨ। ਇਹ ਪਟੀਸ਼ਨ ਹੁਣ ਅਮਰੀਕਾ ਸਥਿਤ ਵਾਈਟ ਹਾਊਸ ਨੂੰ ਸੌਂਪੀ ਜਾਵੇਗੀ ਜਿਸ ਰਾਹੀਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੇ ਭਾਰਤ ਦੌਰੇ ਸਮੇਂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੂੰ ਸਿੱਖਾਂ ਨੂੰ ਵੱਖਰੀ ਕੌਮ ਤੇ ਧਰਮ ਦਾ ਦਰਜਾ ਦੇਣ ਲਈ ਆਖਣ।
ਇਸ ਦੌਰਾਨ ਭਾਈ ਗੁਰਬਖਸ਼ ਸਿੰਘ, ਜੋ 14 ਨਵੰਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ, ਦੇ ਨੇੜਲੇ ਸੂਤਰਾਂ ਮੁਤਾਬਕ ਉਹ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਉਨ੍ਹਾਂ ਦਾ ਲਗਪਗ 18 ਕਿਲੋ ਭਾਰ ਘਟ ਗਿਆ ਹੈ ਅਤੇ ਰਾਤ ਸਮੇਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ। ਸੂਤਰਾਂ ਮੁਤਾਬਕ ਹੁਣ ਤਕ ਕਿਸੇ ਵੀ ਸਰਕਾਰ ਜਾਂ ਸਿਆਸੀ ਆਗੂ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਉਨ੍ਹਾਂ ਨਾਲ ਸਿੱਧਾ ਸੰਪਰਕ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਇਸ ਸਬੰਧੀ ਉਨ੍ਹਾਂ ਕੋਲ ਕੋਈ ਜਾਣਕਾਰੀ ਪੁੱਜੀ ਹੈ। ਸੂਤਰਾਂ ਨੇ ਦੱਸਿਆ ਕਿ ਉਹ ਬੰਦੀ ਸਿੱਖਾਂ ਦੀ ਰਿਹਾਈ ਤਕ ਭੁੱਖ ਹੜਤਾਲ ਜਾਰੀ ਰੱਖਣ ਲਈ ਦ੍ਰਿੜ੍ਹ ਹਨ।

Facebook Comment
Project by : XtremeStudioz