Close
Menu

ਅਗਲੇ ਦਸ ਦਿਨਾਂ ਵਿਚ ਐਲਾਨੀ ਜਾਵੇਗੀ ਹਰਿਆਣਾ ਦੀ ਨਵੀਂ ਸਨਅਤੀ ਨੀਤੀ: ਖੱਟਰ

-- 29 July,2015

ਚੰਡੀਗੜ੍ਹ, 29 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਛੇਤੀ ਹੀ ਉਦਯੋਗ ਨੀਤੀ ਦਾ ਐਲਾਨ ਕਰ ਦਿੱਤਾ ਜਾਵੇਗਾ।  ਉਦਯੋਗ ਨੀਤੀ ਨੂੰ  ਅਮਲੀ  ਰੂਪ ਦੇਣ  ਲਈ ਮੁੱਖ ਮੰਤਰੀ ਨੇ ਉਦਯੋਗ ਮੰਤਰੀ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਕਿਹਾ ਕਿ ਰਾਜ ਦੀ ਉਦਯੋਗ ਨੀਤੀ ਦਾ ਖਰੜਾ ਆਖਰੀ ਪੜਾਅ ’ਤੇ ਹੈ ਅਤੇ ਇਸ ਨੀਤੀ ਦਾ ਲਗਭਗ ਦਸ ਦਿਨਾਂ ਵਿਚ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨੀਤੀ  ਨਿਵੇਸ਼ਕਾਂ ਅਤੇ ਉਦਯੋਗਪਤੀਆਂ ਦੀ ਪਹਿਲੀ ਪਸੰਦ ਬਣੇਗੀ । ਉਨ੍ਹਾਂ ਕਿਹਾ ਕਿ ਇਸ ਨੀਤੀ ਵਿਚ ਕੇਂਦਰ ਦੇ ਮੇਕ ਇੰਨ ਇੰਡੀਆ ਅਤੇ ਡਿਜੀਟਲ ਇੰਡੀਆ ਪ੍ਰੋਗਰਾਮ ਨੂੰ ਵੀ ਸ਼ਾਮਲ ਕਰਨ ’ਤੇ ਚਰਚਾ  ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਐਨਆਰਆਈ, ਪੀਆਈਓ ਅਤੇ ਵਿਦੇਸ਼ ਨਿਵੇਸ਼ਕਾਂ ਨੂੰ ਖਿੱਚਣ ਲਈ ਇਕ ਪ੍ਰਣਾਲੀ ਸ਼ੁਰੂ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪੁਰਾਣੀਆਂ ਉਦਯੋਗਿਕ ਇਕਾਈਆਂ ਨੂੰ ਜਿਊਂਦਾ ਕਰਨ ਲਈ ਯਤਨਸ਼ੀਲ ਹੈ ਅਤੇ ਸੂਬੇ ਵਿਚ 40 ਬਲਾਕ ਅਜਿਹੇ ਹਨ ਜਿੱਥੇ ਉਦਯੋਗ ਨਾ ਦੇ ਬਰਾਬਰ ਹਨ, ਉੱਥੋਂ ਵੀ ਉਦਯੋਗ ਸਥਾਪਤ ਹੋਵੇ, ਇਸ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਤਨ ਉਦਯੋਗ, ਅੌਜ਼ਾਰ ਉਦਯੋਗ, ਕੱਪੜਾ ਉਦਯੋਗ ਅਤੇ ਵੱਖ-ਵੱਖ ਮਿੱਲਾਂ ਨੂੰ ਉਤਸ਼ਾਹਤ ਕਰਨ ਦੇ ਨਾਲ ਪੁਰਾਣੇ ਉਦਯੋਗਾਂ ਨੂੰ ਵੀ ਜਿਊਂਦਾ ਕੀਤਾ ਜਾਵੇਗਾ ਤਾਂ ਜੋ ਇਸ ਦਾ ਸਿੱਧਾ ਲਾਭ ਨਿਰਮਾਣ ਕਰਤਾ ਨੂੰ ਮਿਲ ਸਕੇ ਅਤੇ ਰੁਜ਼ਗਾਰ ਦੇ ਲਾਭ ਲੋਕਾਂ ਨੂੰ ਮਿਲਣ।

Facebook Comment
Project by : XtremeStudioz