Close
Menu

ਅਗਾਂਹਵਧੂ ਨੀਤੀਆਂ ਕਾਰਨ ਮਿਲੀ ਜਿੱਤ: ਬਾਦਲ

-- 27 February,2015

ਲੁਧਿਆਣਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ  ਇੱਥੇ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਨੂੰ ਸ਼ਾਨਦਾਰ ਜਿੱਤ ਗੱਠਜੋੜ ਸਰਕਾਰ ਦੀਆਂ ਅਗਾਂਹਵਧੂ ਤੇ ਨਤੀਜਾਮੁਖੀ ਨੀਤੀਆਂ ਕਾਰਨ ਮਿਲੀ ਹੈ। ੳੁਹ ਇੱਥੇ ਅਜਮੇਰ ਸਿੰਘ ਲੱਖੋਵਾਲ ਦੀ ਪੋਤੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਨੇ ਕੇਂਦਰੀ ਰੇਲਵੇ ਬਜਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਲੋਕ ਪੱਖੀ ਤੇ ਵਿਕਾਸ ਮੁਖੀ ਕਰਾਰ ਦਿੱਤਾ।
ਸ਼੍ਰੀ ਬਾਦਲ ਨੇ ਕਿਹਾ ਕਿ ਇਨ੍ਹਾਂ ਸ਼ਾਨਦਾਰ ਨਤੀਜਿਆਂ ਨੇ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਨ ਲਈ ੳੁਨ੍ਹਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੂੰ ਮਹਿਜ਼ ਨਿਗਮ ਚੋਣਾਂ ਵਿੱਚ ਜਿੱਤ ਵਜੋਂ ਨਹੀਂ ਲਿਆ ਜਾਣਾ ਚਾਹੀਦਾ, ਇਨ੍ਹਾਂ ਚੋਣ ਨਤੀਜਿਆਂ ਨਾਲ ਕਾਂਗਰਸ ਨੂੰ ਮੂੰਹ ਤੋੜਵਾਂ ਜੁਆਬ ਵੀ ਮਿਲਿਆ ਹੈ।  ਮੁੱਖ ਮੰਤਰੀ ਨੇ ਰੇਲਵੇ ਬਜਟ ਪੇਸ਼ ਕਰਨ ਲੲੀ ਕੇਂਦਰੀ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਇਸ ਬਜਟ ਵਿੱਚ ਯਾਤਰੀਆਂ ਲਈ ਸਹਲੂਤਾਂ ’ਚ ਸੁਧਾਰ ਕਰਨ, ਯਾਤਰੀ ਸੇਵਾਵਾਂ ਵਿੱਚ ਵਾਧਾ ਕਰਨ ਅਤੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਅਤੇ ਰੇਲਵੇ ਦੀ ਵਿੱਤੀ ਸਥਿਰਤਾ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਰੇਲਵੇ ਸਟੇਸ਼ਨਾਂ ’ਤੇ ਫ਼ਲ-ਸਬਜ਼ੀਆਂ ਸਾਂਭਣ ਲਈ ਕਾਰਗੋ ਸੈਂਟਰ ਸਥਾਪਤ ਕਰਨਾ ਇਕ ਹੋਰ ਕ੍ਰਾਂਤੀਕਾਰੀ ਕਦਮ ਹੈ, ਜਿਸ ਦਾ ਉਦੇਸ਼ ਕਿਸਾਨਾਂ ਨੂੰ ਸਹੂਲਤ ਮੁਹੱਈਆ ਕਰਵਾਉਣਾ ਹੈ।  ਉਨ੍ਹਾਂ ਕਿਹਾ ਕਿ 28 ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ’ਤੇ ਵੀ ਸੂਬੇ ਨੂੰ ਬਹੁਤ ਆਸਾਂ ਹਨ।
ਮੁੱਖ ਮੰਤਰੀ ਬਾਦਲ ਨੇ ਇਸ ਤੋਂ ਪਹਿਲਾਂ ਦਿਆਨੰਦ ਹਸਪਤਾਲ ਵਿੱਚ ਸੀਨੀਅਰ ਅਕਾਲੀ ਆਗੂ  ਅਮਰਜੀਤ ਸਿੰਘ ਭਾਟੀਆ ਦਾ ਹਾਲ-ਚਾਲ ਪੁੱਛਿਅਾ। ਉਨ੍ਹਾਂ ਨੇ ਸ਼੍ਰੀ ਭਾਟੀਆ ਦੇ ਇਲਾਜ ਦਾ ਖ਼ਰਚ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਦੇ ਨਾਲ ਅੱਜ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਖੇਤੀਬਾੜੀ ਮੰਤਰੀ  ਤੋਤਾ ਸਿੰਘ, ਸਿੰਜਾਈ ਮੰਤਰੀ  ਸ਼ਰਨਜੀਤ ਸਿੰਘ ਢਿੱਲੋਂ, ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ,  ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਐਸ.ਆਰ. ਕਲੇਰ ਹਾਜ਼ਰ ਸਨ।

Facebook Comment
Project by : XtremeStudioz