Close
Menu

ਅਜਮਲ ਕਸਾਬ ਦੇ ਜੇਲ੍ਹ ‘ਚ ਬਿਰਆਨੀ ਮੰਗਣ ਦੀ ਗੱਲ ਮਨ ਘੜਤ ਸੀ – ਉੱਜਵਲ ਨਿਕਮ

-- 21 March,2015

ਜੈਪੁਰ,  ਮੁੰਬਈ 26/11 ਹਮਲਾ ਮਾਮਲੇ ਦੇ ਜਨਤਕ ਵਕੀਲ ਉੱਜਵਲ ਨਿਕਮ ਨੇ ਦਾਅਵਾ ਕੀਤਾ ਹੈ ਕਿ ਹਮਲੇ ਦੇ ਦੋਸ਼ੀ ਅਜਮਲ ਕਸਾਬ ਦੇ ਜੇਲ੍ਹ ‘ਚ ਬਿਰਆਨੀ ਮੰਗਣ ਦੀ ਗੱਲ ਝੂਠ ਹੈ ਅਤੇ ਇਸ ਨੂੰ ਅੱਤਵਾਦੀ ਦੇ ਪੱਖ ‘ਚ ਬਣਾਈ ਜਾ ਰਹੀ ਇਕ ਭਾਵਨਾਤਮਕ ਲਹਿਰ ਨੂੰ ਰੋਕਣ ਲਈ ਕੀਤਾ ਗਿਆ ਸੀ। ਨਿਕਮ ਨੇ ਇਕ ਅੱਤਵਾਦੀ ਵਿਰੋਧੀ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਕਸਾਬ ਨੇ ਕਦੀ ਵੀ ਬਿਰਆਨੀ ਦੀ ਮੰਗ ਨਹੀਂ ਕੀਤੀ ਸੀ ਅਤੇ ਨਾ ਹੀ ਸਰਕਾਰ ਨੇ ਉਸ ਨੂੰ ਬਿਰਆਨੀ ਪਰੋਸੀ ਸੀ। ਮੁਕੱਦਮੇ ਦੌਰਾਨ ਕਸਾਬ ਦੇ ਪੱਖ ‘ਚ ਬਣ ਰਹੇ ਭਾਵਨਾਤਮਕ ਮਾਹੌਲ ਨੂੰ ਰੋਕਣ ਲਈ ਉਨ੍ਹਾਂ ਨੇ ਇਹ ਤਰਕੀਬ ਬਣਾਈ ਸੀ। ਉਨ੍ਹਾਂ ਨੇ ਕਿਹਾ ਕਿ ਮੀਡੀਆ ਗਹਿਰਾਈ ਨਾਲ ਉਸ ਦੇ ਹਾਵ ਭਾਵ ਦਾ ਮੁਆਇਨਾ ਕਰ ਰਿਹਾ ਸੀ ਅਤੇ ਇਹ ਚੀਜ਼ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ। ਇਕ ਦਿਨ ਅਦਾਲਤ ‘ਚ ਉਸ ਨੇ ਸਿਰ ਝੁਕਾਅ ਲਿਆ ਅਤੇ ਆਪਣੇ ਅੱਥਰੂ ਪੂੰਝਣ ਲਗਾ। ਨਿਕਮ ਨੇ ਕਿਹਾ ਕਿ ਥੋੜੀ ਦੇਰ ਬਾਅਦ ਮੀਡੀਆ ਨੇ ਇਸ ਨਾਲ ਜੁੜੀ ਖਬਰ ਦਿੱਤੀ ਕਿ ਕਸਾਬ ਰੱਖੜੀ ਦੇ ਦਿਨ ਆਪਣੀ ਭੈਣ ਨੂੰ ਯਾਦ ਕਰਦੇ ਹੋਏ ਰੋ ਰਿਹਾ ਸੀ ਅਤੇ ਮੀਡੀਆ ‘ਚ ਕੁਝ ਲੋਕਾਂ ਨੇ ਉਸ ਦੇ ਅੱਤਵਾਦੀ ਹੋਣ ‘ਤੇ ਸਵਾਲ ਖੜੇ ਕਰ ਦਿੱਤੇ ਸਨ। ਨਿਕਮ ਨੇ ਕਿਹਾ ਕਿ ਇਸ ਤਰ੍ਹਾਂ ਦੀ ਭਾਵਨਾਤਮਕ ਲਹਿਰ ਤੇ ਮਾਹੌਲ ਨੂੰ ਰੋਕਣ ਦੀ ਲੋੜ ਸੀ। ਇਸ ਲਈ ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ‘ਚ ਬਿਆਨ ਦਿੱਤਾ ਕਿ ਕਸਾਬ ਨੇ ਜੇਲ੍ਹ ‘ਚ ਮਟਨ ਬਿਰਆਨੀ ਦੀ ਮੰਗ ਕੀਤੀ ਹੈ। ਇਹ ਖ਼ਬਰ ਆਉਣ ਨਾਲ ਮੀਡੀਆ ਇਸ ਨੂੰ ਦਿਖਾਉਣ ਲੱਗਾ ਕਿ ਖ਼ੂੰਖ਼ਾਰ ਅੱਤਵਾਦੀ ਜੇਲ੍ਹ ‘ਚ ਮਟਨ ਬਿਰਆਨੀ ਦੀ ਮੰਗ ਕਰ ਰਿਹਾ ਹੈ। ਨਿਕਮ ਨੇ ਕਿਹਾ ਕਿ ਸਚਾਈ ਇਹ ਹੈ ਕਿ ਕਸਾਬ ਨੇ ਨਾ ਤਾਂ ਬਿਰਆਨੀ ਦੀ ਮੰਗ ਕੀਤੀ ਸੀ ਨਾ ਹੀ ਉਸ ਨੂੰ ਪਰੋਸੀ ਗਈ ਸੀ। ਕਸਾਬ ਬੇਹੱਦ ਸ਼ਾਤਰ ਅੱਤਵਾਦੀ ਸੀ।

Facebook Comment
Project by : XtremeStudioz