Close
Menu

ਅਜ਼ਲਾਨ ਸ਼ਾਹ ਕੱਪ: ਸਰਦਾਰ ਦੀ ਫੌ਼ਜ ਕਰੇਗੀ ਕੋਰੀਆ ’ਤੇ ਚਡ਼੍ਹਾਈ

-- 05 April,2015

ਇਪੋਹ (ਮਲੇਸ਼ੀਆ), ਰੀਓ ਓਲੰਪਿਕ ਵਿੱਚ ਜਗ੍ਹਾ ਪੱਕੀ ਕਰ ਚੁੱਕਾ ਏਸ਼ੀਅਨ ਖੇਡਾਂ ਦਾ ਚੈਂਪੀਅਨ ਭਾਰਤ ਭਲਕੇ ਇਥੇ 24ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿੱਚ ਦੱਖਣੀ ਕੋਰੀਆ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗਾ। ਭਾਰਤੀ ਟੀਮ ਇਸ ਟੂਰਨਾਮੈਂਟ ’ਚ ਓਲੰਪਿਕ ਦੀ ਤਿਆਰੀ ਪੁਖ਼ਤਾ ਕਰਨ ਅਤੇ ਖਿਡਾਰੀਆਂ ਨੂੰ ਪਰਖਣ ਲਈ ਖੇਡੇਗੀ। ਕੌਮੀ ਚੋਣ ਕਮੇਟੀ ਅਤੇ ਟੀਮ ਪ੍ਰਬੰਧਕਾਂ ਨੇ ਹਾਲਾਂਕਿ ਸਰਦਾਰ ਸਿੰਘ ਦੀ ਅਗਵਾਈ ਵਿੱਚ ਮਜ਼ਬੂਤ ਟੀਮ ਚੁਣ ਕੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ ਕਿ ਉਹ ਟੂਰਨਾਮੈਂਟ ’ਚ ਹਿੱਸਾ ਲੈ ਰਹੀਆਂ ਵਿਰੋਧੀ ਟੀਮਾਂ ਨੂੰ ਘੱਟ ਨਹੀਂ ਸਮਝ ਰਹੇ। ਭਾਰਤ ਨੇ 18 ਮੈਂਬਰੀ ਟੀਮ ਚੁਣੀ ਹੈ, ਜਿਸ ਵਿੱਚ ਪਿਛਲੇ ਹਫ਼ਤੇ ਭੁਵਨੇਸ਼ਵਰ ਵਿੱਚ ਚੈਂਪੀਅਨ ਟਰਾਫੀ ਖੇਡਣ ਵਾਲੀ ਟੀਮ ਵਿੱਚ ਸਿਰਫ਼ ਤਿੰਨ ਬਦਲਾਅ ਕੀਤੇ ਗਏ ਹਨ। ਮਿੱਡ-ਫੀਲਡਰ ਦਾਨਿਸ਼ ਮੁਜਤਬਾ, ਸਟ੍ਰਾਈਕਰ ਲਲਿਤ ਉਥੱਪਾ ਅਤੇ ਡਿਫੈਂਡਰ ਗੁਰਜਿੰਦਰ ਸਿੰਘ ਦੀ ਜਗ੍ਹਾ ਮਿੱਡ-ਫੀਲਡਰ ਚਿੰਗਲੇਂਸਾਨਾ ਸਿੰਘ ਅਤੇ ਫਾਰਵਰਡ ਸਤਬੀਰ, ਮਨਦੀਪ ਸਿੰਘ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਮੁੱਖ ਕੋਚ ਪਾਲ ਵਾਨ ਅੈਸ ਦਾ ਭਾਰਤ ਨਾਲ ਇਹ ਪਹਿਲਾ ਕੌਮਾਂਤਰੀ ਟੂਰਨਾਮੈਂਟ ਹੈ ਅਤੇ ਉਨ੍ਹਾਂ ’ਤੇ ਦਬਾਅ ਹੋ ਸਕਦਾ ਹੈ। ਲਗਾਤਾਰ ਤਿੰਨ ਹਫ਼ਤਿਆਂ ਤੋਂ ਭਾਰਤੀ ਟੀਮ ਨੂੰ ਸਿਖਲਾਈ ਦੇ ਰਹੇ ਹਾਲੈਂਡ ਦੇ ਵਾਨ ਅੈਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜ਼ਲਾਨ ਸ਼ਾਹ ਕੱਪ ਉਨ੍ਹਾਂ ਲਈ ਆਪਣੇ ਖਿਡਾਰੀਆਂ ਨੂੰ ਪਰਖਣ ਲਈ ਸਹੀ ਮੰਚ ਹੈ। ਉਨ੍ਹਾਂ ਕਿਹਾ, ‘ਮੈਂ ਟੀਮ ਨਾਲ ਸਮਾਂ ਬਿਤਾਇਆ ਹੈ ਅਤੇ ਹਰ ਦਿਨ ਉਨ੍ਹਾਂ ਬਾਰੇ ਮੇਰੀ ਸਮਝ ਬਿਹਤਰ ਹੋ ਰਹੀ ਹੈ। ਵੱਡੇ ਬਦਲਾਅ ਦਾ ਕੋਈ ਟੀਚਾ ਨਹੀਂ ਹੈ ਬਲਕਿ ਨਵੀਂ ਪ੍ਰਣਾਲੀ ਨਾਲ ਤਾਲਮੇਲ ਕਰਨਾ ਹੈ। ਇਸ ਟੂਰਨਾਮੈਂਟ ਦੌਰਾਨ ਮੈਂ ਹਰੇਕ ਖਿਡਾਰੀ ਵੱਲੋਂ ਮੈਦਾਨ ’ਤੇ ਬਿਤਾਏ 60 ਮਿੰਟਾਂ ’ਤੇ ਗ਼ੌਰ ਕਰਾਂਗਾ। ਜੇਕਰ ਕੋਈ ਖਿਡਾਰੀ ਗੇਂਦ ਨੂੰ ਦੋ ਮਿੰਟ ਆਪਣੇ ਕੋਲ ਰੱਖਦਾ ਹੈ ਤਾਂ ਮੈਂ ਜਾਣਨਾ ਚਾਹਾਂਗਾ ਕਿ ਬਾਕੀ 58 ਮਿੰਟ ਉਹ ਕੀ ਕਰੇਗਾ।’
ਭਾਰਤੀ ਟੀਮ ਦੀ ਹਾਲਾਂਕਿ ਰਾਹ ਆਸਾਨ ਨਹੀਂ ਹੋਵੇਗੀ ਕਿਉਂਕਿ ਇਸ ਵਾਰ ਟੂਰਨਾਮੈਂਟ ਵਿੱਚ ਉਸ ਨੂੰ ਵਿਸ਼ਵ ਚੈਂਪੀਅਨ ਤੇ ਇਸ ਟੂਰਨਾਮੈਂਟ ਦੀ ਪਿਛਲੀ ਚੈਂਪੀਅਨ ਆਸਟਰੇਲੀਆ, ਨਿਊਜ਼ੀਲੈਂਡ ਅਤੇ ਮੇਜ਼ਬਾਨ ਮਲੇਸ਼ੀਆ ਤੋਂ ਇਲਾਵਾ ਕੈਨੇਡਾ ਅਤੇ ਕੋਰੀਆ ਵਰਗੀਆਂ ਟੀਮਾਂ ਦਾ ਸਾਹਮਣਾ ਕਰਨਾ ਪੈਣਾ ਹੈ। ਕੋਰੀਆ ਦੀ ਟੀਮ ਭਲਕੇ ਹੋਣ ਵਾਲੇ ਮੁਕਾਬਲੇ ਵਿੱਚ ਪਿਛਲੇ ਸਾਲ ਇੰਚਿਓਨ ਏਸ਼ਿਆਈ ਖੇਡਾਂ ਦੇ ਸੈਮੀ ਫਾਈਨਲ ਵਿੱਚ ਭਾਰਤ ਹੱਥੋਂ 0-1 ਦੀ ਮਿਲੀ ਹਾਰ ਦੀ ਭਾਜੀ ਮੋਡ਼ਨ ਦੇ ਇਰਾਦੇ ਨਾਲ ਉੱਤਰੇਗੀ। ਹੁਣ ਇਹ ਦੇਖਣਾ ਹੋਵੇਗਾ ਕਿ ਸਰਦਾਰ ਸਿੰਘ ਦੀ ਅਗਵਾਈ ਵਾਲੀ ਟੀਮ ਭਲਕੇ ਕੋਰੀਆ ਖਿਲਾਫ਼ ਕੀ ਰਣਨੀਤੀ ਬਣਾਵੇਗੀ। ਟੀਮ ਦੇ ਹਮਲੇ ਦੀ ਅਗਵਾਈ ਆਕਾਸ਼ਦੀਪ ਸਿੰਘ ਕਰੇਗਾ ਜਦੋਂ ਕਿ ਪੈਨਲਟੀ ਕਾਰਨਰ ’ਤੇ ਟੀਮ ਵੀ.ਆਰ. ਰਘੂਨਾਥ ਅਤੇ ਰੁਪਿੰਦਰ ਪਾਲ ਸਿੰਘ ’ਤੇ ਨਿਰਭਰ ਹੋਵੇਗੀ। ਇਸ ਬਾਅਦ ਭਾਰਤੀ ਟੀਮ 6 ਅਪਰੈਲ ਨੂੰ ਨਿਊਜ਼ੀਲੈਂਡ, ਸੱਤ ਨੂੰ ਮਲੇਸ਼ੀਆ, 9 ਨੂੰ ਕੈਨੇਡਾ ਅਤੇ 11 ਅਪਰੈਲ ਨੂੰ ਆਸਟਰੇਲੀਆ ਨਾਲ ਮੱਥਾ ਲਾਵੇਗੀ। ਭਲਕੇ ਕੈਨੇਡਾ ਤੇ ਆਸਟਰੇਲੀਆ ਜਦੋਂ ਕਿ ਮੇਜ਼ਬਾਨ ਮਲੇਸ਼ੀਆ ਤੇ ਨਿਊਜ਼ੀਲੈਂਡ ਵੀ ਅਾਹਮੋ ਸਾਹਮਣੇ ਹੋਣਗੇ।

Facebook Comment
Project by : XtremeStudioz