Close
Menu

ਅਟਵਾਲ ਵਿਵਾਦ: ਰਣਦੀਪ ਸਿੰਘ ਵੱਲੋਂ ਅਸਤੀਫ਼ਾ

-- 01 March,2018

ਟੋਰਾਂਟੋ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਅਪਰਾਧਿਕ ਪਿਛੋਕੜ ਵਾਲੇ ਜਸਪਾਲ ਅਟਵਾਲ ਨੂੰ ਰਾਤ ਦੇ ਖਾਣੇ ’ਤੇ ਸੱਦਾ ਦੇਣ ਵਾਲੇ ਲਿਬਰਲ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਮੁਆਫ਼ੀ ਮੰਗ ਲਈ ਹੈ। ਉਸ ਨੇ ਸੰਸਦ ਵਿਚਲੀ ਪੈਸੇਫਿਕ ਕਾਕਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਹੈ। ਉਂਜ ਉਹ ਸੰਸਦ ਮੈਂਬਰ ਬਣੇ ਰਹਿਣਗੇ। ਖਾਲਿਸਤਾਨ ਪੱਖੀ ਅਟਵਾਲ 1985 ’ਚ ਸਾਬਕਾ ਸਿਆਸਤਦਾਨ ਉੱਜਲ ਦੋਸਾਂਝ ਅਤੇ 1986 ’ਚ ਵੈਨਕੂਵਰ ਦੌਰੇ ’ਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਸਿੱਧੂ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਨਾਮਜ਼ਦ ਹੋਇਆ ਸੀ ਪਰ ਸਜ਼ਾਵਾਂ ਤੋਂ ਬਚਿਆ ਰਿਹਾ। ਸ੍ਰੀ ਸਰਾਏ ਨੇ ਕਿਹਾ ਕਿ ਉਹ ਆਪਣੀ ਕੋਤਾਹੀ ਸਵੀਕਾਰਦਾ ਹੋਇਆ ਅਹੁਦਾ ਛੱਡ ਰਿਹਾ ਹੈ।

ਅਟਵਾਲ ਦੇ ਸੱਦੇ ਨਾਲ ਕੁਝ ਵੀ ਲੈਣਾ-ਦੇਣਾ ਨਹੀਂ: ਭਾਰਤ
ਨਵੀਂ ਦਿੱਲੀ: ਭਾਰਤ ਨੇ ਅੱਜ ਸਪੱਸ਼ਟ ਸ਼ਬਦਾਂ ’ਚ ਕਿਹਾ ਹੈ ਕਿ ਸਜ਼ਾਯਾਫ਼ਤਾ ਜਸਪਾਲ ਅਟਵਾਲ ਦੇ ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਮੁੰਬਈ ’ਚ ਕਰਵਾਏ ਪ੍ਰੋਗਰਾਮ ਜਾਂ ਦਿੱਲੀ ’ਚ ਸਫ਼ੀਰ ਵੱਲੋਂ ਦਿੱਤੇ ਗਏ ਸੱਦੇ ਨਾਲ ਭਾਰਤ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਕੈਨੇਡਾ ਦੇ ਸੀਨੀਅਰ ਅਧਿਕਾਰੀ ਵੱਲੋਂ ਭਾਰਤ ਸਰਕਾਰ ਦੇ ਕੁਝ ਅਨਸਰਾਂ ਵੱਲੋਂ ਜਸਟਿਨ ਟਰੂਡੋ ਦੇ ਭਾਰਤ ਦੌਰੇ ਨੂੰ ਸਾਬੋਤਾਜ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ਲਾਉਣ ਮਗਰੋਂ ਸੰਸਦ ’ਚ ਟਰੂਡੋ ਨੇ ਜਦੋਂ ਇਸ ਦੀ ਹਾਮੀ ਭਰੀ ਤਾਂ ਭਾਰਤ ਸਰਕਾਰ ਦਾ ਇਹ ਬਿਆਨ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਸਮੇਤ ਭਾਰਤ ਸਰਕਾਰ ਦਾ ਜਸਪਾਲ ਅਟਵਾਲ ਦੀ ਮੌਜੂਦਗੀ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਬਿਆਨ ਆਧਾਰਹੀਣ ਅਤੇ ਸਵੀਕਾਰਨਯੋਗ ਨਹੀਂ ਹੈ।

Facebook Comment
Project by : XtremeStudioz