Close
Menu

ਅਟਾਰਨੀ ਜਨਰਲ ਬਾਰੇ ਨਸਲੀ ਟਿੱਪਣੀ ਕਰਨ ਵਾਲੇ ਰੇਡੀਓ ਪੇਸ਼ਕਾਰ ਮੁਅੱਤਲ

-- 28 July,2018

ਨਿਊਯਾਰਕ, ਅਮਰੀਕਾ ਦੇ ਪਹਿਲੇ ਸਿੱਖ ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ ‘ਟਰਬਨਮੈਨ’ ਕਹਿਣ ਵਾਲੇ ਦੋ ਰੇਡੀਓ ਪੇਸ਼ਕਾਰਾਂ ਨੇ ਆਪਣੀਆਂ ਨਸਲੀ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਨੂੰ ‘ਅਪਮਾਨਜਨਕ ਅਤੇ ਬੇਥਵੀ’ ਭਾਸ਼ਾ ਦੀ ਵਰਤੋਂ ਕਰਨ ਲਈ 10 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਐਨਏ 101.5 ਐਫ਼ਐਮ ’ਤੇ ‘ਡੈਨਿਸ ਐਂਡ ਜੂਡੀ ਸ਼ੋਅ’ ਪੇਸ਼ ਕਰਨ ਵਾਲੇ ਡੈਨਿਸ ਮੈਲੋਏ ਅਤੇ ਜੁਡੀ ਫਰੈਂਕੋ ਨੇ ਭੰਗ ਨਾਲ ਜੁੜੇ ਮਾਮਲੇ ’ਤੇ ਇਕ ਮੁਅੱਤਲੀ ਦੇ ਗਰੇਵਾਲ ਦੇ ਫੈਸਲੇ ’ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦੇ ਹੋਏ ਉਨ੍ਹਾਂ ਨੂੰ ‘ਟਰਬਨਮੈਨ’ ਵਜੋਂ ਸੰਬੋਧਨ ਕੀਤਾ ਸੀ। ਮੈਲੋਏ ਨੇ ਕਿਹਾ, ‘‘ਤੁਸੀਂ ਅਟਾਰਨੀ ਜਨਰਲ ਨੂੰ ਜਾਣਦੇ ਹੋ ? ਮੈਂ ਉਸ ਦਾ ਨਾਂ ਕਦੇ ਵੀ ਪਤਾ ਨਹੀਂ ਕਰਾਂਗਾ। ਮੈਂ ਉਸ ਨੂੰ ਸਿਰਫ਼ ‘ਟਰਬਨਮੈਨ’ ਕਹਾਂਗਾ।’’ ਇਸ ਪ੍ਰੋਗਰਾਮ ਦੀ ਆਡੀਓ ਵਾਇਰਲ ਹੋਣ ’ਤੇ ਰੇਡੀਓ ਪ੍ਰਬੰਧਕਾਂ ਨੂੰ ਸਾਰੇ ਪਾਸਿਉਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਮੈਲੋਏ ਨੇ ਇਕ ਵੀਡੀਓ ਸੰਦੇਸ਼ ਵਿੱਚ ਆਪਣੇ ਅਤੇ ਫਰੈਂਕੋ ਵੱਲੋਂ ਮੁਆਫ਼ੀ ਮੰਗੀ। ਉਸ ਨੇ ਕਿਹਾ, ‘‘ਜੂਡੀ ਅਤੇ ਮੇਰੇ ਵੱਲੋਂ ਮੈਂ ਇਸ ਪ੍ਰੋਗਰਾਮ ਵਿੱਚ ਕੀਤੀਆਂ ਟਿੱਪਣੀਆਂ ਲਈ ਨਿਊ ਜਰਸੀ ਦੇ ਅਟਾਰਨੀ ਜਨਰਲ ਤੋਂ ਮੁਆਫ਼ੀ ਮੰਗਦਾ ਹਾਂ।’’ ਉਨ੍ਹਾਂ ਕਿਹਾ ਕਿ ਜ਼ਾਹਿਰ ਹੈ ਕਿ ਉਹ ਜ਼ਿਆਦਾ ਸਨਮਾਨ ਦੇ ਹੱਕਦਾਰ ਹਨ। ਰੇਡੀਓ ਸਟੇਸ਼ਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ 10 ਦਿਨ ਲਈ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਛੇ ਅਗਸਤ ਤਕ ਉਹ ਪ੍ਰੋਗਰਾਮ ਪੇਸ਼ ਨਹੀਂ ਕਰਨਗੇ।

Facebook Comment
Project by : XtremeStudioz