Close
Menu

ਅਡਵਾਨੀ ਨੇ ‘ਨਾਕਾਬਲ ਚੇਲਿਆਂ’ ਨੂੰ ਬੇਨਕਾਬ ਕੀਤਾ: ਕਾਂਗਰਸ

-- 06 April,2019

ਨਵੀਂ ਦਿੱਲੀ, 6 ਅਪਰੈਲ
ਕਾਂਗਰਸ ਨੇ ਲਾਲ ਕ੍ਰਿਸ਼ਨ ਅਡਵਾਨੀ ਦੇ ਤਾਜ਼ਾ ਬਲੌਗ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ’ਤੇ ਤਿੱਖਾ ਹੱਲਾ ਬੋਲਦਿਆਂ ਦਾਅਵਾ ਕੀਤਾ ਕਿ ਅਡਵਾਨੀ ਨੇ ਆਪਣੇ ਦੋਵਾਂ ‘ਨਾਕਾਬਲ ਚੇਲਿਆਂ’ ਦੇ ‘ਹੰਕਾਰੀ ਚਰਿੱਤਰ’ ਨੂੰ ਬੇਨਕਾਬ ਕਰ ਦਿੱਤਾ ਹੈ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਵਾਲ ਕੀਤਾ ਕਿ ਫ਼ੌਜ ਦਾ ਹੌਸਲਾ ਕੌਣ ਪਸਤ ਕਰ ਰਿਹਾ ਹੈ? ਪਾਕਿਸਤਾਨ ਪ੍ਰਸਤ ਕੌਣ ਹੈ? ਰਾਸ਼ਟਰ ਵਿਰੋਧੀ ਕੌਣ ਹੈ? ਅਜਿਹੇ ਕਈ ਸਵਾਲ ਹਨ ਕਿ ਜੋ ਸਿਆਸੀ ਧਰਾਤਲ ’ਤੇ ਉਭਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂ ਅਡਵਾਨੀ ਜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਨੀਤਕ ਵਿਰੋਧੀ ਨੂੰ ਰਾਸ਼ਟਰ ਵਿਰੋਧੀ ਕਹਿਣਾ ਗਲਤ ਹੈ ਤੇ ਇਹ ਲੋਕਤੰਤਰ ਦੀ ਕਸੌਟੀ ’ਤੇ ਵੀ ਖ਼ਰਾ ਨਹੀਂ ਉਤਰਦਾ। ਹਾਲਾਂਕਿ ਕਾਂਗਰਸ ਤਰਜਮਾਨ ਨੇ ਕਿਹਾ ਕਿ ਪਾਰਟੀ ਅਡਵਾਨੀ ਦੇ ਬਹੁਤ ਸਾਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ ਪਰ ਉਨ੍ਹਾਂ ਨੂੰ ਧੋਖਾ ਦੇਣ ਵਾਲੇ ਦੋਵੇਂ ਚੇਲੇ- ਮੋਦੀ ਤੇ ਸ਼ਾਹ ਜ਼ਰਾ ਵੀ ਸ਼ਰਮਸਾਰ ਨਜ਼ਰ ਨਹੀਂ ਆ ਰਹੇ। ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਮੋਦੀ ਤੇ ਭਾਜਪਾ ਦੇ ਹੋਰ ਆਗੂ ਪਿਛਲੇ ਪੰਜ ਵਰ੍ਹਿਆਂ ਦੌਰਾਨ ਆਪਣੇ ਵਿਰੋਧੀਆਂ ਨੂੰ ਪਾਕਿ ਪ੍ਰਸਤ ਜਿਹੇ ਖ਼ਿਤਾਬਾਂ ਨਾਲ ਨਿਵਾਜਦੇ ਆਏ ਹਨ ਤੇ ਹੋਰ ਕਈ ਤਰ੍ਹਾਂ ਦੇ ਅਪਸ਼ਬਦ ਬੋਲਦੇ ਰਹੇ ਹਨ। ਜ਼ਿਕਰਯੋਗ ਹੈ ਕਿ ਅਡਵਾਨੀ ਨੇ ਲੰਮੇਂ ਸਮੇਂ ਬਾਅਦ ਚੁੱਪੀ ਤੋੜਦਿਆਂ ਵੀਰਵਾਰ ਨੂੰ ਕਿਹਾ ਸੀ ਕਿ ਭਾਜਪਾ ਨੇ ਸਿਆਸੀ ਪੱਖ ਤੋਂ ਅਸਹਿਮਤ ਹੋਣ ਵਾਲਿਆਂ ਨੂੰ ਕਦੇ ਵੀ ‘ਰਾਸ਼ਟਰ ਵਿਰੋਧੀ’ ਨਹੀਂ ਮੰਨਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸੀਨੀਅਰ ਆਗੂ ਐੱਲ ਕੇ ਅਡਵਾਨੀ ਦਾ ਨਿਰਾਦਰ ਕੀਤਾ ਹੈ ਤੇ ਗੁਰੂ ਦਾ ਅਪਮਾਨ ਹਿੰਦੂ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ।

Facebook Comment
Project by : XtremeStudioz