Close
Menu

ਅਡਿਆਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਮਰੀਅਮ ਦੀ ਅਪੀਲ ਖਾਰਜ

-- 24 July,2018

ਇਸਲਾਮਾਬਾਦ, ਪਾਕਿਸਤਾਨ ਦੀ ਅਡਿਆਲਾ ਜੇਲ੍ਹ ਵਿੱਚ ਬੰਦ ਮੁਸਲਿਮ ਲੀਗ ਨਵਾਜ਼ ਦੀ ਆਗੂ ਮਰੀਅਮ ਨਵਾਜ਼ ਦੀ ਜੇਲ੍ਹ ਵਿੱਚ ਬੰਦ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਗੁਜ਼ਾਰਿਸ਼ ਜੇਲ੍ਹ ਪ੍ਰਸ਼ਾਸਨ ਨੇ ਖਾਰਜ ਕਰ ਦਿੱਤੀ ਹੈ। ਇਹ ਜਾਣਕਾਰੀ ਸ਼ਰੀਫ਼ ਪਰਿਵਾਰ ਦੇ ਵਕੀਲ ਨੇ ਦਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ (68) ਤੇ ਉਨ੍ਹਾਂ ਦੀ ਧੀ ਮਰੀਅਮ (44) ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਕ੍ਰਮਵਾਰ ਦਸ ਤੇ ਸੱਤ ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ।
‘ਡਾਅਨ’ ਦੀ ਰਿਪੋਰਟ ਮੁਤਾਬਕ ਸ਼ਰੀਫ਼ ਪਰਿਵਾਰ ਦੇ ਵਕੀਲਾਂ ਅਮਜਦ ਪਰਵੇਜ਼, ਬੈਰਿਸਟਰ ਸਾਅਦ ਹਾਸ਼ਮੀ ਤੇ ਜ਼ਾਫਿਰ ਖ਼ਾਨ ਨੇ ਬੀਤੇ ਦਿਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਤੇ ਜਵਾਈ ਨਾਲ ਮੁਲਾਕਾਤ ਕੀਤੀ ਸੀ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਬਾਰ ਕੌਂਸਲ ਦੇ ਅਧਿਕਾਰੀ ਮੁਹੰਮਦ ਔਰੰਗਜ਼ੇਬ ਵੀ ਸ਼ਰੀਫ਼ ਨੂੰ ਮਿਲੇ। ਰੋਜ਼ਨਾਮਚੇ ਨੇ ਪਰਵੇਜ਼ ਦੇ ਹਵਾਲੇ ਨਾਲ ਕਿਹਾ, ‘ਮਰੀਅਮ ਜੇਲ੍ਹ ਵਿੱਚ ਬੰਦੀ ਮਹਿਲਾ ਕੈਦੀਆਂ ਨੂੰ ਪੜ੍ਹਾਉਣਾ ਚਾਹੁੰਦੀ ਸੀ, ਪਰ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਹੈ, ਲਿਹਾਜ਼ਾ ਉਹ ਹੋਰਨਾਂ ਕੈਦੀਆਂ ਨੂੰ ਨਹੀਂ ਮਿਲ ਸਕਦੀ।’ ਵਕੀਲ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਬੀਬੀ ਮਰੀਅਮ ਵੱਲੋਂ ਵਾਰ ਵਾਰ ਗੁਜ਼ਾਰਿਸ਼ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕਲਮ ਤੇ ਕਾਗਜ਼ ਵੀ ਮੁਹੱਈਆ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਮਰੀਅਮ ਨੇ ਜੇਲ੍ਹ ਪ੍ਰਸ਼ਾਸਨ ਦੀ ਉਨ੍ਹਾਂ ਨੂੰ ਸਿਹਾਲਾ ਪੁਲੀਸ ਕਾਲਜ ਦੇ ਰੈਸਟ ਹਾਊਸ (ਜਿਸ ਨੂੰ ਸਬ-ਜੇਲ੍ਹ ਐਲਾਨਿਆ ਗਿਆ ਹੈ) ਵਿੱਚ ਤਬਦੀਲ ਕਰਨ ਦੀ ਪੇਸ਼ਕਸ਼ ਨੂੰ ਨਾਂਹ ਆਖ ਦਿੱਤੀ ਹੈ। ਪਰਿਵਾਰ ਦੀ ਲੀਗਲ ਟੀਮ ਨੇ ਦਾਅਵਾ ਕੀਤਾ ਕਿ ਪਿਉ ਤੇ ਧੀ ਚਾਰ ਅਖ਼ਬਾਰ ਲੈਣ ਦੇ ਹੱਕਦਾਰ ਹਨ, ਪਰ ਉਨ੍ਹਾਂ ਨੂੰ ਇਕ ਹੀ ਮਿਲਦਾ ਹੈ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਸ਼ਰੀਫ਼ ਦੇ ਜਵਾਈ ਸਫ਼ਦਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਡਾਕਟਰਾਂ ਦੀ ਸਲਾਹ ਮੁਤਾਬਕ ਦਿੱਤਾ ਜਾਣ ਵਾਲਾ ਵਿਸ਼ੇਸ਼ ਖਾਣਾ ਨਹੀਂ ਮਿਲ ਰਿਹਾ। ਸ਼ੁਰੂਆਤੀ ਦਿਨਾਂ ’ਚ ਉਸ ਨੂੰ ਮਾੜਾ ਖਾਣਾ ਦਿੱਤਾ ਗਿਆ, ਜਿਸ ਨਾਲ  ਉਸ ਦੀ ਸਿਹਤ ਖ਼ਰਾਬ ਹੋ ਗਈ। 

Facebook Comment
Project by : XtremeStudioz