Close
Menu

ਅਤਿਵਾਦੀ ਇਲਾਕਿਆਂ ਵਿਚ ਜਾਣਾ ਬਣਾਇਆ ਜਾਵੇਗਾ ਗੈਰਕਾਨੂੰਨੀ-ਹਾਰਪਰ

-- 10 August,2015

ਔਟਵਾ: ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਅੱਜ ਔਟਵਾ ਵਿਖੇ ਬੋਲਦਿਆਂ ਕਿਹਾ ਕਿ ਕੈਨੇਡੀਅਨ ਲੋਕਾਂ ਦਾ ਅਤਿਵਾਦੀ ਸੰਗਠਨਾਂ ਵਾਲੇ ਇਲਾਕਿਆਂ ਵਿਚ ਜਾਣਾ ਗੈਰਕਾਨੂੰਨੀ ਬਣਾਇਆ ਜਾਵੇਗਾ। ਇਹ ਵਾਅਦਾ ਪ੍ਰਧਾਨ ਮੰਤਰੀ ਵਲੋਂ ਔਟਵਾ ਚੋਣ ਮੁਹਿੰਮ ਰੈਲੀ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਇਕ ਅਜਿਹੇ ਕਾਨੂੰਨ ਨੂੰ ਮਾਨਤਾ ਦੇਵੇਗੀ ਜਿਸ ਵਿਚ ਕੈਨੇਡਾ ਸਰਕਾਰ ਵਲੋਂ ਅਤਿਵਾਦੀ ਕਰਾਰ ਦਿਤੇ ਗਏ ਇਲਾਕਿਆਂ ਵਿਚ ਕੈਨੇਡੀਅਨ ਲੋਕਾਂ ਦੇ ਜਾਣ ਨੂੰ ਕਾਨੂੰਨਨ ਜ਼ੁਰਮ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਇਜ਼ਾਜ਼ਤ ਮੁਹੱਈਆ ਕਰਵਾਉਣੀ ਮਨੁੱਖੀ ਅਧਿਕਾਰਾਂ ਥਲੇ ਨਹੀਂ ਆਉਂਦੀ।

ਹਾਰਪਰ ਵਲੋਂ ਕੀਤਾ ਗਿਆ ਇਹ ਵਾਅਦਾ ਬੀਤੇ ਸਾਲ ਸੇਂਟ-ਜ਼ੀਨ-ਸੁਰ-ਰਿਚਲਿਉ ਦੇ ਸੰਦਰਭ ਵਿਚ ਆਇਆ ਹੈ ਜਿਸ ਵਿਚ ਆਈਸਿਸ ਵਲੋਂ ਪ੍ਰੋਤਸਾਹਿਤ ਕੈਨੇਡੀਅਨਾਂ ਵਲੋਂ ਫੌਜ ਦੇ ਦੋ ਮੈਂਬਰਾਂ ਨੂੰ ਕਤਲ ਕਰ ਦਿਤਾ ਗਿਆ ਸੀ।

ਇਸੇ ਕੜੀ ਵਿਚ ਮਾਈਕਲ ਜ਼ੀਹਾਫ਼ ਬੀਬੋਅ ਵਲੋਂ ਅਕਤੂਬਰ 22 ਨੂੰ ਪਾਰਲੀਮੈਂਟ ਹਿਲ ਤੇ ਹਮਲਾ ਕਰ ਦਿਤਾ ਗਿਆ ਸੀ ਅਤੇ ਇਸ ਵਾਰਦਾਤ ਦੌਰਾਨ ਨੈਸ਼ਨਲ ਵਾਰ ਮੈਮੋਰੀਅਲ ਦੇ ਬਾਹਰ ਕਾਰਪੋਰਲ ਨੇਥਨ ਸੀਰੀਲੋ ਦੀ ਪਿੱਠ ਵਿਚ ਤਿੰਨ ਗੋਲੀਆਂ ਮਾਰ ਕੇ ਉਸ ਨੂੰ ਹਲਾਕ ਕਰ ਦਿਤਾ ਗਿਆ ਸੀ। ਇਸ ਤੋਂ ਦੋ ਦਿਨ ਪਹਿਲੋਂ ਮਾਂਟਰੀਅਲ ਦੇ ਸਾਊਥ ਈਸਟ ਵਿਚ ਵਾਰੰਟ ਅਫ਼ਸਰ ਪੈਟਰਿਸ ਵਿਨਸੈਂਟ ਉੱਪਰ ਗੱਡੀ ਚੜਾ ਕੇ ਉਸ ਨੂੰ ਹਲਾਕ ਕੀਤਾ ਗਿਆ ਸੀ।

ਟੋਰੀਆਂ ਵਲੋਂ ਇਸ ਚੋਣ ਮਹਿੰਮ ਵਿਚ ਕੈਨੇਡਾ ਦੀ ਸੁਰਖਿਆ ਨੂੰ ਇਕ ਵਡਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹ ਪ੍ਰਸ਼ਨ ਖੜਾ ਕੀਤਾ ਜਾ ਰਿਹਾ ਹੈ ਕਿ ਤਿੰਨ ਵੱਡੀਆਂ ਪਾਰਟੀਆਂ ਵਿਚੋਂ ਕੈਨੇਡਾ ਨੂੰ ਕੌਣ ਵੱਧ ਸੁਰਖਿਅਤ ਰੱਖ ਸਕਦਾ ਹੈ। ਹਾਰਪਰ ਵਲੋਂ ਸੁਰਖਿਆ ਦੇ ਵਿਸ਼ੇ ਤੇ ਦੂਜੀਆਂ ਦੋਵੇਂ ਪਾਰਟੀਆਂ ਦੇ ਆਗੂਆਂ ਐਨ ਡੀ ਪੀ ਆਗੂ ਟੌਮ ਮਲਕੇਅਰ ਅਤੇ ਲਿਬਰਲ ਪਾਰਟੀ ਆਗੂ ਜਸਟਿਨ ਟਰੂਡੋ ਨੂੰ ਨਰਮ ਦਸਿਆ ਹੈ।

ਇਸ ਦੇ ਉੱਲਟ ਵਿਰੋਧੀ ਆਗੂਆਂ ਵਲੋਂ ਵਿਵਾਦਗ੍ਰਸਤ ਅਤਿਵਾਦੀ ਗਤਿਵਿਧੀਆਂ ਵਿਰੋਧੀ ਬਿਲ ਸੀ-51 ਦੇ ਪ੍ਰਸ਼ਨ ਖੜੇ ਕੀਤੇ ਜਾ ਰਹੇ ਹਨ ਅਤੇ ਇਸ ਮੁਢਲੀ ਚੋਣ ਮੁਹਿੰਮ ਵਿਚ ਇਸ ਵਿਸ਼ੇ ਤੇ ਚਰਚਾ ਛਿੜੀ ਰਹਿਣ ਦੀਆਂ ਕਿਆਸਰਾਈਆਂ ਹਨ।

ਪ੍ਰਧਾਨ ਮੰਤਰੀ ਵਲੋਂ ਕੀਤੇ ਗਏ ਅੱਜ ਦੇ ਐਲਾਨ ਤੇ ਵੀ ਕਾਫੀ ਵਿਵਾਦ ਛਿੜਨ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਡਿਬੇਟ ਦੇ ਪ੍ਰਸ਼ਨਾਂ ਦਾ ਹਿੱਸਾ ਬਣ ਸਕਦਾ ਹੈ।

ਵਰਨਣਯੋਗ ਹੈ ਕਿ ਅਸਟ੍ਰੇਲੀਆਂ ਵਿਚ ਇਸ ਢੰਗ ਦਾ ਕਾਨੂੰਨ ਪਹਿਲਾਂ ਹੀ ਲਾਗੂ ਹੈ। ਇਸ ਤਹਿਤ ਇਰਾਕ ਦੇ ਕਈ ਹਿਸਿਆ ਅਤੇ ਸੀਰੀਆ ਦੇ ਕਈ ਇਲਾਕਿਆਂ ਵਿਚ ਜਾਣ ਤੇ ਪਾਬੰਦੀ ਲਾਗੂ ਹੈ। ਅਗਰ ਫਿਰ ਵੀ ਕੋਈ ਇਸ ਇਲਾਕੇ ਵਿਚ ਜਾਂਦਾ ਹੈ ਤਾਂ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

ਹਾਰਪਰ ਵਲੋਂ ਅੱਜ ਬਾਅਦ ਦੁਪਹਿਰ ਕੈਬੱਕ ਸਿਟੀ ਵਿਚ ਵੀ ਚੋਣ ਰੈਲੀ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਉਹ ਟੋਰਾਂਟੋ ਲਈ ਰਵਾਨਾ ਹੋਣਗੇ ਜਿਥੇ ਉਹ ਸੋਮਵਾਰ ਨੂੰ ਇੱਕ ਵਡੀ ਰੈਲੀ ਨੂੰ ਸੰਬੋਧਨ ਕਰਨਗੇ।

Facebook Comment
Project by : XtremeStudioz