Close
Menu

ਅਤਿਵਾਦੀ ਗਤੀਵਿਧੀਆਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ – ਅਕਾਲੀ ਆਗੂ

-- 02 August,2015

ਭਾਈਚਾਰਕ ਸਾਂਝ ਨੂੰ ਚੁਨੌਤੀ ਦੇਣ ਵਾਲਿਆਂ ਦਾ ਸ: ਬਾਦਲ ਦੀ ਅਗਵਾਈ ਵਿੱਚ ਪੰਜਾਬੀ ਦੇਣਗੇ ਮੂੰਹ ਤੋੜਵਾਂ ਜਵਾਬ।

ਸਰਹੱਦਾਂ ਸੀਲ ਕਰਨ ਅਤੇ ਸਰਹੱਦਾਂ ਲਈ ਆਰਥਿਕ ਪੈਕੇਜ ਦੀ ਕੀਤੀ ਮੰਗ

ਅੰਮ੍ਰਿਤਸਰ /ਚੰਡੀਗੜ੍ਹ, 2 ਅਗਸਤ () ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸੰਬੰਧਿਤ ਆਗੂਆਂ ਤੇ ਮੰਤਰੀਆਂ ਤੇ ਸੰਸਦੀ ਸਕੱਤਰਾਂ ਤੇ ਵਿਧਾਇਕਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਅਤਿਵਾਦ ਵਿਰੁੱਧ ਸਖ਼ਤ ਕਦਮ ਚੁੱਕੇ ਜਾਣ ਦੇ ਅੱਜ ਕੀਤੇ ਗਏ ਫੈਸਲੇ ਦਾ ਭਰਪੂਰ  ਸਵਾਗਤ ਕੀਤਾ ਹੈ ਅਤੇ ਕਿਹਾ ਕਿ ਅਤਿਵਾਦ ਨਾਲ ਲੜਾਈ ‘ਚ ਪੰਜਾਬ ਹਮੇਸਾਂ ਕੇਦਰ ਨਾਲ ਹੈ। ਅੱਜ ਇੱਥੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਪਸੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਮੁੱਖ ਪਾਰਲੀਮਾਨੀ ਸਕੱਤਰ ਸ: ਹਰਮੀਤ ਸਿੰਘ ਸੰਧੂ,  ਸ: ਵਿਰਸਾ ਸਿੰਘ ਵਲਟੋਹਾ ,  ਸ: ਅਮਰਪਾਲ ਸਿੰਘ ਬੋਨੀ, ਵਿਧਾਇਕ ਮਨਜੀਤ ਸਿੰਘ ਮੰਨਾ, ਵਿਧਾਇਕ ਸ: ਬਲਜੀਤ ਸਿੰਘ ਜਲਾਲ ਉਸਮਾ,  ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਅੰਮ੍ਰਿਤਸਰ ਸ: ਵੀਰ ਸਿੰਘ ਲੋਪੋਕੇ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਤਰਨਤਾਰਨ ਸ: ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਨੇ ਇੱਕ ਮੀਟਿੰਗ ਉਪਰੰਤ ਸਾਂਝੇ ਤੌਰ ‘ਤੇ ਕਿਹਾ ਕਿ ਭਾਰਤ ਵਿੱਚ ਅਤਿਵਾਦ ਲਈ ਕੋਈ ਥਾਂ ਨਹੀਂ। ਉਹਨਾਂ ਕਿਹਾ ਕਿ ਵਿਦੇਸ਼ਾਂ ਤੋ ਭਾਰਤ ਵਿੱਚ ਘੁਸਪੈਠ ਕਰਕੇ ਆ ਰਹੇ ਅਤਿਵਾਦੀਆਂ ਅਤੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਦੇਸ ਦੀਆਂ ਸਰਹੱਦਾਂ ਨੂੰ ਸੀਲ ਕਰਨ ਖਾਸ ਕਰ ਕੇ ਪੰਜਾਬ ਦੀ ਸਰਹੱਦ ਨੂੰ ਸੀਲ ਕਰਨ ਦੀ ਸਖ਼ਤ ਜ਼ਰੂਰਤ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਅਤਿਵਾਦ ਦੇ ਮਾੜੇ ਦਿਨਾਂ ਦਾ ਬੜੀ ਦਲੇਰੀ ਨਾਲ ਸਾਹਮਣਾ ਕੀਤਾ ਹੈ।  ਉਹਨਾਂ ਬੀਤੇ ਦਿਨੀਂ ਗੁਰਦਾਸ ਪੁਰ ਦੇ ਦੀਨਾ ਨਗਰ ਵਿਖੇ ਅਤਿਵਾਦੀਆਂ ਵੱਲੋਂ ਹਮਲਾ ਕਰਨ ਦੀ ਸਖ਼ਤ ਨਿਖੇਧੀ ਕੀਤੀ । ਉਹਨਾਂ ਉਕਤ ਹਮਲੇ ਦਾ ਜ਼ੋਰਦਾਰ ਜਵਾਬ ਦੇਣ ਲਈ  ਪੰਜਾਬ ਪੁਲੀਸ ਦੇ ਡੀ ਜੀ ਪੀ ਸ੍ਰੀ ਸੁਮੇਧ ਸੈਣੀ ਅਤੇ ਪੰਜਾਬ ਪੁਲੀਸ ਦੇ ਜਵਾਨਾਂ ਦੇ ਬਹਾਦਰੀ ਦੀ ਰਜਵੀਂ ਸ਼ਲਾਘਾ ਕੀਤੀ ਅਤੇ ਸ਼ਹੀਦ ਹੋਏ ਪੁਲੀਸ ਅਫ਼ਸਰ ਸ: ਬਲਜੀਤ ਸਿੰਘ, ਪੁਲੀਸ ਕਰਮੀਆਂ ਅਤੇ ਮਾਰੇ ਗਏ ਸਿਵਲ ਦੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁਖ ਦਾ ਪ੍ਰਗਟਾਵਾ ਕੀਤਾ।  ਉਹਨਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ, ਅਤੇ ਦੇਸ ‘ਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਅਗਵਾਈ ਪ੍ਰਦਾਨ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਦੇਸ ‘ਚ ਭਾਈਚਾਰਕ ਸਾਂਝ ਨੂੰ ਚੁਨੌਤੀ ਦੇਣ ਵਾਲਿਆਂ ਦਾ ਪੰਜਾਬ ਦੇ ਲੋਕ ਸ: ਬਾਦਲ ਦੀ ਅਗਵਾਈ ਵਿੱਚ ਮੂੰਹ ਤੋੜਵਾਂ ਜਵਾਬ ਦੇਣਗੇ।  ਆਗੂਆਂ ਨੇ ਸਰਹੱਦੀ ਖੇਤਰ ਦੀਆਂ ਲੋੜਾਂ ਅਤੇ ਸਮੱਸਿਆਵਾਂ ਬਾਰੇ ਗਲ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦੇ ਕਿਸਾਨਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਸ਼ਹਿਰੀ ਖੇਤਰ ਨਾਲੋਂ ਵੱਖਰੀਆਂ ਹਨ। ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕ ਵਿਸ਼ੇਸ਼ ਆਰਥਿਕ ਪੈਕੇਜ ਦੇ ਹੱਕਦਾਰ ਹਨ । ਉਹਨਾਂ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਕੇਦਰ ਤੋਂ ਕੀਤੀ ਗਈ ਮੰਗ ਦਾ ਜੋਰਦਾਰ ਵਕਾਲਤ ਕਰਦਿਆਂ ਕੇਂਦਰ ਸਰਕਾਰ ਤੋਂ ਸਰਹੱਦੀ ਖੇਤਰ ਦੇ ਆਰਥਿਕ ਵਿਕਾਸ ਲਈ ਵਿਸ਼ੇਸ਼ ਪੈਕੇਜ ਦੀ ਪੁਰਜ਼ੋਰ ਮੰਗ ਕੀਤੀ। ਉਹਨਾਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਫਲਾਈਟਾਂ ਵਧਾਉਣ ਦੀ ਵੀ ਮੰਗ ਰੱਖੀ।

Facebook Comment
Project by : XtremeStudioz