Close
Menu

ਅਤਿਵਾਦੀ ਹਮਲੇ ਸਮੇਤ ਅਹਿਮ ਮੁੱਦੇ ਵਿਧਾਨ ਸਭਾ ਵਿੱਚ ਚੁੱਕਾਂਗੇ : ਅਰੁਣਾ ਚੌਧਰੀ

-- 02 August,2015

ਦੀਨਾਨਗਰ, ਇਸ ਹਲਕੇ ਦੀ ਵਿਧਾਇਕਾ ਅਰੁਣਾ ਚੌਧਰੀ ਨੇ ਆਪਣੇ ਖੇਤਰ ਅੰਦਰ ਹੋਏ ਅਤਿਵਾਦੀ ਹਮਲੇ ਲਈ ਸੂਬਾ ਸਰਕਾਰ ਦੀ ਲਾਪਰਵਾਹੀ ਸਮੇਤ ਕਈ ਅਹਿਮ ਮੁੱਦਿਆਂ ਨੂੰ ਆਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਉਠਾਏ ਜਾਣ ਦੀ ਗੱਲ ਕਹੀ ਹੈ। ਹਮਲੇ ਵਾਲੇ ਦਿਨ ਮੁੰਬਈ ਵਿੱਚ ਹੋਣ ਦੇ ਬਾਵਜੂਦ ਵਿਸ਼ੇਸ਼ ਯਤਨਾਂ ਜ਼ਰੀਏ ਦੇਰ ਰਾਤ ਦੀਨਾਨਗਰ ਪਹੁੰਚੀ ਵਿਧਾਇਕਾ ਅਰੁਣਾ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਚਿੰਤਾ ਆਪਣੇ ਖੇਤਰਵਾਸੀਆਂ ਦੀ ਸੁਰੱਖਿਆ ਸੀ ਅਤੇ ਹਮਲੇ ਵਿੱਚ ਹੋਏ ਜਾਨੀ ਨੁਕਸਾਨ ਨੂੰ ਲੈ ਕੇ ਉਹ ਜਿੱਥੇ ਦੁਖੀ ਹੋਏ ਹਨ ਉੱਥੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਵੀ ਕਰਦੇ ਹਨ।
ਉਨ੍ਹਾਂ ਪੰਜਾਬ ਸਰਕਾਰ ੳੁੱਤੇ ਨਿਸ਼ਾਨਾਂ ਲਗਾਉਂਦਿਆਂ ਕਿਹਾ ਕਿ ਵੱਡੇ ਦੁੱਖ ਦੀ ਗੱਲ ਇਹ ਵੀ ਹੈ ਕਿ ਖੁਫ਼ੀਆ ਏਜੰਸੀਆਂ ਵੱਲੋਂ ਚੌਕਸ ਕਰਨ ਦੇ ਬਾਵਜੂਦ ਸਰਕਾਰ ਨੇ ਢਿੱਲਮੁੱਠ ਦਿਖਾਈ ਅਤੇ ਬਾਅਦ ਵਿੱਚ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਖੁਫ਼ੀਆ ਏਜੰਸੀਆਂ ਨੇ ਅਲਰਟ ਨਹੀਂ ਕੀਤਾ ਸੀ।
ਪੁਲੀਸ ਮੁਲਾਜ਼ਮਾਂ ਕੋਲ ਆਧੁਨਿਕ ਹਥਿਆਰ ਨਾ ਹੋਣ ਸਬੰਧੀ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਇਸ ਮੁੱਦੇ ਨੂੰ ਵੀ ਵਿਧਾਨ ਸਭਾ ’ਚ ਚੁੱਕਿਆ ਜਾਵੇਗਾ ਕਿਉਂਕਿ ਪੁਲੀਸ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ  ਅਨਫਿੱਟ ਹਥਿਆਰਾਂ ਨਾਲ ਹੀ ਡੰਗ ਟਪਾ ਰਹੇ ਹਨ ਜਦਕਿ ਸਰਹੱਦੀ ਖੇਤਰ ਹੋਣ ਕਾਰਨ ਅਤਿਵਾਦੀ ਹਮਲਿਆਂ ਨੂੰ ਰੋਕਣ ਲਈ ਉਨ੍ਹਾਂ ਨੂੰ ਆਧੁਨਿਕ ਹਥਿਆਰਾਂ, ਬੁਲਟ ਪਰੂਫ਼ ਜੈਕਟਾਂ, ਹੈਲਮਟ ਅਤੇ ਸਪੈਸ਼ਲ ਸਿਖਲਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੁਲੀਸ ਦਾ ਆਧੁਨੀਕੀਕਰਣ ਕਰਨ ਦੀਆਂ ਗੱਲਾਂ ਤਾਂ ਕਰਦੀ ਹੈ ਪਰ ਜ਼ਮੀਨੀ ਪੱਧਰ ’ਤੇ ਕੁਝ ਵੀ ਹੁੰਦਾ ਨਹੀਂ ਦਿੱਸਦਾ। ਜੋ ਸੂਬਾ ਸਰਕਾਰ ਦੀ ਨਲਾਇਕੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਖੇਤਰ ਵੱਲ ਵਿਸ਼ੇਸ਼ ਤਵੱਜ਼ੋ ਦੇਣੀ ਚਾਹੀਦੀ ਹੈ।
ਚਾਰ ਪੁਲੀਸ ਮੁਲਾਜ਼ਮਾਂ ਸਮੇਤ ਮਾਰੇ ਗਏ ਤਿੰਨ ਆਮ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਬਾਰੇ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਇਸ ਬਾਰੇ ਫੋਕੀ ਬਿਆਨਬਾਜ਼ੀ ਸੁਣਨ ਨੂੰ ਮਿਲੀ ਹੈ ਜਦਕਿ ਮੁੱਖ ਮੰਤਰੀ ਪੰਜਾਬ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ, ਸਾਬਕਾ ਵਿਧਾਇਕ ਰੁਮਾਲ ਚੰਦ, ਬਲਾਕ ਕਾਂਗਰਸ ਮੀਤ ਪ੍ਰਧਾਨ ਦੀਪਕ ਭੱਲਾ, ਡਾ. ਪ੍ਰਦੀਪ ਤੁੱਲੀ, ਸਾਬਕਾ ਕੌਂਸਲਰ ਰਾਕੇਸ਼ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ।

Facebook Comment
Project by : XtremeStudioz