Close
Menu

ਅਤਿਵਾਦ ਨੂੰ ਸ਼ਹਿ ਦਿੰਦੇ ਦੇਸ਼ਾਂ ਦੇ ਬਾਈਕਾਟ ਬਾਰੇ ਪੱਤਰ ਨਹੀਂ ਲਿਖਿਆ: ਚੌਧਰੀ

-- 05 March,2019

ਮੁੰਬਈ, 5 ਮਾਰਚ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਬੀਸੀਸੀਆਈ ਦੇ ਉਸ ਪੱਤਰ ਤੋਂ ਪੱਲਾ ਝਾੜ ਲਿਆ ਹੈ ਤੇ ਜਿਸ ਵਿਚ ਆਈਸੀਸੀ ਤੇ ਉਸ ਦੇ ਮੈਂਬਰ ਮੁਲਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਅਤਿਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨਾਲੋਂ ਰਿਸ਼ਤੇ ਤੋੜ ਲਏ ਜਾਣ।
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਹਾਲਾਂਕਿ ਬੀਸੀਸੀਆਈ ਦੀ ਅਰਜ਼ੀ ਨੂੰ ਠੁਕਰਾ ਦਿੱਤਾ ਸੀ ਤੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਟਾਟਾ ਮੋਟਰਜ਼ ਦੀ ‘ਹੈਰੀਅਰ’ ਨੂੰ ਆਈਪੀਐਲ ਦਾ ਅਧਿਕਾਰਤ ਭਾਈਵਾਲ ਬਣਾਉਣ ਦੇ ਐਲਾਨ ਮੌਕੇ ਕਰਵਾਈ ਇਕ ਮੀਡੀਆ ਕਾਨਫ਼ਰੰਸ ਵਿਚ ਚੌਧਰੀ ਤੋਂ ਜਦ ਪੁੱਛਿਆ ਗਿਆ ਕਿ ਕੀ ਉਸ ਪੱਤਰ ਵਿਚ ਵਿਸ਼ੇਸ਼ ਰੂਪ ਨਾਲ ਪਾਕਿਸਤਾਨ ਦਾ ਨਾਂ ਨਹੀਂ ਲਿਖਣਾ ਗਲਤੀ ਸੀ ਤਾਂ ਉਨ੍ਹਾਂ ਕਿਹਾ ਕਿ ਇਹ ਚਿੱਠੀ ਉਨ੍ਹਾਂ ਨਹੀਂ ਲਿਖੀ। ਪੁਲਵਾਮਾ ਅਤਿਵਾਦੀ ਹਮਲੇ ਦੇ ਰੋਸ ਵੱਜੋਂ ਇਹ ਪੱਤਰ ਬੀਸੀਸੀਆਈ ਦੇ ਸੀਈਓ ਰਾਹੁਲ ਜੌਹਰੀ ਨੇ ਪ੍ਰਸ਼ਾਸਕਾਂ ਦੀ ਸਮਿਤੀ (ਸੀਓਏ) ਦੇ ਨਾਲ ਸਲਾਹ ਕਰ ਕੇ ਲਿਖਿਆ ਸੀ।
ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿ ਆਧਾਰਿਤ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਲਏ ਜਾਣ ਦੀ ਰਿਪੋਰਟ ਤੋਂ ਬਾਅਦ ਆਈਸੀਸੀ ਨੂੰ ਅਪੀਲ ਕੀਤੀ ਗਈ ਸੀ। ਚੌਧਰੀ ਨੇ ਕਿਹਾ ਕਿ ਆਈਸੀਸੀ ਦੇ ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਇਸ ਮੁੱਦੇ ’ਤੇ ਬਿਆਨ ਦਿੱਤਾ ਸੀ ਉਨ੍ਹਾਂ ਕਿਹਾ ਸੀ ਕਿ ਇਹ ਮਾਮਲਾ ਆਈਸੀਸੀ ਦੇ ਦਾਇਰੇ ਤੋਂ ਬਾਹਰ ਹੈ। ਇਹ ਪੁੱਛਣ ’ਤੇ ਕਿ ਕੀ ਬੀਸੀਸੀਆਈ ਨੇ ਇਸ ਤਜਵੀਜ਼ ਨੂੰ ਤਿਆਰ ਕਰਨ ਵਿਚ ਗਲਤੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਾਰੀਆਂ ਕਿਆਸਰਾਈਆਂ ਖ਼ਤਮ ਕਰਨਾ ਚਾਹੁੰਦੇ ਹਨ ਤੇ ਨਜ਼ਰੀਏ ਵਿਚ ਕੋਈ ਫ਼ਰਕ ਨਹੀਂ ਸੀ। ਬੀਸੀਸੀਆਈ ਦੇ ਸੀਈਓ ਨੇ ਆਈਸੀਸੀ ਨਾਲ ਲਿਖਤ ਸੰਵਾਦ ਕੀਤਾ ਸੀ। ਇਸ ਸੰਵਾਦ ਵਿਚ ਦੋ ਗੱਲਾਂ ਸਨ- ਪਹਿਲੀ ਸੁਰੱਖਿਆ ਨਾਲ ਜੁੜੀ ਹੋਈ ਸੀ। ਇਸ ਪੱਤਰ ਦੀ ਸਮੱਗਰੀ ਦੇ ਸੰਦਰਭ ਵਿਚ ਚੌਧਰੀ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਬੀਸੀਸੀਆਈ ਦੀ ਮੁੱਖ ਚਿੰਤਾ ਖਿਡਾਰੀਆਂ ਤੇ ਪ੍ਰਸ਼ੰਸਕਾਂ ਦੀ ਸੁਰੱਖਿਆ ਸੀ। ਦੂਜਾ ਮੁੱਦਾ ਇਸ ਸੁਝਾਅ ਨਾਲ ਜੁੜਿਆ ਹੋਇਆ ਸੀ ਕਿ ਭਾਰਤ ਤੇ ਆਈਸੀਸੀ ਦੇ ਹੋਰ ਮੈਂਬਰਾਂ ਨੂੰ ਉਨ੍ਹਾਂ ਟੀਮਾਂ ਨਾਲ ਹਿੱਸਾ ਨਹੀਂ ਲੈਣਾ ਚਾਹੀਦਾ, ਜੋ ਉਨ੍ਹਾਂ ਖੇਤਰਾਂ ਵਿਚ ਆਉਂਦੀਆਂ ਹਨ ਜਿੱਥੇ ਕੁਝ ਨਿਸ਼ਚਿਤ ਘਟਨਾਵਾਂ ਹੁੰਦੀਆਂ ਹਨ, ਪਰ ਸੰਵਾਦ ਵਿਚ ਖੇਤਰ ਦਾ ਜ਼ਿਕਰ ਨਹੀਂ ਸੀ। ਚੌਧਰੀ ਨੇ ਕਿਹਾ ਕਿ ਬੀਸੀਸੀਆਈ ਤੇ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਵਿਚਾਲੇ ਟਕਰਾਅ ਦਾ ਹੱਲ ਕੱਢਣਾ ਜ਼ਰੂਰੀ ਹੈ ਤਾਂ ਕਿ ਵਾਡਾ ਆਈਸੀਸੀ ਨੂੰ ਉਲੰਘਣਾ ਕਰਨ ਵਾਲਿਆਂ ਵਿਚ ਸ਼ਾਮਲ ਨਾ ਕਰੇ। ਆਈਸੀਸੀ ਦੇ ਸੀਈਓ ਡੇਵਿਡ ਰਿਚਰਡਸਨ ਨੇ ਕਿਹਾ ਹੈ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਆਈਪੀਐੱਲ ਵਿਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਕਰੇਗੀ। ਉਨ੍ਹਾਂ ਇਸ ਸਬੰਧੀ ਆਈਆਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ।

Facebook Comment
Project by : XtremeStudioz