Close
Menu

ਅਦਾਲਤੀ ਛੁੱਟੀਆਂ ਸ਼ੁਰੂ, ਲਖਵੀ ਦੀ ਜ਼ਮਾਨਤ ਖ਼ਿਲਾਫ਼ ਦਾਖ਼ਲ ਨਾ ਹੋ ਸਕੀ ਅਪੀਲ

-- 24 December,2014

ਇਸਲਾਮਾਬਾਦ, ਪਾਕਿਸਤਾਨ ਸਰਕਾਰ 2008 ਦੇ ਮੁੰਬਈ ਹਮਲਿਆਂ ਦੇ ਕਥਿਤ ਮੁੱਖ ਸਾਜ਼ਿਸ਼ੀ ਜ਼ਕੀਉਰ ਰਹਿਮਾਨ ਲਖਵੀ ਦੀ ਜ਼ਮਾਨਤ ਨੂੰ ਚੁਣੌਤੀ ਦੇਣ ਲਈ ਅੱਜ ਵੀ ਅਪੀਲ ਦਾਇਰ ਨਹੀਂ ਕਰ ਸਕੀ। ਦੇਸ਼ ਦੀਆਂ ਅਦਾਲਤਾਂ ਵਿੱਚ ਭਲਕ ਤੋਂ ਦੋ ਹਫਤਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ।
ਇਸਤਗਾਸਾ ਨੂੰ ਦਹਿਸ਼ਤਵਾਦ ਵਿਰੋਧੀ ਅਦਾਲਤ ਦੇ ਫੈਸਲੇ ਦੀ ਅੱਜ ਦੂਜੇ ਦਿਨ ਵੀ ਕਾਪੀ ਨਾ ਮਿਲ ਸਕੀ ਜਿਸ ਕਰਕੇ ਅਪੀਲ ਦਾਖਲ ਨਹੀਂ ਕੀਤੀ ਜਾ ਸਕੀ। ਇਸਲਾਮਾਬਾਦ ਦੀ ਦਹਿਸ਼ਤਵਾਦ ਵਿਰੋਧੀ ਅਦਾਲਤ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਲਖਵੀ ਨੂੰ ਜ਼ਮਾਨਤ ਦੇ ਦਿੱਤੀ ਸੀ।
ਇਕ ਅਦਾਲਤੀ ਅਹਿਲਕਾਰ ਨੇ ਪੀਟੀਆਈ ਨੂੰ ਦੱਸਿਆ, ”ਅਦਾਲਤਾਂ ‘ਚ ਸਰਦੀਆਂ ਦੀਆਂ ਛੁੱਟੀਆਂ ਦਾ ਮਤਲਬ ਹੈ ਕਿ ਸਰਕਾਰ 8 ਜਨਵਰੀ ਤੱਕ ਲਖਵੀ ਦੀ ਜ਼ਮਾਨਤ ਖ਼ਿਲਾਫ ਅਪੀਲ ਦਾਖਲ ਨਹੀਂ ਕਰ ਸਕੇਗੀ।” ਉਂਜ, ਉਸ ਨੇ ਕਿਹਾ ਕਿ ਕੋਈ ਬਹੁਤ ਹੀ ਖਾਸ ਕਿਸਮ ਦਾ ਮਾਮਲਾ ਅਦਾਲਤ ਲੈ ਵੀ ਸਕਦੀ ਹੈ। ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਵਿੱਚ ਅੱਜ ਕੰਮਕਾਜ ਦਾ ਆਖਰੀ ਦਿਨ ਸੀ ਅਤੇ ਇਹ ਹੁਣ 8 ਜਨਵਰੀ ਤੱਕ ਬੰਦ ਰਹਿਣਗੀਆਂ।
ਇਸ ਦੌਰਾਨ ਪਾਬੰਦੀਸ਼ੁਦਾ ਲਸ਼ਕਰ-ਏ-ਝੰਗਵੀ ਦੇ ਬਾਨੀ ਮਲਿਕ ਇਸਹਾਕ ਨੂੰ ਤਿੰਨ ਸਾਲਾਂ ਬਾਅਦ ਅੱਜ ਜੇਲ੍ਹ ‘ਚੋਂ ਰਿਹਾਈ ਮਿਲ ਗਈ ਕਿਉਂਕਿ ਪਾਕਿਸਤਾਨ ਸਰਕਾਰ ਨੇ ਉਸ ਦੀ ਰਿਹਾਸਤ ਵਿੱਚ ਵਾਧਾ ਕਰਨ ਦੀ ਮੰਗ ਨਹੀਂ ਕੀਤੀ। ਇਸਹਾਕ 2009 ਵਿੱਚ ਸ੍ਰੀਲੰਕਾ ਦੀ ਕ੍ਰਿਕਟ ਟੀਮ ‘ਤੇ ਹਮਲੇ ਅਤੇ ਸ਼ੀਆ ਫਿਰਕੇ ‘ਤੇ ਹਮਲਿਆਂ ਲਈ ਕਸੂਰਵਾਰ ਸਮਝਿਆ ਜਾਂਦਾ ਹੈ।
ਇਸਹਾਕ ਨੂੰ ਭੜਕਾਊ ਭਾਸ਼ਣ ਦੇਣ ਬਦਲੇ ਪਿਛਲੇ ਤਿੰਨੇ ਸਾਲਾਂ ਤੋਂ ਜਨਤਕ ਸੁਰੱਖਿਆ ਫੁਰਮਾਨ ਤਹਿਤ ਜੇਲ੍ਹ ‘ਚ ਕੈਦ ਕੀਤਾ ਹੋਇਆ ਸੀ। ਜ਼ਕੀਉਰ-ਰਹਿਮਾਨ ਨੂੰ ਵੀ ਇਸੇ ਕਾਨੂੰਨ ਤਹਿਤ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਸੁਪਰੀਮ ਕੋਰਟ ਨੇ ਜੁਲਾਈ 2011 ਵਿੱਚ ਇਸ਼ਹਾਕ ਦੀ ਜ਼ਮਾਨਤ ਮਨਜ਼ੂਰ ਕਰ ਲਈ ਸੀ। ਇਸਹਾਕ ਦੀ ਰਿਹਾਈ ਅਜਿਹੇ ਸਮੇਂ ਹੋਈ ਹੈ ਜਦੋਂ ਪਾਕਿਸਤਾਨ ਸਰਕਾਰ ਪੇਸ਼ਾਵਰ ਦੇ ਆਰਮੀ ਸਕੂਲ ‘ਤੇ ਹੋਏ ਖੌਫਨਾਕ ਦਹਿਸ਼ਤਗਰਦ ਹਮਲੇ ਤੋਂ ਬਾਅਦ ਅਵਿਤਾਦ ਦੇ ਖਾਤਮੇ ਲਈ ਵੱਡੀਆਂ ਤਬਦੀਲੀਆਂ ਕਰਨ ਬਾਰੇ ਸੋਚ ਵਿਚਾਰ ਕਰ ਰਹੀ ਹੈ।

ਹਾਫਿਜ਼ ਸਈਦ ਦੇ ਨਾਂ ਨਾਲੋਂ ਸਾਹਿਬ ਲਾਹਿਆ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਅਲ-ਕਾਇਦਾ ਉੱਤੇ ਪਾਬੰਦੀਆਂ ਨਾਲ ਸਬੰਧਤ ਕਮੇਟੀ ਦੀ ਚਿੱਠੀ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਨਾਂ ਨਾਲੋਂ ਸਾਹਿਬ ਲਾਹ ਦਿੱਤਾ ਗਿਆ ਹੈ। ਚਿੱਠੀ ਵਿੱਚ ਹਾਫਿਜ਼ ਦੇ ਨਾਂ ਨਾਲ ਸਾਹਿਬ ਲਾਉਣ ਦਾ ਤਿੱਖਾ ਵਿਰੋਧ ਹੋਇਆ ਸੀ।

500 ਤੋਂ ਵੱਧ ਅਤਿਵਾਦੀਆਂ ਨੂੰ ਫਾਂਸੀ ਦੀ ਯੋਜਨਾ ‘ਤੇ ਐਮਨੈਸਟੀ ਨੂੰ ਇਤਰਾਜ਼
ਮਨੁੱਖੀ ਅਧਿਕਾਰਾਂ ਦੀ ਇਕ ਸਰਕਰਦਾ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਨੇ ਪਾਕਿਸਤਾਨ ਸਰਕਾਰ ਦੀ 500 ਤੋਂ ਵੱਧ ਅਤਿਵਾਦੀਆਂ ਨੂੰ ਫਾਂਸੀ ਦੇਣ ਦੀ ਯੋਜਨਾ ‘ਤੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਪੇਸ਼ਾਵਰ ਸਕੂਲ ਕਤਲੇਆਮ ਤੋਂ ਬਾਅਦ ਸਰਕਾਰੀ ਦਮਨ ਕਾਰਨ ਦੇਸ਼ ਵਿੱਚ ਹਿੰਸਾ ਦਾ ਦੌਰ ਹੋਰ ਤੇਜ਼ ਹੋ ਸਕਦਾ ਹੈ। ਐਮਨੈਸਟੀ ਇੰਟਰਨੈਸ਼ਨਲ ਦੇ ਡਿਪਟੀ ਏਸ਼ੀਆ ਪੈਸੇਫਿਕ ਡਾਇਰੈਕਟਰ ਡੇਵਿਡ ਗ੍ਰਿਫਿਥਜ਼ ਨੇ ਆਖਿਆ ਕਿ ਮੂਲ ਮਸਲਿਆਂ ਨੂੰ ਮੁਖ਼ਾਤਬ ਹੋਣ ਦੀ ਬਜਾਏ ਸਰਕਾਰ ਦਮਨਕਾਰੀ ਰਾਹ ਪੈ ਗਈ ਹੈ ਜਿਸ ਕਰਕੇ ਉੱਤਰ-ਪੱਛਮੀ ਪਾਕਿਸਤਾਨ ਵਿੱਚ ਲੋਕਾਂ ਦਾ ਜਿਉਣਾ ਪਹਿਲਾਂ ਹੀ ਦੁੱਭਰ ਬਣਿਆ ਹੋਇਆ ਹੈ।

Facebook Comment
Project by : XtremeStudioz