Close
Menu

ਅਦਾਲਤ ਵੱਲੋਂ ਸੀਬੀਆਈ ਦੇ ਡੀਐਸਪੀ ਨੂੰ ਜ਼ਮਾਨਤ

-- 01 November,2018

ਨਵੀਂ ਦਿੱਲੀ, ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਕੇਂਂਦਰੀ ਜਾਂਚ ਏਜੰਸੀ ਦੇ ਡੀਐਸਪੀ ਦਵਿੰਦਰ ਕੁਮਾਰ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਡੀਐਸਪੀ ਨੂੰ ਰਾਹਤ ਦਿੰਦਿਆਂ 50 ਹਜ਼ਾਰ ਦਾ ਨਿੱਜੀ ਮੁਚੱਲਕਾ ਤੇ ਇੰਨੀ ਹੀ ਰਾਸ਼ੀ ਦੀ ਜ਼ਾਮਨੀ ਭਰਨ ਲਈ ਕਿਹਾ ਹੈ। ਇਸ ਦੌਰਾਨ ਸੀਬੀਆਈ ਦੇ ਏਐਸਪੀ ਐਸ.ਐਸ.ਗੁਰਮ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਦਾਅਵਾ ਕੀਤਾ ਕਿ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਵੱਲੋਂ ਰਿਸ਼ਵਤ ਮਾਮਲੇ ਵਿੱਚ ਦਰਜ ਐਫਆਈਆਰ ਰੱਦ ਕਰਾਉਣ ਲਈ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ, ਉਸ ਵਿੱਚ ਕੁਝ ‘ਚੋਣਵੇਂ’ ਤੱਥਾਂ ਨੂੰ ਉਭਾਰਦਿਆਂ ਅਦਾਲਤ ਨੂੰ ਕੁਰਾਹੇ ਪਾਉਣ ਦਾ ਯਤਨ ਕੀਤਾ ਗਿਆ ਹੈ। ਗੁਰਮ ਉਨ੍ਹਾਂ ਸੀਬੀਆਈ ਅਧਿਕਾਰੀਆਂ ਵਿੱਚ ਸ਼ੁਮਾਰ ਸੀ, ਜਿਨ੍ਹਾਂ ਨੂੰ ਏਜੰਸੀ ਦੇ ਦੋ ਸਿਖਰਲੇ ਅਧਿਕਾਰੀਆਂ ਵਿਚਾਲੇ ਚੱਲਦੇ ਰੇੜਕੇ ਕਰਕੇ ਤਬਦੀਲ ਕਰ ਦਿੱਤਾ ਗਿਆ ਸੀ। ਉਂਜ ਗੁਰਮ ਨੇ ਅਸਥਾਨਾ ਵੱਲੋਂ ਦਾਇਰ ਪਟੀਸ਼ਨ ’ਚ ਖ਼ੁਦ ਨੂੰ ਧਿਰ ਬਣਾਏ ਜਾਣ ਦੀ ਅਪੀਲ ਵੀ ਕੀਤੀ ਹੈ। ਡੀਐਸਪੀ ਦਵਿੰਦਰ ਕੁਮਾਰ ਨੇ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਦਾਇਰ ਜ਼ਮਾਨਤ ਅਰਜ਼ੀ ਵਿੱਚ ਆਪਣੀ ਹਿਰਾਸਤ ਨੂੰ ‘ਗੈਰਕਾਨੂੰਨੀ’ ਦੱਸਦਿਆਂ ਰਿਹਾਅ ਕਰਨ ਦੀ ਅਪੀਲ ਕੀਤੀ ਸੀ। ਕੁਮਾਰ ਨੇ ਕਿਹਾ ਸੀ ਕਿ ਉਸ ਨੂੰ ਜ਼ਮਾਨਤ ਦਿੱਤੀ ਜਾਵੇ ਤੇ ਉਹ ਅਦਾਲਤੀ ਸ਼ਰਤਾਂ ਮੰਨਣ ਲਈ ਤਿਆਰ ਹੈ। ਉਂਜ ਕੁਮਾਰ ਤੇ ਅਸਥਾਨਾ, ਉਨ੍ਹਾਂ ਖ਼ਿਲਾਫ਼ ਦਰਜ ਐਫ਼ਆਈਆਰ ਦੀ ਕਾਨੂੰਨੀ ਵੈਧਤਾ ਨੂੰ ਪਹਿਲਾਂ ਹੀ ਚੁਣੌਤੀ ਦੇ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਦੋ ਕਥਿਤ ਦਲਾਲਾਂ, ਮਨੋਜ ਪ੍ਰਸਾਦ ਤੇ ਸੋਮੇਸ਼ ਪ੍ਰਸਾਦ ਨੂੰ ਵੀ ਇਸ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਕੁਮਾਰ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ ਤੇ ਉਹ ਕੇਂਦਰੀ ਜਾਂਚ ਏਜੰਸੀ ਦੇ ਸੀਨੀਅਰ ਅਧਿਕਾਰੀਆਂ ਵਿਚਲੀ ਰੰਜਿਸ਼ ਦਾ ਸ਼ਿਕਾਰ ਬਣਿਆ ਹੈ। ਕੁਮਾਰ ਨੇ ਕਿਹਾ ਕਿ ਮੌਜੂਦਾ ਕੇਸ ਵਿੱਚ ਉਹਦੀ ਗ੍ਰਿਫ਼ਤਾਰੀ ਮੀਟ ਬਰਾਮਦਕਾਰ ਮੋਈਨ ਕੁਰੈਸ਼ੀ ਖ਼ਿਲਾਫ਼ ਦਰਜ ਕੇਸ ਦੀ ਜਾਂਚ ਵਿੱਚ ਅੜਿੱਕਾ ਪਾਉਣ ਦੇ ਇਰਾਦੇ ਨਾਲ ਕੀਤੀ ਗਈ ਸੀ ਤੇ ਉਸ ਖ਼ਿਲਾਫ਼ ਕੋਈ ਸਿੱਧੇ ਦੋਸ਼ ਨਹੀਂ ਸਨ। ਉਂਜ ਦੋਸ਼ੀ ਪਾਏ ਜਾਣ ’ਤੇ ਡੀਐਸਪੀ ਨੂੰ ਵਧ ਤੋਂ ਵੱਧ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ।

ਲੋੜ ਪੈਣ ’ਤੇ ਵਰਮਾ ਤੇ ਅਸਥਾਨਾ ਨੂੰ ਸੰਮਨ ਕਰਾਂਗੇ: ਸੀਵੀਸੀ
ਨਵੀਂ ਦਿੱਲੀ: ਕੇਂਦਰੀ ਚੌਕਸੀ ਕਮਿਸ਼ਨ ਦੇ ਮੁਖੀ ਕੇ.ਵੀ.ਚੌਧਰੀ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਨਿਗਰਾਨੀ ਹੇਠ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦੀ ਚੱਲ ਰਹੀ ਜਾਂਚ ਦੌਰਾਨ ਵਰਮਾ ਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਲੋੜ ਪੈਣ ’ਤੇ ਬਿਆਨ ਦਰਜ ਕਰਨ ਲਈ ਸੱਦਿਆ ਜਾ ਸਕਦਾ ਹੈ। ਇਥੇ ਇਕ ਸਮਾਗਮ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭ੍ਰਿਸ਼ਟਾਚਾਰ ਖ਼ਿਲਾਫ਼ ਨਿਗਰਾਨ ਏਜੰਸੀ ਦੇ ਮੁਖੀ ਨੇ ਕਿਹਾ ਕਿ ਕਮਿਸ਼ਨ ਨੂੰ ਕੇਸਾਂ ਨਾਲ ਸਬੰਧਤ ਬਹੁਤੀਆਂ ਫਾਈਲਾਂ ਮਿਲ ਗਈਆਂ ਹਨ ਜਦੋਂਕਿ ਸੀਬੀਆਈ ਤੋਂ ਕੁਝ ਫਾਈਲਾਂ ਮਿਲਣ ਦਾ ਅਮਲ ਜਾਰੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੋਣ ਕਰਕੇ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਫਾਈਲਾਂ ਦੀ ਜਾਂਚ ਪੜਤਾਲ ਜਾਰੀ ਹੈ ਤੇ ਲੋੜ ਪੈਣ ’ਤੇ ਵਰਮਾ ਤੇ ਅਸਥਾਨਾ ਨੂੰ ਬਿਆਨ ਕਲਮਬੰਦ ਕਰਵਾਉਣ ਲਈ ਸੰਮਨ ਕੀਤਾ ਜਾਵੇਗਾ।

Facebook Comment
Project by : XtremeStudioz