Close
Menu

ਅਧਿਆਪਕ ਮਿਆਰੀ ਸਿੱਖਿਆ ਦੇ ਨਾਲ-ਨਾਲ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵੀ ਭਰਨ: ਸੋਨੀ

-- 05 March,2019

ਸਿੱਖਿਆ ਮੰਤਰੀ ਨੇ ਮਾਨਵ ਮੰਗਲ ਸਕੂਲ ਦੀ ਪੰਜਵੀਂ ਬਰਾਂਚ ਦਾ ਕੀਤਾ ਉਦਘਾਟਨ; ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼
ਚੰਡੀਗੜ/ਐਸਏਐਸ ਨਗਰ, 5 ਮਾਰਚ
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਹੈ ਕਿ ਸਕੂਲੀ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਨ ਦੀ ਲੋੜ ਹੈ ਤਾਂ ਜੋ ਉਹ ਜਿੱਥੇ ਆਪਣੇ ਵਿਰਸੇ ਨਾਲ ਜੁੜ ਸਕਣ, ਉਥੇ ਸੁਤੰਤਰਤਾ ਸੰਗਰਾਮੀਆਂ ਨੂੰ ਆਪਣੇ ਚੇਤਿਆਂ ਵਿੱਚ ਵਸਾ ਸਕਣ। ਉਨਾਂ ਕਿਹਾ ਕਿ ਮਿਆਰੀ ਸਿੱਖਿਆ ਦੇ ਨਾਲ-ਨਾਲ ਦੇਸ਼ ਭਗਤੀ, ਮਿਆਰੀ ਸਿੱਖਿਆ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਨਾਲ ਬੱਚਿਆਂ ਨੂੰ ਲਬਰੇਜ਼ ਕਰਨ ਦੀ ਜ਼ਿੰਮੇਵਾਰੀ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਦੀ ਵੀ ਹੈ।
ਸ੍ਰੀ ਸੋਨੀ ਅੱਜ ਇੱਥੇ ਮਾਨਵ ਮੰਗਲ ਗਰੁੱਪ ਆਫ ਸਕੂਲਜ਼ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਗਰੁੱਪ ਦੇ ਫੇਜ਼ 10 ਮੁਹਾਲੀ ਵਿਖੇ ਕਰਵਾਏ ਇਸ ਸਮਾਗਮ ਦੌਰਾਨ ਸਿੱਖਿਆ ਮੰਤਰੀ ਨੇ ਸਕੂਲ ਦੀ ਪੰਜਵੀਂ ਬਰਾਂਚ ਮਾਨਵ ਮੰਗਲ ਸਮਾਰਟ ਸਕੂਲ (ਜੂਨੀਅਰ) ਦਾ ਉਦਘਾਟਨ ਵੀ ਕੀਤਾ, ਜੋ ਸੈਕਟਰ 91 ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨਾਂ ਰਵਾਇਤੀ ਢੰਗ ਨਾਲ ਸ਼ਮਾ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਕੈਬਨਿਟ ਮੰਤਰੀ ਨੇ ਸਕੂਲ ਦੇ 50 ਸਾਲ ਦੇ ਸਫ਼ਰ ਦੀਆਂ ਝਲਕੀਆਂ ਨੂੰ ਦਰਸਾਉਂਦਾ ਇਕ ਗੋਲਡਨ ਜੁਬਲੀ ਕਿਤਾਬਚਾ (ਸੋਵੀਨਾਰ) ਵੀ ਰਿਲੀਜ਼ ਕੀਤਾ। ਇਸ ਮੌਕੇ ਅਧਿਆਪਕਾਂ ਨੇ ਪ੍ਰਾਰਥਨਾ ਗੀਤ ਗਾਇਆ ਅਤੇ ਮਾਨਵ ਮੰਗਲ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਰਕ ਪੇਸ਼ਕਾਰੀ ‘ਫੌਜੀਆਂ ਨੂੰ ਸ਼ਰਧਾਂਜਲੀ’ ਨਾਲ ਸਰੋਤਿਆਂ ਦਾ ਦਿਲ ਟੁੰਬਿਆ। ਇਸ ਯਾਦਗਾਰ ਘੜੀ ਮੌਕੇ ਮਾਨਵ ਮੰਗਲ ਸੁਸਾਇਟੀ ਦੇ ਕਾਰਜਕਾਰੀ ਮੈਂਬਰਾਂ ਦੇ ਨਾਲ-ਨਾਲ 4 ਮਾਨਵ ਮੰਗਲ ਸਕੂਲਾਂ ਦੇ ਸਮੂਹ ਸਟਾਫ ਮੈਂਬਰ ਵੀ ਮੌਜੂਦ ਸਨ। ਡਾਇਰੈਕਟਰ, ਸ੍ਰੀ ਸੰਜੇ ਸਰਦਾਨਾ ਨੇ ਇਨਾਂ ਸਾਲਾਂ ਦੌਰਾਨ ਮਾਨਵ ਮੰਗਲ ਗਰੁੱਪ ਦੇ ਸਫ਼ਰ ਅਤੇ ਹਰੇਕ ਮੈਂਬਰ ਵੱਲੋਂ ਪਾਏ ਯੋਗਦਾਨ ਬਾਰੇ ਵੀ ਦੱਸਿਆ।
ਸ੍ਰੀ ਸੋਨੀ ਨੇ ਮਾਨਵ ਮੰਗਲ ਗਰੁੱਪ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਿੱਖਿਆ ਦੇ ਮਾਧਿਅਮ ਨਾਲ ਮਾਨਵਤਾ ਦੀ ਸੇਵਾ ਕਰਨ ਵਿੱਚ ਸਕੂਲ ਦੇ ਯੋਗਦਾਨ ਨੂੰ ਸਲਾਹਿਆ। ਉਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਮਾਨਵ ਮੰਗਲ ਸਕੂਲ ਨੇ ਨਿਰੰਤਰ ਵਿਕਾਸ ਕੀਤਾ ਹੈ ਅਤੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਣਾਇਆ ਹੈ। ਇਹ ਵੀ ਦੱਸਣਯੋਗ ਹੈ ਕਿ 1968 ਵਿੱਚ ਸ਼ੁਰੂ ਹੋਏ ਮਾਨਵ ਮੰਗਲ ਸਕੂਲ ਵਿੱਚ ਪਿਛਲੇ ਸਾਲ ਗੋਲਡਨ ਜੁਬਲੀ ਸਮਾਰੋਹ ਸ਼ੁਰੂ ਹੋਇਆ ਸੀ, ਜਿਸ ਦੀ ਅੱਜ ਸਮਾਪਤੀ ਹੋ ਗਈ।

Facebook Comment
Project by : XtremeStudioz