Close
Menu

ਅਮਨ-ਚੈਨ ਹਰ ਹਾਲ ਕਾਇਮ ਰੱਖਾਂਗੇ: ਬਾਦਲ

-- 14 April,2015

ਅੰਮ੍ਰਿਤਸਰ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਹਰ ਹਾਲ ਕਾਇਮ ਰੱਖੀ ਜਾਵੇਗੀ। ਉਹ ਇਥੇ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦਾ ਹਾਲ ਪੁੱਛਣ ਆਏ ਸਨ। ਇਸ ਦੌਰਾਨ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੀਤ ਚੇਅਰਮੈਨ ਰਾਜ ਕੁਮਾਰ ਵੇਰਕਾ ਤੇ ਹੋਰ ਕਾਂਗਰਸੀਆਂ ਨੇ ਵੀ ਜ਼ਖ਼ਮੀ ਸ਼ਿਵ ਸੈਨਾ ਆਗੂ ਦਾ ਹਾਲ ਚਾਲ ਪੁੱਛਿਆ। ਦੱਸਣਯੋਗ ਹੈ ਕਿ ਹਰਵਿੰਦਰ ਸੋਨੀ ਦੇ ਕੱਲ੍ਹ ਕਸ਼ਮੀਰ ਸਿੰਘ ਨਾਂ ਦੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ।
ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੀ ਦੁਖਦਾਈ ਤੇ ਨਿੰਦਣਯੋਗ ਘਟਨਾ ਹੈ। ਉਨ੍ਹਾਂ ਪੰਜਾਬ ਪੁਲੀਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਸ੍ਰੀ ਸੋਨੀ ’ਤੇ ਹਮਲਾ ਕਰਨ ਵਾਲੇ ਤਿੰਨੇ ਮੁਲਜ਼ਮਾਂ ਨੂੰ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਸ੍ਰੀ ਸੋਨੀ ’ਤੇ ਕੀਤੇ ਗਏ ਹਮਲੇ ਪਿੱਛੇ ਕਿਸੇ ਅਤਿਵਾਦੀ ਗਰੁੱਪ ਦਾ ਹੱਥ ਨਹੀਂ ਬਲਕਿ ਇਹ ਹਮਲਾ ਵਿਅਕਤੀਗਤ ਕਾਰਨਾਂ ਕਰਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ ਭਾਈਚਾਰਕ ਸਾਂਝ ਤੇ ਸ਼ਾਂਤੀ ਬਣਾਈ ਰੱਖੀ ਹੈ ਅਤੇ ਅੱਗੇ ਵੀ ਇਸ ਨੂੰ ਤਰਜੀਹ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਅੰਦਰੂਨੀ ਤੇ ਬਾਹਰੀ ਕੁਝ ਏਜੰਸੀਆਂ ਰਾਜ ਅੰਦਰ ਆਪਣੀਆਂ ਸਮਾਜ ਵਿਰੋਧੀ ਗਤੀਵਿਧੀਆਂ ਕਰਕੇ ਰਾਜ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ ਪਰ ਸੂਬਾ ਸਰਕਾਰ ਅਜਿਹੇ ਅਨਸਰਾਂ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗੀ।
ਇਸ ਮੌਕੇ ਡੀਪੀਪੀ ਸੁਮੇਧ ਸਿੰਘ ਸੈਣੀ, ਆਈਜੀ ਈਸ਼ਵਰ ਚੰਦਰ ਸ਼ਰਮਾ, ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਅੌਲਖ ਅਤੇ ਏਡੀਸੀ (ਜ) ਭੁਪਿੰਦਰ ਸਿੰਘ ਹਾਜ਼ਰ ਸਨ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੀਤ ਚੇਅਰਮੈਨ ਰਾਜ ਕੁਮਾਰ ਵੇਰਕਾ, ਸਾਬਕਾ ਕਾਂਗਰਸੀ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਤੇ ਹੋਰ ਕਾਂਗਰਸੀ ਆਗੂਆਂ ਨੇ ਵੀ ਹਸਪਤਾਲ ਦਾ ਦੌਰਾ ਕਰਦਿਆਂ ਸ਼ਿਵ ਸੈਨਾ ਆਗੂ ਦਾ ਹਾਲ ਪੁੱਛਿਆ ਹੈ। ਸ੍ਰੀ ਵੇਰਕਾ ਨੇ ਮੁੱਖ ਮੰਤਰੀ ’ਤੇ ਦੋਗਲੀ ਨੀਤੀ ਅਪਣਾਉਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇਕ ਪਾਸੇ ਉਹ ਅਤਿਵਾਦੀਆਂ ਦੀਆਂ ਯਾਦਗਾਰਾਂ ਬਣਵਾ ਰਹੇ ਹਨ ਅਤੇ ਦੂਜੇ ਪਾਸੇ ਅਜਿਹੇ ਲੋਕਾਂ ਵੱਲੋਂ ਜ਼ਖ਼ਮੀ ਕੀਤੇ ਵਿਅਕਤੀ ਦਾ ਹਾਲ ਪੁੱਛ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਦੇ ਇਸ ਰਵੱਈਏ ਨੂੰ ਨਾਟਕ ਕਰਾਰ ਦਿੰਦਿਅਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਨਾਕਾਮ ਰਹੀ ਹੈ।

Facebook Comment
Project by : XtremeStudioz