Close
Menu

ਅਮਰੀਕਾ ਅਤੇ ਕੈਨੇਡਾ ਵਿਚਕਾਰ ਨਾਫਟਾ ਸਮਝੌਤੇ ‘ਤੇ ਬਣੀ ਸਹਿਮਤੀ

-- 01 October,2018

ਓਟਾਵਾ— ਅਮਰੀਕਾ ਅਤੇ ਕੈਨੇਡਾ ਵਿਚਕਾਰ ‘ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤਾ’ (ਨਾਫਟਾ) ਨੂੰ ਲੈ ਕੇ ਐਤਵਾਰ ਰਾਤ ਨੂੰ ਆਖਰਕਾਰ ਸਹਿਮਤੀ ਬਣ ਹੀ ਗਈ। ਇਸ ਸਮਝੌਤੇ ਨਾਲ ਜੁੜੇ ਸੂਤਰਾਂ ਮੁਤਾਬਕ,”ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁਕਤ ਵਪਾਰ ਸਮਝੌਤੇ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਕੁੱਝ ਸਮਾਂ ਪਹਿਲਾਂ ਟਰੰਪ ਇਸ ਸਮਝੌਤੇ ਨੂੰ ਸਭ ਤੋਂ ਖਰਾਬ ਵਪਾਰ ਕਰਾਰ ਦੇ ਚੁੱਕੇ ਸਨ।
ਇਹ ਸਮਝੌਤਾ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਤਿੰਨਾਂ ਹੀ ਦੇਸ਼ਾਂ ਲਈ ਮਹੱਤਵਪੂਰਣ ਹੈ ਕਿਉਂਕਿ ਇਸ ਦੇ ਕਾਰਨ ਤਿੰਨਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਟੈਕਸ ਨਿਯਮਾਂ ‘ਚ ਵੱਡੀ ਛੋਟ ਮਿਲਦੀ ਹੈ। ਇਕ ਉੱਚ ਅਮਰੀਕੀ ਸੂਤਰ ਨੇ ਦੱਸਿਆ,”ਦੋਵੇਂ ਹੀ ਪੱਖ ਨਾਫਟਾ ਸਮਝੌਤੇ ‘ਤੇ ਇਕ ਸਹਿਮਤੀ ਦੇ ਆਧਾਰ ਤਕ ਪੁੱਜ ਗਏ ਹਨ। ਬਹੁਤ ਜਲਦੀ ਇਸ ਦੇ ਰਸਮੀ ਐਲਾਨ ਨੂੰ ਸਾਂਝੇ ਬਿਆਨ ਰਾਹੀਂ ਜਾਰੀ ਕੀਤਾ ਜਾਵੇਗਾ।

ਮੈਕਸੀਕੋ, ਕੈਨੇਡਾ ਅਤੇ ਅਮਰੀਕਾ ਵਿਚਕਾਰ ਹੋਇਆ ਨਾਫਟਾ ਵਪਾਰ ਸਮਝੌਤਾ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਵਪਾਰ ਸਮਝੌਤਿਆਂ ‘ਚੋਂ ਇਕ ਮੰਨਿਆ ਜਾਂਦਾ ਹੈ। ਇਹ ਸਮਝੌਤਾ 1994 ਤੋਂ ਪ੍ਰਭਾਵ ‘ਚ ਆਇਆ। ਇਸ ਸਮਝੌਤੇ ਕਾਰਨ ਇਨ੍ਹਾਂ ਤਿੰਨਾਂ ਦੇਸ਼ਾਂ ਵਿਚਕਾਰ ਮਾਲ ਦੀ ਢੁਆਈ ‘ਤੇ ਲੱਗਣ ਵਾਲਾ ਟੈਕਸ ਖਤਮ ਕਰ ਦਿੱਤਾ ਗਿਆ। ਤਿੰਨ ਦੇਸ਼ਾਂ ਵਿਚਕਾਰ ਮੁਕਤ ਵਪਾਰ ਨੂੰ ਵਧਾਉਣ ਦੇ ਉਦੇਸ਼ ਨਾਲ ਇਸ ਸਮਝੌਤੇ ‘ਚ ਕਈ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ। ਟ੍ਰੇਡਮਾਰਕ, ਪੇਟੈਂਟ ਅਤੇ ਮੁਦਰਾ ਨੂੰ ਲੈ ਕੇ ਤਿੰਨਾਂ ਦੇਸ਼ਾਂ ਵਿਚਕਾਰ ਵਪਾਰ ਸਬੰਧੀ ਕਾਫੀ ਸੌਖੇ ਨਿਯਮ ਬਣਾਏ ਗਏ। ਇਸ ਕਾਰਨ ਇਸ ਵਪਾਰ ਸਮਝੌਤੇ ਨੂੰ ਅਮਰੀਕਾ ਦੇ ਨਾਲ-ਨਾਲ ਕੈਨੇਡਾ ਅਤੇ ਮੈਕਸੀਕੋ ਲਈ ਵੀ ਬਹੁਤ ਅਹਿਮ ਮੰਨਿਆ ਜਾਂਦਾ ਹੈ। ਅਮਰੀਕਾ ਨੇ ਮੈਕਸੀਕੋ ਨਾਲ ਅਗਸਤ ‘ਚ ਨਾਫਟਾ ਸਮਝੌਤਾ ਕੀਤਾ ਸੀ ਪਰ ਤਦ ਕੈਨੇਡਾ ਦੇ ਨਾਲ ਇਹ ਸਮਝੌਤਾ ਨਹੀਂ ਕੀਤਾ ਗਿਆ ਸੀ ਹਾਲਾਂਕਿ ਅਮਰੀਕਾ ਅਤੇ ਦੂਜੇ ਗਲੋਬਲ ਮੀਡੀਆ ‘ਚ ਉਸ ਸਮੇਂ ਵੀ ਕਿਹਾ ਗਿਆ ਸੀ ਕਿ ਦੋਵੇਂ ਦੇਸ਼ ਇਸ ਸਮਝੌਤੇ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਟਰੰਪ ਨੇ ਕੈਨੇਡਾ ਦੇ ਸਮਝੌਤੇ ‘ਚ ਸ਼ਾਮਲ ਹੋਣ ਜਾਂ ਨਾ ਹੋਣ ਨੂੰ ਲੈ ਕੇ ਉਸ ਸਮੇਂ ਕਿਹਾ ਸੀ ਕਿ ਇਹ ਕੈਨੇਡਾ ‘ਤੇ ਨਿਰਭਰ ਕਰਦਾ ਹੈ।

Facebook Comment
Project by : XtremeStudioz