Close
Menu

ਅਮਰੀਕਾ ਦੀ ਜੰਗ ਇਸਲਾਮ ਖ਼ਿਲਾਫ਼ ਨਹੀਂ: ਓਬਾਮਾ

-- 20 February,2015

Barack Obama

ਵਾਸ਼ਿੰਗਟਨ, 20 ਫਰਵਰੀ
ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਅਮਰੀਕਾ ਦੀ ”ਲੜਾਈ ਇਸਲਾਮ ਨਾਲ ਨਹੀਂ” ਹੈ, ਬਲਕਿ ਉਨ੍ਹਾਂ ਲੋਕਾਂ ਨਾਲ ਹੈ ਜੋ ਧਰਮ ਦੇ ਨਾਂ ‘ਤੇ ਕੁਰਾਹੇ ਪਏ ਹੋਏ ਤੇ ਜ਼ੋਰ ਦੇ ਕੇ ਕਿਹਾ ਕਿ ਆਈ ਐਸ ਆਈ ਐਸ ਤੇ ਅਲ-ਕਾਇਦਾ ਜਿਹੇ ਦਹਿਸ਼ਤਗਰਦ ਸੰਗਠਨ ਇਕ ਅਰਬ ਮੁਸਲਮਾਨਾਂ ਲਈ ਨਹੀਂ ਬੋਲਦੇ, ਜੋ ਉਨ੍ਹਾਂ ਦੀ ਇੰਤਹਾਪਸੰਦੀ ਆਧਾਰਤ ਵਿਚਾਰਧਾਰਾ ਨੂੰ ਨਕਾਰ ਚੁੱਕੇ ਹਨ।
ਹਿੰਸਕ ਇੰਤਹਾਪ੍ਰਸਤੀ ਦੇ ਟਾਕਰੇ ਲਈ ਵਾਈਟ ਹਾਊਸ ਵਿੱਚ ਹੋਏ ਸੰਮੇਲਨ ਵਿੱਚ ਸੰਬੋਧਨ ਕਰਦਿਆਂ ਸ੍ਰੀ ਓਬਾਮਾ ਨੇ ਕਿਹਾ ਕਿ ਅਮਰੀਕਾ ਦੀ ਲੜਾਈ ਇਸਲਾਮ ਨਾਲ ਨਹੀਂ ਹੈ, ਬਲਕਿ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਇਸਲਾਮ ਦੀ    ਗਲਤ ਵਿਆਖਿਆ ਕਰਕੇ ਦਹਿਸ਼ਤਗਰਦੀ ਤੇ ਹਿੰਸਾ ਦਾ ਰਾਹ ਅਪਣਾਇਆ ਹੋਇਆ ਹੈ।
ਅਤਿਵਾਦੀਆਂ ਨੂੰ ਹੋਰਾਂ ਨੂੰ ਇਸ ਪਾਸੇ ਲਿਆਉਣ ਲਈ ‘ਨਵੀਂ ਭਰਤੀ ਕਰਨੋਂ ਰੋਕਣ’ ‘ਤੇ ਧਿਆਨ ਕੇਂਦਰਤ ਕਰਨ ਦਾ ਸੱਦਾ ਦਿੰਦਿਆਂ ਸ੍ਰੀ ਓਬਾਮਾ ਨੇ ਪੱਛਮੀ ਤੇ ਮੁਸਲਿਮ ਆਗੂਆਂ ਨੂੰ ਕਿਹਾ ਕਿ ਉਹ ਇੰਤਹਾਪਸੰਦੀ ਦੇ ਝੂਠੇ ਲਾਰਿਆਂ ਨੂੰ ਠੁੱਸ ਕਰਨ ਲਈ ਇਕਜੁੱਟ ਹੋਣ” ਅਤੇ ਇਹ ਧਾਰਨਾ ਰੱਦ ਕਰ ਦੇਣ ਕਿ ਅਤਿਵਾਦੀ ਜਥੇਬੰਦੀਆਂ ਇਸਲਾਮ ਦੀ ਪ੍ਰਤੀਨਿਧਤਾ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਅਲ-ਕਾਇਦਾ ਤੇ ਆਈ ਐਸ ਆਈ ਐਲ ਜਿਹੇ ਗਰੁੱਪ ਆਪਣਾ ਆਧਾਰ  ਕਾਇਮ ਕਰਨ ਲਈ ਬੇਚੈਨ ਹਨ ਤੇ ਉਹ ਆਪਣੇ ਆਪ ਨੂੰ ਧਾਰਮਿਕ ਆਗੂ ਅਤੇ ਇਸਲਾਮ ਦੀ ਰਾਖੀ ਕਰਨ ਵਾਲੇ ਸੱਚੇ ਯੋਧਿਆਂ ਵਜੋਂ ਸਿੱਧ ਕਰਨਾ ਚਾਹੁੰਦੇ ਹਨ। ਇਸੇ ਕਰਕੇ ਆਈ ਐਸ ਆਈ ਐਲ ਆਪਣੇ ਆਪ ਨੂੰ ਇਸਲਾਮਿਕ ਸਟੇਟ ਐਲਾਨ ਕੇ ਇਹ ਭਰਮ ਪੈਦਾ ਕਰਨ ਦੀ ਫਿਰਾਕ ‘ਚ ਹੈ ਕਿ ਅਮਰੀਕਾ ਤੇ ਹੋਰ ਬਹੁਤੇ ਪੱਛਮੀ ਮੁਲਕ ਇਸਲਾਮ ਦੇ ਦੁਸ਼ਮਣ ਹਨ। ਇਸੇ ਆਧਾਰ ‘ਤੇ ਉਹ ਆਪਣੇ ਨਾਲ ਹੋਰ ਲੋਕਾਂ ਨੂੰ ਜੋੜ ਕੇ ਆਪਣੀ ਭਰਤੀ ਕਰਦੇ ਹਨ।
ਇਸ ਤਰ੍ਹਾਂ ਉਹ ਨੌਜਵਾਨਾਂ ਨੂੰ ਕੱਟੜ ਬਣਾਉਣ ਦੇ ਯਤਨ ਕਰ ਰਹੇ ਹਨ। ਇਸ ਕਰਕੇ ਉਨ੍ਹਾਂ ਵੱਲੋਂ ਬੰਨੀ ਜਾ ਰਹੀ ਇਹ ਭੂਮਿਕਾ ਕਿਸੇ ਨੂੰ ਵੀ ਸਵੀਕਾਰ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਉਹ ਧਾਰਮਿਕ ਪੱਖੋਂ ਸਹੀ ਹਨ, ਉਹ ਝੂਠੇ ਹਨ। ਉਹ ਧਾਰਮਿਕ ਆਗੂ ਨਹੀਂ; ਮਹਿਜ਼ ਅਤਿਵਾਦੀ ਹਨ। ਤਿੰਨ ਦਿਨਾ ਸੰਮੇਲਨ ਦੇ ਦੂਜੇ ਦਿਨ ਉਨ੍ਹਾਂ ਨੇ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਇਸ ਵਿੱਚ ਭਾਰਤ ਸਮੇਤ 60  ਤੋਂ ਵੱਧ ਮੁਲਕ ਭਾਗ ਲੈ ਰਹੇ ਹਨ।     -ਪੀ.ਟੀ.ਆਈ.

ਆਈ ਐਸ ਅਤਿਵਾਦੀਆਂ ਦੀ ਅਮਰੀਕਾ ਨੇ ਬਣਾਈ ਹੈ ਹਿਟ ਲਿਸਟ
ਵਾਸ਼ਿੰਗਟਨ: ਇਕ ਮੀਡੀਆ ਰਿਪੋਰਟ ਅਨੁਸਾਰ ਅਮਰੀਕਾ ਨੇ ਇਰਾਕ ਤੇ ਸੀਰੀਆ ਵਿੱਚ ਸਰਗਰਮ ਇਸਲਾਮਿਕ ਸਟੇਟ ਦੇ ਕੋਈ ਦੋ ਦਰਜਨ ਆਗੂਆਂ ਦੀ ਹਿੱਟ ਲਿਸਟ ਬਣਾਈ ਹੋਈ ਹੈ ਤੇ ਦਹਿਸ਼ਤਗਰਦ ਜਥੇਬੰਦੀ ਦਾ ਆਗੂ ਅੱਬੂ ਬਕਰ-ਅਲ-ਬਗ਼ਦਾਦੀ ਇਸ ਵਿੱਚ ਪਹਿਲੇ ਨੰਬਰ ‘ਤੇ ਹੈ। ਅਮਰੀਕਾ ਦੇ ਇਕ ਸੀਨੀਅਰ ਆਗੂ ਨੇ ਸੀਐਨਐਨ ਨੂੰ ਇਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਇਸ ਹਿੱਟ ਲਿਸਟ ਵਿੱਚ ਪਹਿਲੇ ਨੰਬਰ ‘ਤੇ ਆਈ ਐਸ ਆਈ ਐਸ ਦਾ ਆਗੂ ਅਲ ਬਗ਼ਦਾਦੀ ਹੈ ਤੇ ਇਹ ਸੂਚੀ ਬਿਨਾਂ ਸ਼ੱਕ ਮਾਰੇ ਜਾਣ ਵਾਲੇ ਅਤਿਵਾਦੀਆਂ ਦੀ ਹੈ ਕਿਉਂਕਿ ਅਮਰੀਕੀ ਸੈਨਾ ਸੀਰੀਆ ਜਾਂ ਇਰਾਕ ਵਿੱਚ ਜ਼ਮੀਨੀ ਅਪਰੇਸ਼ਨਾਂ ਵਿੱਚ ਤਾਂ ਸ਼ਾਮਲ ਨਹੀਂ ਹੈ। ਇਕ ਹੋਰ ਅਧਿਕਾਰੀ ਅਨੁਸਾਰ ਅਲ-ਬਗਦਾਦੀ ਨੂੰ ਵੀ ਪਤਾ ਹੈ ਕਿ ਅਮਰੀਕਾ ਨੂੰ ਬੁਰੀ ਤਰ੍ਹਾਂ ਉਸ ਦੀ ਭਾਲ ਹੈ ਤੇ ਇਸੇ ਕਰਕੇ ਉਹ ਲੁਕ ਕੇ ਰਹਿ ਰਿਹਾ ਹੈ।

Facebook Comment
Project by : XtremeStudioz