Close
Menu

ਅਮਰੀਕਾ ਦੀ ਮਾਇਗ੍ਰੈਂਟ ਚਿਲਡਰਨ ਪਾਲਿਸੀ ਉੱਤੇ ਸਿਆਸਤ ਨਹੀਂ ਖੇਡਾਂਗਾ : ਟਰੂਡੋ

-- 20 June,2018

ਓਟਵਾ,20 ਜੂਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜਦੋਂ ਅਮਰੀਕਾ ਦੀ ਹੱਦ ਅੰਦਰ ਦਾਖਲ ਹੋਣ ਸਮੇਂ ਗੈਰਕਾਨੂੰਨੀ ਮਾਇਗ੍ਰੈਂਟਸ ਨੂੰ ਆਪਣੇ ਬੱਚਿਆਂ ਤੋਂ ਵੱਖ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਂਾਂ ਦੇ ਵਿਵਾਦਗ੍ਰਸਤ ਅਮਰੀਕੀ ਰੁਝਾਨ ਵਾਂਗ ਉਹ ਇਮੀਗ੍ਰੇਸ਼ਨ ਨੀਤੀਆਂ ਦੇ ਸਬੰਧ ਵਿੱਚ ਸਿਆਸਤ ਨਹੀਂ ਖੇਡਣਗੇ।
ਇੱਥੇ ਦੱਸਣਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਕਾਉਂਸਲ ਦੇ ਚੀਫ ਸਮੇਤ ਆਪਣੀ ਜ਼ੀਰੋ ਟੌਲਰੈਂਸ ਨੀਤੀ ਲਈ ਅਮਰੀਕਾ ਦੀ ਚੁਫੇਰਿਓਂ ਨੁਕਤਾਚੀਨੀ ਹੋ ਰਹੀ ਹੈ। ਸੋਮਵਾਰ ਨੂੰ ਉਨ੍ਹਾਂ ਵੱਲੋਂ ਅਮਰੀਕਾ ਦੀ ਇਸ ਨੀਤੀ ਨੂੰ ਬੇਲੋੜਾ ਦੱਸਿਆ ਗਿਆ। ਇਸ ਮਾਮਲੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਇਤਰਾਜ਼ ਕਰਦਿਆਂ ਆਖਿਆ ਕਿ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਖਿੱਚ ਕੇ ਵੱਖ ਕਰ ਦਿੱਤਾ ਜਾਂਦਾ ਹੈ ਤੇ ਫਿਰ ਪਿੰਜਰਿਆਂ ਵਿੱਚ ਡੱਕ ਦਿੱਤਾ ਜਾਂਦਾ ਹੈ ਜੋ ਕਿ ਕਿਸੇ ਜ਼ੁਲਮ ਨਾਲੋਂ ਘੱਟ ਨਹੀਂ।
ਪਰ ਟਰੂਡੋ ਨੇ ਇਸ ਵਿਵਾਦਗ੍ਰਸਤ ਨੀਤੀ ਬਾਰੇ ਆਪਣੀ ਕੋਈ ਰਾਇ ਨਹੀਂ ਪ੍ਰਗਟਾਈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੀ ਭੂਮਿਕਾ ਕੈਨੇਡੀਅਨ ਕਦਰਾਂ ਕੀਮਤਾਂ ਉੱਤੇ ਨਾ ਸਿਰਫ ਪਹਿਰਾ ਦੇਣਾ ਹੈ ਸਗੋਂ ਅਮਰੀਕਾ ਨਾਲ ਉਸਾਰੂ ਸਬੰਧ ਬਣਾਈ ਰੱਖਣਾ ਵੀ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਆਖਿਆ ਕਿ ਉਹ ਅਜਿਹੇ ਮੁੱਦੇ ਉੱਤੇ ਸਿਆਸਤ ਨਹੀਂ ਕਰ ਸਕਦੇ। ਅਸੀਂ ਇਸ ਦੀ ਅਹਿਮੀਅਤ ਜਾਣਦੇ ਹਾਂ ਕਿ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਹਮਾਇਤ ਕਰਨਾ ਤੇ ਸਮਰਥਨ ਕਰਨਾ ਕਿੰਨਾ ਅਹਿਮ ਹੈ। ਅਸੀਂ ਅਜਿਹਾ ਕਰਦੇ ਵੀ ਰਹਾਂਗੇ।
ਜਿ਼ਕਰਯੋਗ ਹੈ ਕਿ ਅਮਰੀਕਾ ਦੇ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੇ ਇਹ ਤਥਾ ਕਥਿਤ ਜ਼ੀਰੋ ਟੌਲਰੈਂਸ ਪਾਲਿਸੀ ਅਪਰੈਲ ਵਿੱਚ ਐਲਾਨੀ ਸੀ। ਉਹ ਵੀ ਉਦੋਂ ਜਦੋਂ ਅਮਰੀਕਾ ਵਿੱਚ ਪਨਾਹ ਹਾਸਲ ਕਰਨ ਵਾਲਿਆਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੇ ਜਾਣ ਦੇ ਮਾਮਲਿਆਂ ਵਿੱਚ ਵਾਧਾ ਹੋ ਗਿਆ ਸੀ। ਇਸ ਨੀਤੀ ਤਹਿਤ ਅਨਿਯਮਿਤ ਜਾਂ ਅਮਰੀਕਾ ਬਿਨਾਂ ਦਸਤਾਵੇਜਾਂ ਦੇ ਦਾਖਲ ਹੋਣ ਵਾਲੇ ਮਾਇਗ੍ਰੈਂਟਸ ਨੂੰ ਫੈਡਰਲ ਪ੍ਰੌਸੀਕਿਊਸ਼ਨ ਲਈ ਭੇਜ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੇ ਬੱਚਿਆਂ ਨੂੰ ਹੋਲਡਿੰਗ ਫੈਸਿਲਿਟੀਜ਼ ਵਿੱਚ ਰੱਖਿਆ ਜਾਂਦਾ ਹੈ। ਅਪਰੈਲ ਤੇ ਮਈ ਵਿੱਚ ਹੀ 2000 ਦੇ ਨੇੜੇ ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਵੱਖ ਕੀਤਾ ਗਿਆ।
ਸੋਮਵਾਰ ਨੂੰ ਪ੍ਰਕਾਸਿ਼ਤ ਹੋਏ ਕਈ ਟਵੀਟਸ ਵਿੱਚੋਂ ਇੱਕ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਰੁਝਾਨ ਨੂੰ ਬਿਲਕੁਲ ਸਹੀ ਦੱਸਿਆ ਤੇ ਆਖਿਆ ਕਿ ਬੱਚਿਆਂ ਦਾ ਸਹਾਰਾ ਲੈ ਕੇ ਮੁਜਰਮ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਣ ਦੀ ਕੋਸਿ਼ਸ਼ ਕਰਦੇ ਹਨ। ਕੈਨੇਡਾ ਵਿੱਚ ਐਨਡੀਪੀ ਕ੍ਰਿਟਿਕ ਜੈਨੀ ਕਵੈਨ ਵੱਲੋਂ ਟਰੂਡੋ ਨੂੰ ਬੇਨਤੀ ਕੀਤੀ ਗਈ ਕਿ ਅਮਰੀਕਾ ਨਾਲ ਕੈਨੇਡਾ ਦੇ ਸੇਫ ਥਰਡ ਕੰਟਰੀ ਅਗਰੀਮੈਂਟ ਨੂੰ ਉਹ ਸਸਪੈਂਡ ਕਰ ਦੇਣ।

Facebook Comment
Project by : XtremeStudioz