Close
Menu

ਅਮਰੀਕਾ ਨੇ ਲਖਵੀ ਦੀ ਮੁੰਬਈ ਹਮਲੇ ਵਿੱਚ ਸ਼ਮੂਲੀਅਤ ਦੇ ਪਾਕਿ ਨੂੰ ਸਬੂਤ ਸੌਂਪੇ

-- 20 March,2015

ਵਾਸ਼ਿੰਗਟਨ, ਅਮਰੀਕਾ ਨੇ 2008 ਵਿੱਚ ਹੋਏ ਮੁੰਬਈ ਹਮਲਿਆਂ ਵਿੱਚ ਲਸ਼ਕਰ-ਏ- ਤੋਇਬਾ ਦੇ ਅਪਰੇਸ਼ਨ ਕਮਾਂਡਰ ਜ਼ਾਕਿਉਰ ਰਹਿਮਾਨ ਲਖਵੀ ਦੀ ਸ਼ਮੂਲੀਅਤ ਸਬੰਧੀ ਪਾਕਿਸਤਾਨ ਨੂੰ ਠੋਸ ਸਬੂਤ ਸੌਂਪੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ  ਚੇਤੇ ਕਰਵਾਇਆ ਸੀ ਕਿ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਛੇਤੀ ਸਜ਼ਾ ਦਿੱਤੀ ਜਾਵੇ।
ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ  ਦੱਸਣ ਦੀ ਸ਼ਰਤ ’ਤੇ ਕਿਹਾ ਕਿ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਸੌਂਪੇ ਗਏ ਸਬੂਤ ਪੂਰੀ ਤਰ੍ਹਾਂ ਭਰੋਸੇਯੋਗ ਹਨ, ਪਰ ਉਨ੍ਹਾਂ ਨੇ ਇਨ੍ਹਾਂ ਸਬੂਤਾਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਦਿੱਤੇ ਗਏ ਇਹ ਸਬੂਤ ਡੇਵਿਡ ਹੈਡਲੀ ਤੋਂ ਕੀਤੀ ਗਈ  ਪੁੱਛ ਪੜਤਾਲ ’ਤੇ ਆਧਾਰਤ ਹਨ। ਡੇਵਿਡ ਹੈਡਲੀ ਅਮਰੀਕਾ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀਆਂ ਸੁਰੱਖਿਆ ਤੇ ਚੌਕਸੀ ਏਜੰਸੀਆਂ ਨੇ ਆਪਣੇ ਤੌਰ ’ਤੇ ਮੁੰਬਈ ਅਤਿਵਾਦੀ ਹਮਲੇ ਦੀ ਜਾਂਚ ਕੀਤੀ ਹੈ ਅਤੇ ਜਾਂਚ ਮਗਰੋਂ ਸਾਹਮਣੇ ਆਏ ਸਬੂਤਾਂ ਨੂੰ ਪਾਕਿਸਤਾਨ ਕੋਲ ਸੌਂਪਿਆ ਗਿਆ ਹੈ।
ਇਸੇ ਦੌਰਾਨ ਸਟੇਟ ਵਿਭਾਗ ਦੇ ਬੁਲਾਰੇ ਜੈਨ ਪਸਕੀ ਨੇ ਕਿਹਾ ਕਿ ਪਾਕਿਸਤਾਨ ਨੇ ਮੁੰਬਈ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਅਤਿਵਾਦੀਆਂ ਅਤੇ ਇਸ ਹਮਲੇ ਲਈ ਫੰਡ ਮੁਹੱਈਆ ਕਰਵਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਵਚਨਬੱਧਤਾ ਦੁਹਰਾਈ ਸੀ ਤੇ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ 55 ਸਾਲਾ   ਲਖਵੀ, ਜੋ ਕਿ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹੈ, ਪਾਕਿਸਤਾਨ ਦੀ ਜੇਲ੍ਹ ਵਿੱਚ ਪਬਲਿਕ ਸਕਿਓਰਿਟੀ ਐਕਟ ਤਹਿਤ ਬੰਦ ਹੈ। ਉਸ ਨੂੰ ਪਿਛਲੇ ਹਫਤੇ ਰਿਹਾਅ ਕੀਤਾ ਜਾਣਾ ਸੀ, ਪਰ ਬਾਅਦ ਵਿੱਚ ਮੁੜ ਗ੍ਰਿਫਤਾਰ ਕਰ ਲਿਆ ਗਿਆ। ਮੁੰਬਈ ਹਮਲਾ 26 ਨਵੰਬਰ 2008 ਵਿੱਚ ਹੋਇਆ ਸੀ ਜਿਸ ਵਿੱਚ ਛੇ ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਸਨ।

Facebook Comment
Project by : XtremeStudioz