Close
Menu

ਅਮਰੀਕੀ ਅਦਾਲਤ ਵੱਲੋਂ ਕਾਂਗਰਸ ਖ਼ਿਲਾਫ਼ 84 ਕਤਲੇਆਮ ਦਾ ਕੇਸ ਖਾਰਜ

-- 21 December,2014

1984ਨਿਊਯਾਰਕ, ਅਮਰੀਕਾ ਦੀ ਅਦਾਲਤ ਨੇ ਸਿੱਖਜ਼ ਫਾਰ ਜਸਟਿਸ ਜਥੇਬੰਦੀ ਵੱਲੋਂ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਪਾਰਟੀ ਖ਼ਿਲਾਫ਼ ਪਾਈ ਪਟੀਸ਼ਨ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਇਸ ਕੇਸ ਦਾ ਅਮਰੀਕਾ ਨਾਲ ਕੋਈ ਸਬੰਧ ਨਹੀਂ ਹੈ। ਅਮਰੀਕੀ ਸੈਕਿੰਡ ਸਰਕਿਟ ਅਪੀਲ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਜਥੇਬੰਦੀ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਦੰਗਿਆਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦੋਸ਼ਾਂ ਨੂੰ ਮੂਲੋਂ ਰੱਦ ਕਰ ਦਿੱਤਾ। ਬੈਂਚ ਨੇ ਫੈਸਲਾ ਦਿੱਤਾ ਕਿ ਜੇਕਰ ਮੰਨ ਲਿਆ ਜਾਵੇ ਕਿ ਕਾਂਗਰਸ ਪਾਰਟੀ ਅਤੇ ਆਗੂ ਕਮਲ ਨਾਥ ਸਿੱਖਾਂ ਖ਼ਿਲਾਫ਼ ਹਿੰਸਾ ਲਈ ਜ਼ਿੰਮੇਵਾਰ ਹਨ ਤਾਂ ਇਹ ਕਾਰਾ ‘ਭਾਰਤ ‘ਚ ਭਾਰਤੀ ਨਾਗਰਿਕਾਂ ਵੱਲੋਂ ਦੂਜੇ ਭਾਰਤੀ ਨਾਗਰਿਕਾਂ ਖ਼ਿਲਾਫ਼ ਕੀਤਾ ਗਿਆ ਹੈ।’ ਉਨ੍ਹਾਂ ਕਿਹਾ ਕਿ ਇਹ ਦੂਜੇ ਮੁਲਕ ਦਾ ਮਾਮਲਾ ਹੋਣ ਕਰਕੇ ਸਾਡੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ। ਅਪੀਲ ਕੋਰਟ ਨੇ ਕਿਹਾ ਕਿ ਏਟੀਐਸ (ਏਲੀਏਨ ਟੋਰਟਸ ਸਟੈਚੂਟ) ਦੀ ਕਥਿਤ ਉਲੰਘਣਾ ਵਿਦੇਸ਼ ‘ਚ ਹੋਈ ਹੈ ਅਤੇ ਕੇਸ ਦਾਇਰ ਕਰਨ ਵਾਲੇ ਅਮਰੀਕਾ ‘ਚ ਹਨ ਜਿਸ ਕਾਰਨ ਦੂਜੇ ਮੁਲਕ ‘ਚ ਇਹ ਕਾਨੂੰਨ ਲਾਗੂ ਨਹੀਂ ਹੁੰਦਾ। ਸਿੱਖਜ਼ ਫਾਰ ਜਸਟਿਸ ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਉਹ ਦੁਬਾਰਾ ਤੋਂ ਪਟੀਸ਼ਨ ਦਾਖਲ ਕਰਨਗੇ। ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਾਂਗਰਸ ਪਾਰਟੀ ਦੇ ਅਟਾਰਨੀ ਰਵੀ ਬੱਤਰਾ ਨੇ ਪੀਟੀਆਈ ਨੂੰ ਦੱਸਿਆ ਕਿ ਸਿੱਖ ਜਥੇਬੰਦੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਕੇਸ ਗਲਤ ਹੈ ਅਤੇ ਹੁਣ ਉਨ੍ਹਾਂ ਨੂੰ ਇਸ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।

Facebook Comment
Project by : XtremeStudioz