Close
Menu

ਅਮਰੀਕੀ ਹਮਾਇਤ ਬਿਨਾਂ ਖ਼ਸ਼ੋਗੀ ਦਾ ਕਤਲ ਮੁਮਕਿਨ ਨਹੀਂ: ਰੂਹਾਨੀ

-- 25 October,2018

ਤਹਿਰਾਨ/ਵਾਸ਼ਿੰਗਟਨ, 25 ਅਕਤੂਬਰ
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅੱਜ ਕਿਹਾ ਕਿ ਸਾਊਦੀ ਪੱਤਰਕਾਰ ਜਮਾਲ ਖ਼ਸ਼ੋਗੀ ਦਾ ‘ਬੇਰਹਿਮੀ ਨਾਲ ਕੀਤਾ ਗਿਆ ਕਤਲ’ ਅਮਰੀਕਾ ਦੀ ਹਮਾਇਤ ਤੋਂ ਬਿਨਾਂ ਨਾਮੁਮਕਿਨ ਜਾਪਦਾ ਹੈ। ਇਸ ਦੌਰਾਨ ਅਮਰੀਕਾ ਨੇ ਕਿਹਾ ਕਿ ਉਸ ਨੇ ਖਸ਼ੋਗੀ ਕਤਲ ਮਾਮਲੇ ਵਿੱਚ ਸ਼ਾਮਲ ਸਾਊਦੀ ਅਧਿਕਾਰੀਆਂ ਦੇ ਵੀਜ਼ੇ ਰੱਦ ਕਰਵਾ ਦਿੱਤੇ ਹਨ। ਅਮਰੀਕਾ ਨੇ ਕਿਹਾ ਕਿ ਉਹ ਕਸੂਰਵਾਰਾਂ ਨੂੰ ਜਵਾਬਦੇਹ ਬਣਾਉਣ ਲਈ ਅੱਗੋਂ ਵੀ ਕਾਰਵਾਈ ਜਾਰੀ ਰੱਖੇਗਾ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਖ਼ਸ਼ੋਗੀ ਕਤਲ ਮਾਮਲਾ ਇਤਿਹਾਸ ਵਿੱਚ ਕਿਸੇ ਘਟਨਾ ’ਤੇ ਪਰਦਾ ਪਾਉਣ ਦੀ ਸਭ ਤੋਂ ਵੱਡੀ ਮਿਸਾਲ ਹੈ। ਇਸ ਦੌਰਾਨ ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨੇ ਇਸ ਹੱਤਿਆ ਨੂੰ ਘਿਨੌਣਾ ਅਪਰਾਧ ਕਰਾਰ ਦਿੱਤਾ ਹੈ।
ਸ੍ਰੀ ਰੂਹਾਨੀ ਨੇ ਸਰਕਾਰੀ ਟੈਲੀਵਿਜ਼ਨ ’ਤੇ ਤਕਰੀਰ ਦੌਰਾਨ ਕਿਹਾ, ‘ਮੈਨੂੰ ਨਹੀਂ ਲਗਦਾ ਕਿ ਕੋਈ ਵੀ ਮੁਲਕ ‘ਅਮਰੀਕਾ ਦੀ ਹਮਾਇਤ ਤੋਂ ਬਿਨਾਂ’ ਅਜਿਹੀ ਹਿਮਾਕਤ ਕਰਨ ਦੀ ਜੁਰਅੱਤ ਕਰੇਗਾ।’ ਇਰਾਨੀ ਸਦਰ ਨੇ ਕਿਹਾ ਕਿ ਖ਼ਸ਼ੋਗੀ ਦੇ ਕਤਲ ਤੋਂ ਪਹਿਲਾਂ ਇਹ ਕਿਆਸ ਲਾਉਣਾ ਵੀ ਔਖਾ ਸੀ ਕਿ ਅੱਜ ਦੇ ਸਮੇਂ ’ਚ ਇੰਨੀ ਵਿਉਂਤਬੰਦੀ ਨਾਲ ਕਿਸੇ ਕਤਲ ਦੀ ਘਟਨਾ ਸਾਡੇ ਸਾਹਮਣੇ ਵਾਪਰੇਗੀ। ਰਾਸ਼ਟਰਪਤੀ ਨੇ ਕਿਹਾ, ‘ਇਹ ਕਾਫ਼ੀ ਅਹਿਮ ਹੈ ਕਿ ਇਕ ਸੰਸਥਾ ਬੇਰਹਿਮੀ ਨਾਲ ਕਤਲ ਕਰਨ ਦੀ ਅਜਿਹੀ ਸਾਜ਼ਿਸ਼ ਘੜ ਸਕਦੀ ਹੈ। ਉਸ ਮੁਲਕ (ਸਾਊਦੀ ਅਰਬ) ਵਿੱਚ ਜਿਹੜਾ ਕਬਾਇਲੀ ਸਮੂਹ ਸੱਤਾ ਵਿੱਚ ਹੈ, ਉਹਦੀਆਂ ਕੁਝ ਆਪਣੀਆਂ ਸੁਰੱਖਿਆ ਸੀਮਾਵਾਂ ਹਨ। ਹਾਸ਼ੀਏ ’ਤੇ ਧੱਕੀ ਸੁਰੱਖਿਆ ਅਮਰੀਕੀ ਹਮਾਇਤ ’ਤੇ ਨਿਰਭਰ ਹੈ। ਇਹੀ ਉਹ ਸੁਪਰਪਾਵਰ ਹੈ, ਜੋ ਉਨ੍ਹਾਂ ਦੀ ਹਮਾਇਤ ਕਰ ਰਹੀ ਹੈ।’

ਸਾਊਦੀ ਅਰਬ ਵੱਲੋਂ ਕੌਂਸੁਲੇਟ ਵਿਚਲੇ ਖੂਹ ਦੀ ਤਲਾਸ਼ੀ ਲਈ ਇਜਾਜ਼ਤ ਦੇਣ ਤੋਂ ਨਾਂਹ
ਇਸਤੰਬੁਲ: ਸਾਊਦੀ ਸਰਕਾਰ ਨੇ ਤੁਰਕੀ ਪੁਲੀਸ ਨੂੰ ਇਸਤੰਬੁਲ ਸਥਿਤ ਸਾਊਦੀ ਅਰਬ ਦੇ ਕੌਂਸੁਲੇਟ ਵਿਚਲੇ ਖੂਹ ਦੀ ਤਲਾਸ਼ੀ ਲੈਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਤੁਰਕੀ ਵੱਲੋਂ ਪੱਤਰਕਾਰ ਜਮਾਲ ਖ਼ਸ਼ੋਗੀ ਦੇ ਕਤਲ ਮਾਮਲੇ ਦੀ ਆਪਣੇ ਪੱਧਰ ’ਤੇ ਵਿੱਢੀ ਜਾਂਚ ਦੌਰਾਨ ਸਬੂਤ ਇਕੱਤਰ ਕਰਨ ਲਈ ਸਾਊਦੀ ਕੌਂਸਲ ਦੀ ਰਿਹਾਇਸ਼ ਸਮੇਤ ਕੌਂਸੁਲੇਟ ਦੀ ਦੋ ਵਾਰ ਤਲਾਸ਼ੀ ਲਈ ਜਾ ਚੁੱਕੀ ਹੈ।

Facebook Comment
Project by : XtremeStudioz