Close
Menu

ਅਰਜਨਟੀਨਾ ਦੇ ਕੁਆਰਟਰ ਫਾਈਨਲ ’ਚ ਸਿੱਧੇ ਦਾਖ਼ਲੇ ਦੇ ਆਸਾਰ

-- 04 December,2018

ਭੁਬਨੇਸ਼ਵਰ, 4 ਦਸੰਬਰ
ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਪੁਰਸ਼ ਵਿਸ਼ਵ ਹਾਕੀ ਕੱਪ ਦੇ ਗਰੁੱਪ ‘ਏ’ ਦੇ ਦੂਜੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਕੁਆਰਟਰ ਫਾਈਨਲ ਵਿੱਚ ਸਿੱਧੇ ਦਾਖ਼ਲੇ ਦੀਆਂ ਉਮੀਦਾਂ ਪੱਕੀਆਂ ਕਰ ਲਈਆਂ ਹਨ। ਇਸ ਤੋਂ ਪਹਿਲਾਂ ਸਪੇਨ ਅਤੇ ਫਰਾਂਸ ਵਿਚਾਲੇ ਖੇਡਿਆ ਗਿਆ ਅੱਜ ਦਾ ਪਹਿਲਾ ਮੈਚ 1-1 ਗੋਲ ਨਾਲ ਡਰਾਅ ਰਿਹਾ।
ਅਰਜਨਟੀਨਾ ਦੇ ਤਿੰਨ ਸਟਾਰ ਹਾਕੀ ਖਿਡਾਰੀਆਂ ਅਗਸਟਿਨ ਮਜ਼ਿਲੀ (23ਵੇਂ ਮਿੰਟ), ਲੂਕਾਸ ਵਿਲਾ (41ਵੇਂ ਮਿੰਟ) ਅਤੇ ਲੂਕਾਸ ਮਾਰਟਿਨੈਜ਼ (55ਵੇਂ ਮਿੰਟ) ਨੇ ਇੱਥੇ ਕਲਿੰਗਾ ਸਟੇਡੀਅਮ ਵਿੱਚ ਇੱਕ-ਇੱਕ ਗੋਲ ਕੀਤਾ। ਇਸ ਜਿੱਤ ਨਾਲ ਅਰਜਨਟੀਨਾ ਨੇ ਆਪਣੇ ਗਰੁੱਪ ਗੇੜ ਵਿੱਚ ਛੇ ਅੰਕ ਖੱਟ ਲਏ ਹਨ ਅਤੇ ਉਹ ਚੋਟੀ ’ਤੇ ਹੈ। ਉਸ ਦੀਆਂ ਆਖ਼ਰੀ ਅੱਠ ਵਿੱਚ ਸਿੱਧੇ ਦਾਖ਼ਲੇ ਦੀਆਂ ਉਮੀਦਾਂ ਵੀ ਵਧ ਗਈਆਂ ਹਨ। ਨਿਊਜ਼ੀਲੈਂਡ ਅੱਜ ਦਾ ਮੈਚ ਡਰਾਅ ਖੇਡਣ ਵਾਲੇ ਸਪੇਨ ਅਤੇ ਫਰਾਂਸ ਤੋਂ ਅੱਗੇ ਦੂਜੇ ਸਥਾਨ ਹੈ। ਅਰਜਨਟੀਨਾ ਨੇ ਸ਼ੁਰੂਆਤੀ ਮੈਚ ਵਿੱਚ ਸਪੇਨ ਨੂੰ 4-3 ਗੋਲਾਂ ਨਾਲ, ਜਦੋਂਕਿ ਨਿਊਜ਼ੀਲੈਂਡ ਨੇ ਫਰਾਂਸ ਨੂੰ 2-1 ਨਾਲ ਹਰਾਇਆ ਸੀ। ਅਰਜਨਟੀਨਾ ਗਰੁੱਪ ਗੇੜ ਦਾ ਆਖ਼ਰੀ ਮੈਚ ਛੇ ਦਸੰਬਰ ਨੂੰ ਦੁਨੀਆ ਦੀ 20ਵੇਂ ਨੰਬਰ ਦੀ ਟੀਮ ਫਰਾਂਸ ਨਾਲ ਖੇਡੇਗੀ।
ਇਸ ਤੋਂ ਪਹਿਲੇ ਮੈਚ ਵਿੱਚ ਕਪਤਾਨ ਅਤੇ ਗੋਲਕੀਪਰ ਕਵਿਕੋ ਕੋਰਟਜ਼ ਦੇ ਪੈਨਲਟੀ ਸਟਰੋਕ ’ਤੇ ਕੀਤੇ ਗਏ ਸ਼ਾਨਦਾਰ ਬਚਾਅ ਦੀ ਬਦੌਲਤ ਤਿੰਨ ਵਾਰ ਚੈਂਪੀਅਨ ਰਹੇ ਸਪੇਨ ਨੇ ਫਰਾਂਸ ਖ਼ਿਲਾਫ਼ ਪੂਲ ‘ਏ’ ਦਾ ਮੈਚ 1-1 ਨਾਲ ਡਰਾਅ ਕਰਵਾਇਆ। ਇਹ ਮੈਚ ਡਰਾਅ ਰਹਿਣ ਕਾਰਨ ਦੋਵੇਂ ਟੀਮਾਂ ਨਾਕਆਊਟ ਵਿੱਚ ਪਹੁੰਚਣ ਦੀ ਦੌੜ ਵਿੱਚ ਕਾਇਮ ਹਨ। ਦੋਵਾਂ ਨੂੰ ਦੋ ਮੈਚਾਂ ਵਿੱਚ ਇੱਕ-ਇੱਕ ਅੰਕ ਮਿਲੇ ਹਨ।
ਇਹ ਵਿਸ਼ਵ ਵਿੱਚ ਅੱਠਵੇਂ ਨੰਬਰ ਦੀ ਸਪੇਨ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਹੇਠਲੀ ਰੈਂਕਿੰਗ ਵਾਲੀ (20ਵੇਂ ਨੰਬਰ) ਟੀਮ ਫਰਾਂਸ ਵਿਚਾਲੇ ਮੈਚ ਸੀ। ਹਾਲਾਂਕਿ ਇਹ ਮੁਕਾਬਲਾ ਕਾਫ਼ੀ ਸਖ਼ਤ ਵੇਖਣ ਨੂੰ ਮਿਲਿਆ। ਫਰਾਂਸੀਸੀ ਟੀਮ ਨੇ ਆਪਣੀ ਵਿਰੋਧੀ ਟੀਮ ਨੂੰ ਕਾਫੀ ਸਖ਼ਤ ਚੁਣੌਤੀ ਦਿੱਤੀ। ਫਰਾਂਸ ਨੇ ਛੇਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਸਪੇਨ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ। ਫਰਾਂਸ ਵੱਲੋਂ ਇਹ ਗੋਲ ਟਿਮੋਥੀ ਕਲੇਮੈਂਟ ਨੇ ਕੀਤਾ ਸੀ। ਉਸ ਨੇ ਤੀਜੇ ਕੁਆਰਟਰ ਤੱਕ ਇਹ ਲੀਡ ਕਾਇਮ ਰੱਖੀ।
ਸਪੇਨ ਨੇ ਮੈਚ ਦੇ ਅੱਧ ਮਗਰੋਂ ਚੰਗੀ ਖੇਡ ਵਿਖਾਈ। ਉਸ ਵੱਲੋਂ ਅਲਵਾਰੋ ਇਗਲੇਸੀਅਸ ਨੇ 48ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਦਾਗ਼ਿਆ। ਫਰਾਂਸ ਕੋਲ ਟੂਰਨਾਮੈਂਟ ਦਾ ਪਹਿਲਾ ਵੱਡਾ ਉਲਟਫੇਰ ਕਰਨ ਦਾ ਸੁਨਹਿਰਾ ਮੌਕਾ ਸੀ, ਪਰ ਸਪੇਨ ਦੇ ਕਪਤਾਨ ਕੋਰਟੇਸ ਆਪਣੀ ਟੀਮ ਦੇ ਬਚਾਅ ਲਈ ਅੱਗੇ ਆਇਆ। ਉਸ ਨੇ ਕਈ ਸ਼ਾਨਦਾਰ ਸ਼ਾਟ ਰੋਕੇ। ਸਪੇਨ ਦੇ ਡਿਫੈਂਸ ਦੇ ਗੋਲ ਪੋਸਟ ਦੇ ਮੁਹਾਣੇ ’ਤੇ ਅੜਿੱਕਾ ਡਾਹੁਣ ਕਾਰਨ ਫਰਾਂਸ ਨੂੰ ਵੀਡੀਓ ਰੈਫਰਲ ਰਾਹੀਂ ਪੈਨਲਟੀ ਸਟਰੋਕ ਮਿਲਿਆ, ਪਰ ਕੋਰਟਸ ਨੇ ਹਿਊਗੋ ਜਿਨਸਟੈੱਟ ਦਾ ਸ਼ਾਨਦਾਰ ਸ਼ਾਟ ਰੋਕ ਦਿੱਤਾ।

Facebook Comment
Project by : XtremeStudioz