Close
Menu

ਅਲਬਰਟਾ ਦਾ 5 ਅਰਬ ਡਾਲਰ ਘਾਟੇ ਵਾਲਾ ਬਜਟ ਪੇਸ਼

-- 29 March,2015

ਕੈਲਗਰੀ, ਪਿਛਲੇ ਕਈ ਮਹੀਨਿਆਂ ਤੋਂ ਕੌਮਾਂਤਰੀ ਪੱਧਰ ’ਤੇ ਤੇਲ ਦੀ ਮੰਦੀ ਦੀ ਮਾਰ ਦਾ ਅਸਰ ਅਲਬਰਟਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਤੇਲ ਦੇ ਖੂਹਾਂ ਦੀ ਧਰਤੀ ਵਜੋਂ ਜਾਣੇ ਇਸ ਸੂਬੇ ਦਾ ਅੱਜ 5 ਅਰਬ ਡਾਲਰ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ। ਇਸ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੱਡੇ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ ਹੈ।
ਵਿੱਤ ਮੰਤਰੀ ਰੌਬਿਨ ਕੈਂਬਲ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਕੌਮਾਂਤਰੀ ਤੇਲ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੀ ਗਿਰਾਵਟ ਦਾ ਖਾਮਿਆਜ਼ਾ ਅਲਬਰਟਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮਦਨ ਦਾ ਵੱਡਾ ਹਿੱਸਾ ਕੱਚੇ ਤੇਲ ਤੋਂ ਆਉਂਦਾ ਹੈ। ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਨੇ ਆਰਥਿਕਤਾ ਨੂੰ ਸੱਟ ਮਾਰੀ ਹੈ। ਦੱਸਣਯੋਗ ਹੈ ਕਿ 2004-05 ਵਿੱਤੀ ਸਾਲ ਦੌਰਾਨ ਇਸ ਸੂਬੇ ਨੇ ਕੱਚੇ ਤੇਲ ਤੋਂ ਚੋਖੀ ਕਮਾਈ ਕੀਤੀ ਸੀ ਤੇ ਇਹ ਮੁਨਾਫ਼ਾ ਸਾਰੇ ਅਲਬਰਟਾ ਵਾਸੀਆਂ ਦੇ ਹਿੱਸੇ ਆੲਿਆ ਸੀ। ਆਰਥਿਕ ਨੀਤੀਆਂ ਬਾਰੇ  ਸਖ਼ਤ ਫੈਸਲੇ ਲੈਣ ਲਈ ਜਾਣੇ ਜਾਂਦੇ ਅਲਬਰਟਾ ਦੇ ਪ੍ਰੀਮੀਅਰ (ਮੁੱਖ ਮੰਤਰੀ) ਜਿੰਮ ਪਰੈਂਟਿਸ ਨੇ ਪਹਿਲਾਂ ਹੀ ਸਖ਼ਤ ਬਜਟ ਬਾਰੇ ਚੌਕਸ ਕਰ ਦਿੱਤਾ ਸੀ। ਕਈ ਸਾਲਾਂ ਤੋਂ ਸਿਹਤ ਸਹੂਲਤਾਂ ਦਾ ਆਨੰਦ ਮਾਣ ਰਹੇ ਸੂਬਾ ਵਾਸੀਆਂ ਨੂੰ ਹੁਣ ਮੁਢਲੀ ਸਿਹਤ ਜਾਂਚ ਲਈ ਡਾਲਰ ਦੇਣੇ ਪੈਣਗੇ।
ਸਾਲਾਨਾ  ਪੰਜਾਹ ਹਜ਼ਾਰ ਡਾਲਰ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਰਾਬ, ਸਿਗਰਟ ਤੇ ਤੇਲ ਉੱਪਰ ਟੈਕਸ ਲਗਾਇਆ ਗਿਆ ਹੈ। ਟਰੈਫ਼ਿਕ ਚਲਾਨਾਂ ਦੇ ਜੁਰਮਾਨਿਆਂ ਵਿੱਚ ਵੀ ਚੋਖਾ ਵਾਧਾ ਕੀਤਾ ਗਿਆ ਹੈ। ਕੰਪਨੀਆਂ ਦੀਆਂ ਨੌਕਰੀਆਂ ਨੂੰ ਬਚਾਉਣ ਲਈ ਸਰਕਾਰ ਨੇ ਕਾਰਪੋਰੇਟ ਟੈਕਸ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ । ਅਲਬਰਟਾ ਸੂਬੇ ਵਿੱਚ ਇਸ ਸਾਲ ਚੋਣਾਂ ਹੋਣ ਦੀ ਸੰਭਾਵਨਾ ਹੈ।

Facebook Comment
Project by : XtremeStudioz