Close
Menu

ਅਲਾਨ ਕੁਰਦੀ ਅਤੇ ਉਸ ਦੇ ਪਰਿਵਾਰ ਦੀ ਰਿਫੂਜ਼ੀ ਅਰਜ਼ੀ ਕਦੇ ਖਾਰਜ਼ ਨਹੀਂ ਹੋਈ – ਕੈਨੇਡਾ

-- 05 September,2015

ਔਟਵਾ,  ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਨੇ ਕਦੇ ਵੀ ਅਲਾਨ ਕੁਰਦੀ, ਜਿਸ ਦੀ ਸਮੁੰਦਰ ਕੰਢੇ ਪਈ ਮ੍ਰਿਤਕ ਦੇਹ ਨੇ ਦੁਨੀਆਂ ਭਰ ਵਿਚ ਰਿਫੂਅਜੀ ਸੰਕਟ ਦੀ ਚਰਚਾ ਛੇੜ ਦਿਤੀ ਹੈ, ਅਤੇ ਉਸ ਦੇ ਪਰਿਵਾਰ ਦੀ ਰਿਫੂਜੀ ਅਰਜ਼ੀ ਖਾਰਜ਼ ਨਹੀਂ ਕੀਤੀ। ਪਹਿਲੀਆਂ ਖ਼ਬਰਾਂ ਵਿਚ ਕਿਹਾ ਗਿਆ ਸੀ ਕੈਨੇਡਾ ਸਰਕਾਰ ਵਲੋਂ ਜੂਨ ਦੇ ਮਹੀਨੇ ਉਨ੍ਹਾਂ ਦੀ ਅਰਜ਼ੀ ਖਾਰਜ਼ ਕਰ ਦਿਤੀ ਗਈ ਸੀ। ਪਰ ਲੜਕੇ ਦੀ ਰਿਸ਼ਤੇਦਾਰ ਆਂਟੀ ਵਲੋਂ ਅੱਜ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਸ ਵਲੋਂ ਹਾਲ ਦੀ ਘੜੀ ਸਪੌਂਸਰਸਿ਼ਪ ਅਰਜ਼ੀ ਦਾਖਲ ਨਹੀਂ ਸੀ ਕੀਤੀ ਗਈ। ਅਸਲ ਵਿਚ ਉਸ ਵਲੋਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਬੁਲਾਉਣ ਲਈ ਅਰਜ਼ੀ ਦਿਤੀ ਗਈ ਸੀ।

3 ਸਾਲਾਂ ਆਇਲਨ ਕੁਰਦੀ, 5 ਸਾਲਾਂ ਗੁਲੀਪ ਅਤੇ ਉਨ੍ਹਾਂ ਦੀ ਮਾਂ ਰਿਹਾਮ ਦੀ ਸਮੁੰਦਰੀ ਮੌਤ ਨੇ ਸਾਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਇਸ ਨੇ ਦਰਸਾਇਆ ਹੈ ਕਿ ਸੀਰੀਆ ਦਾ ਸ਼ਰਨਾਰਥੀ ਸੰਕਟ ਕਿੰਨਾ ਗਹਿਰਾ ਹੈ। ਇਸ ਘਟਨਾ ਨੇ ਕੈਨੇਡਾ ਸਰਕਾਰ ਨੂੰ ਵੀ ਕਟਹਿਰੇ ਵਿਚ ਲਿਆ ਖੜਾ ਕੀਤਾ ਹੈ ਕਿਉਂਕਿ ਸੂਤਰਾਂ ਮੁਤਾਬਕ ਇਹ ਲੋਕ ਕੈਨੇਡੀਅਨ ਸ਼ਰਨਾਰਥੀ ਬਣਨ ਦੀਆਂ ਕੋਸਿ਼ਸ਼ਾ ਕਰ ਰਹੇ ਸਨ।

ਬੱਚੇ ਦੇ ਪਿਤਾ ਅਬਦੁਲਾ ਕੁਰਦੀ ਨੇ ਦਸਿਆ ਕਿ ਉਨ੍ਹਾਂ ਦੀ ਬੇੜੀ ਪਲਟਣ ਤੋਂ ਬਾਅਦ ਬੱਚੇ ਉਸ ਦੇ ਹੱਥਾ ਵਿਚੋਂ ਨਿਕਲ ਗਏ। ਇਹ ਸਮੁੰਦਰੀ ਬੇੜੀ ਤੁਰਕੀ ਤੋਂ ਗ੍ਰੀਸ ਤੇ ਤੱਟ ਤੇ ਪਹੁੰਚਣ ਦੀ ਕੋਸਿ਼ਸ਼ ਕਰ ਰਹੀ ਸੀ।

ਅਬਦੁਲਾ ਦੀ ਭੈਣ ਟੀਮਾ ਨੇ ਦਸਿਆ ਕਿ ਉਹ ਇਸ ਪਰਿਵਾਰ ਨੂੰ ਸਪੌਂਸਰ ਕਰਨ ਦੀ ਤਿਆਰੀ ਕਰ ਰਹੀ ਸੀ ਅਤੇ ਇਸ ਲਈ ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਬੈਂਕ ਵਿਚ ਡਾਲਰ ਜਮਾ ਕਰਨ ਤੇ ਲੱਗੀ ਹੋਈ ਸੀ। ਉਸ ਨੇ ਦਸਿਆ ਕਿ ਮੈਂ ਤੁਰਕੀ ਵਿਚ ਉਨ੍ਹਾਂ ਦਾ ਕਿਰਾਇਆ ਵੀ ਦੇ ਰਹੀ ਸੀ। ਟੀਮਾ ਨੇ ਪ੍ਰੈਸ ਕਾਨਫਰੈਂਸ ਵਿਚ ਮੰਨਿਆ ਕਿ ਉਸ ਵਲੋਂ ਹਾਲ ਦੀ ਘੜੀ ਅਬਦੁਲ੍ਹਾ ਅਤੇ ਉਸ ਦੇ ਬੱਚਿਆਂ ਲਈ ਅਰਜ਼ੀ ਨਹੀਂ ਸੀ ਭਰੀ ਗਈ।

ਐਨ ਡੀ ਪੀ ਅਤੇ ਲਿਬਰਲਾਂ ਵਲੋਂ ਇਸ ਸਥਿਤੀ ਤੇ ਚਿੰਤਾ ਜਤਾਈ ਗਈ ਹੈ ਪਰ ਦੋਵਾਂ ਪਾਰਟੀਆਂ ਵਲੋਂ ਇਸ ਬਾਰੇ ਕੋਈ ਠੋਸ ਨੁਕਤੇ ਪੇਸ਼ ਨਹੀਂ ਕੀਤੇ ਗਏ। ਐਨ ਡੀ ਪੀ ਆਗੂ ਮਲਕੇਅਰ ਨੇ ਕਿਹਾ ਕਿ ਹਾਰਪਰ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਵਿਚ ਨਾਕਾਮਯਾਬ ਰਹੀ ਹੈ ਜਦਕਿ ਜਸਟਿਨ ਟਰੂਡੋ ਨੇ ਆਪਣੀ ਪਾਰਟੀ ਦੀ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਲਿਬਰਲ ਸਰਕਾਰ 25,000 ਸੀਰੀਅਨ ਸ਼ਰਨਾਰਥੀਆਂ ਨੂੰ ਸ਼ਰਣ ਦੇਵੇਗੀ।

ਕੰਸਰਵੇਟਿਵ ਸਰਕਾਰ ਵਲੋਂ ਜਨਵਰੀ ਮਹੀਨੇ ਇਹ ਐਲਾਨ ਕੀਤਾ ਗਿਆ ਸੀ ਕਿ ਅਗਲੇ ਤਿੰਨ ਸਾਲਾ ਵਿਚ 10,000 ਸ਼ਰਨਾਰਥੀਆਂ ਨੂੰ ਸ਼ਰਣ ਦੇਵੇਗੀ।

ਮਨਿਸਟਰ ਅਲੈਗਜ਼ੈਡਰ ਵਲੋਂ ਅੱਜ ਏਜੈਕਸ ਵਿਚ ਆਪਣੀ ਚੋਣ ਮੁਹਿੰਮ ਕੁੱਝ ਸਮੇਂ ਲਈ ਰੋਕ ਦਿਤੀ ਗਈ ਹੈ ਤਾਂ ਜੋ ਇਸ ਸੰਕਟ ਦੀ ਘੜੀ ਨਾਲ ਨਜਿੱਠ ਸਕਣ। ਆਪਣੇ ਇੱਕ ਬਿਆਨ ਵਿਚ ਕ੍ਰਿਸ ਅਲੈਗਜ਼ੈਂਡਰ ਨੇ ਕਿਹਾ ਕਿ ਕੈਨੇਡਾ ਵਲੋਂ ਪਹਿਲਾਂ ਹੀ 22,000 ਇਰਾਕੀਆਂ ਅਤੇ 2,300 ਸੀਰੀਅਨਾਂ ਨੂੰ ਸ਼ਰਣ ਦਿਤੀ ਜਾ ਚੁੱਕੀ ਹੈ।

Facebook Comment
Project by : XtremeStudioz