Close
Menu

ਅਸੀਂ ਕਾਰੋਬਾਰੀਆਂ ਨਾਲ ਖੜ੍ਹਨ ਤੋਂ ਨਹੀਂ ਡਰਦੇ: ਮੋਦੀ

-- 30 July,2018

ਲਖਨਊ, 30 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰਾਂ ਵੱਲੋਂ ਸਨਅਤਕਾਰਾਂ ਨੂੰ ‘ਚੋਰ ਤੇ ਲੁਟੇਰਾ’ ਕਹੇ ਜਾਣ ਦੇ ਮੁੱਦੇ ’ਤੇ ਕਿਹਾ ਕਿ ਉਨ੍ਹਾਂ ਨੂੰ ਸਨਅਤਕਾਰਾਂ ਦੇ ਹੱਕ ’ਚ ਖੜ੍ਹੇ ਹੋਣ ’ਚ ਕੋਈ ਵੀ ਝਿਜਕ ਨਹੀਂ ਹੈ ਕਿਉਂਕਿ ਉਹ ਉਨ੍ਹਾਂ ਦੀ ਮਨਸ਼ਾ ਜਾਣਦੇ ਹਨ। ਸ੍ਰੀ ਮੋਦੀ ਅੱਜ ਉੱਤਰ ਪ੍ਰਦੇਸ਼ ’ਚ 60 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ 81 ਨਿਵੇਸ਼ ਪ੍ਰਾਜੈਕਟਾਂ ਦੇ ਉਦਘਾਟਨ ਮਗਰੋਂ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ’ਚੋਂ ਨਹੀਂ ਹਾਂ ਜੋ ਕਾਰੋਬਾਰੀਆਂ ਨਾਲ ਖੜ੍ਹੇ ਹੋਣ ਤੋਂ ਡਰਦੇ ਹਾਂ। ਕਿਸਾਨਾਂ, ਬੈਂਕਰਾਂ, ਸਰਕਾਰੀ ਮੁਲਾਜ਼ਮਾਂ, ਕਿਰਤੀਆਂ ਤੇ ਸਨਅਤਕਾਰਾਂ ਨੇ ਦੇਸ਼ ਦੇ ਵਿਕਾਸ ’ਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਦੀ ਨੀਅਤ ਬਿਲਕੁਲ ਸਾਫ਼ ਸੀ, ਇਸ ਲਈ ਉਨ੍ਹਾਂ ਨੂੰ ਬਿਰਲਾ ਪਰਿਵਾਰ ਨਾਲ ਖੜ੍ਹਨ ’ਚ ਕਦੀ ਕੋਈ ਝਿਜਕ ਨਹੀਂ ਸੀ ਹੋਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਨੀਅਤ ਸਾਫ਼ ਨਹੀਂ ਹੁੰਦੀ ਉਹ ਪਰਦੇ ਦੇ ਪਿੱਛੇ ਅਜਿਹਾ ਕੁਝ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘ਕੀ ਸਾਨੂੰ ਸਨਅਤਕਾਰਾਂ ਤੇ ਕਾਰੋਬਾਰੀਆਂ ਨੂੰ ਚੋਰ ਲੁਟੇਰੇ ਕਹਿਣਾ ਚਾਹੀਦਾ ਹੈ। ਇਹ ਕੀ ਹੈ?’ ਉਨ੍ਹਾਂ ਬਿਨਾਂ ਕੋਈ ਨਾਂ ਲਏ ਕਿਹਾ ਕਿ ਹੁਣ ਜੋ ਲੋਕ ਗਲਤ ਕਰਨਗੇ ਉਨ੍ਹਾਂ ਨੂੰ ਜਾਂ ਤਾਂ ਮੁਲਕ ਛੱਡਣਾ ਪਵੇਗਾ ਜਾਂ ਜੇਲ੍ਹ ’ਚ ਸਜ਼ਾ ਕੱਟਣੀ ਪਵੇਗੀ। ਅਜਿਹਾ ਪਹਿਲਾਂ ਕਦੀ ਨਹੀਂ ਹੋਇਆ ਕਿਉਂਕਿ ਅਜਿਹਾ ਸਭ ਕੁਝ ਪਰਦੇ ਦੇ ਪਿੱਛੇ ਹੁੰਦਾ ਸੀ। ਆਪਣੇ ਆਲੋਚਕਾਂ ਨੂੰ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ, ‘ਮੇਰੀ ਆਲੋਚਨਾ ਕਰਨ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਉਨ੍ਹਾਂ ਨੇ ਆਪਣੇ 70 ਸਾਲਾਂ ਦੇ ਕਾਰਜਕਾਲ ਵਿੱਚ ਕੀ ਕੁਝ ਕੀਤਾ ਹੈ। ਮੈਨੂੰ ਸਿਰਫ਼ ਚਾਰ ਸਾਲ ਮਿਲੇ ਹਨ, ਜਦਕਿ ਉਨ੍ਹਾਂ 70 ਸਾਲ ਰਾਜ ਕੀਤਾ ਹੈ।’
ਸੂਬੇ ਵਿੱਚ ਆਪਣੀ ਲਗਾਤਾਰ ਛੇਵੀਂ ਫੇਰੀ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਉਹ ਇੱਥੋਂ ਲੋਕ ਸਭਾ ਮੈਂਬਰ ਹਨ ਤੇ ਉਹ ਚਾਹੇ ਜਿੰਨੀ ਵਾਰ ਮਰਜ਼ੀ ਇਸ ਇਲਾਕੇ ਦੇ ਦੌਰੇ ’ਤੇ ਆ ਸਕਦੇ ਹਨ। ਉੱਤਰ ਪ੍ਰਦੇਸ਼ ’ਚ ਅੱਜ ਰੱਖੇ ਗਏ ਨੀਂਹ ਪੱਥਰਾਂ ਬਾਰੇ ਸ੍ਰੀ ਮੋਦੀ ਨੇ ਕਿਹਾ, ‘ਇਹ ਇੱਕ ਰਿਕਾਰਡ ਹੈ ਤੇ ਮੈਂ ਇਸ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਵਧਾਈ ਦਿੰਦਾ ਹਾਂ।’ 

Facebook Comment
Project by : XtremeStudioz