Close
Menu

ਅਸੀਂ ਜੁਆਬ ਸੁਣਾਂਗੇ, ਟਿੱਚਰਾਂ ਨਹੀਂ ਸੁਣਨੀਆਂ: ਜਾਖਡ਼

-- 25 September,2015

ਚੰਡੀਗੜ੍ਹ, 25 ਸਤੰਬਰ: ਪੰਜਾਬ ਵਿਧਾਨ ਸਭਾ ਵਿੱਚ ਅੱਜ ਜਦੋਂ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਹਾਕਮ ਧਿਰ ਨੇ ਨਹੋਰਾ ਮਾਰਿਆ ਕਿ ਤੁਸੀਂ ਆਪਣੀ ਗੱਲ ਆਖ ਕੇ ਸਦਨ ਦਾ ਬਾਈਕਾਟ ਕਰ ਦਿੰਦੇ ਹੋ, ਅੱਜ ਮੁੱਖ ਮੰਤਰੀ ਨੇ ਬੋਲਣਾ ਹੈ, ਇਸ ਲਈ ਠਰੱਮ੍ਹੇ ਨਾਲ ਸੁਣੋ। ਹਾਕਮ ਧਿਰ ਦੇ ਇਸ ਸ਼ਬਦੀ ਵਾਰ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ‘‘ਅਸੀਂ ਜਵਾਬ ਮੰਗਣ ਆਏ ਹਾਂ, ਜੋ ਗੱਲਾਂ ਕੱਲ ਕਹੀਆਂ ਸਨ, ਜਵਾਬ ਮੰਗਾਂਗੇ ਤੇ ਸੁਣਾਂਗੇ, ਟਿੱਚਰਾਂ ਨੀਂ ਸੁਣਨੀਆਂ’’। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ ਹੀ ਆਪਣੇ ਸੰਬੋਧਨ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਟਿੱਚਰਾਂ ਕਰਕੇ ਲਾਜਵਾਬ ਕਰ ਦਿੰਦੇ ਹਨ। ਪ੍ਰਕਾਸ਼ ਸਿੰਘ ਬਾਦਲ ਜਦੋਂ ਖੇਤੀ ਮਸਲਿਆਂ ’ਤੇ ਚਲਦੀ ਬਹਿਸ ਦਾ ਜਵਾਬ ਦੇਣ ਲਈ ਖੜ੍ਹੇ ਹੋਏ ਤਾਂ ਵਿਰੋਧੀ ਧਿਰ ਗੈਰਹਾਜ਼ਰ ਸੀ। ਖਾਲ੍ਹੀ ਕੁਰਸੀਆਂ ਦੇਖ ਕੇ ਸ੍ਰੀ ਬਾਦਲ ਨੇ ਕਿਹਾ ਕਿ ਜਦੋਂ ਸਾਹਮਣੇ ਕੋਈ ਨਾ ਬੈਠਾ ਹੋਵੇ ਤਾਂ ਸਵਾਦ ਨਹੀਂ ਆਉਂਦਾ

ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਜਨਮ ਸਰਟੀਫਿਕੇਟ ਵਿੱਚ ਦਰਜ ਕੀਤੇ ਨਾਮ ਦੀ ਤਬਦੀਲੀ ਦੀ ਵਿਵਸਥਾ ਕੀਤੇ ਜਾਣ ਦੀ ਮੰਗ ਦੇ ਜਵਾਬ ਵਿੱਚ ਕਿਹਾ ਕਿ ਜਨਮ ਵੇਲੇ ਜੇ ਕਿਸੇ ਬੱਚੇ ਦਾ ਨਾਮ ‘‘ਕਿੰਟੂ ਸ਼ਿੰਟੂ ਜਾਂ ਹੋਰ ਰੱਖ ਲਿਆ, ਉਸ ’ਚ ਤਾਂ ਤਬਦੀਲੀ ਹੋ ਜਾਂਦੀ ਹੈ ਪਰ ਪੂਰਾ ਨਾਮ ਨਹੀਂ ਬਦਲਿਆ ਜਾ ਸਕਦਾ।ਬੁੱਧਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀਆਂ ਚਿੱਠੀਆਂ ’ਤੇ ਕੋਈ ਕਾਰਵਾਈ ਨਾ ਹੋਣ ਦਾ ਤਾਅਨਾ ਮਾਰਦਿਆਂ ਇੱਕ ਵੱਖਰੇ ਹੀ ਅੰਦਾਜ਼ ’ਚ ਕਿਹਾ ਕਿ ਇਨ੍ਹਾਂ ਚਿੱਠੀਆਂ ਦਾ ਤਾਂ ੳੁਸ ਗੀਤ ਵਾਲਾ ਹਾਲ ਹੈ, ‘‘ਚਿੱਠੀਆਂ ਸਹਿਬਾਂ ਜੱਟੀ ਨੇ, ਲਿਖ ਮਿਰਜੇ਼ ਵੱਲ ਪਾਈਆਂ’’।
ਵਿਧਾਨ ਸਭਾ ਵਿੱਚ ਅਕਸਰ ਚਰਚਾ ਦਾ ਵਿਸ਼ਾ ਰਹਿਣ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਟੋਕਦਿਆਂ ਸਪੀਕਰ ਨੇ ਕਿਹਾ ‘‘ਤੁਸੀਂ ਕਿਉਂ ਹਰ ਮਸਲੇ ਵਿੱਚ ਟੰਗ ਅੜਾਉਣ ਲਈ ਖੜ੍ਹੇ ਹੋ ਜਾਂਦੇ ਹੋ ਮੇਰੀ ਇਜਾਜ਼ਤ ਤੋਂ ਬਿਨਾਂ, ਬੈਠ ਜਾਓ’’। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਵਿਧਾਇਕ ਪਤਨੀ ਸ੍ਰੀਮਤੀ ਚਰਨਜੀਤ ਕੌਰ ਕਾਫ਼ੀ ਸਮਾਂ ਇਕੱਠੇ ਬੈਠ ਕੇ ਗੁਫ਼ਤਗੂ ਕਰਦੇ ਦੇਖੇ ਗਏ। ਜ਼ਿਕਰਯੋਗ ਹੈ ਕਿ ਸ੍ਰੀ ਵੜਿੰਗ ਨੂੰ ਰਾਹੁਲ ਗਾਂਧੀ ਦੇ ਕਰੀਬ ਮੰਨਿਆ ਜਾਂਦਾ ਹੈ ਤੇ ਪ੍ਰਤਾਪ ਬਾਜਵਾ ਤਾਂ ਰਾਹੁਲ ਗਾਂਧੀ ਦੇ ਨੇੜੇ ਹਨ ਹੀ।ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਸਾਨੀ ਮਸਲਿਆਂ ’ਤੇ ਬੋਲਦਿਆਂ ਸਰਕਾਰ ’ਤੇ ਨਿਸ਼ਾਨੇ ਸੇਧੇ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਆਦਰ ਸਤਿਕਾਰ ਪ੍ਰਗਟ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

Facebook Comment
Project by : XtremeStudioz