Close
Menu

‘ਅਾਪ’ ਦੀ ਅਨੁਸ਼ਾਸਨੀ ਕਮੇਟੀ ਨੇ ਗਾਂਧੀ ਤੇ ਖਾਲਸਾ ਨੂੰ ਭੇਜੇ ਨੋਟਿਸ

-- 25 September,2015

ਚੰਡੀਗੜ੍ਹ, 25 ਸਤੰਬਰ: ਆਮ ਆਦਮੀ ਪਾਰਟੀ ‘ਅਾਪ’ ਦੀ ਅਨੁਸ਼ਾਸਨੀ ਕਮੇਟੀ ਨੇ ਪਟਿਅਾਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਫਤਿਹਗਡ਼੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਰਸਮੀ ਨੋਟਿਸ ਭੇਜ ਦਿੱਤਾ ਹੈ। ਦੋਵਾਂ ਆਗੂਆਂ ਨੇ ਪੰਕਜ ਗੁਪਤਾ ਵੱਲੋਂ ਈਮੇਲ ਰਾਹੀਂ ਆਏ ਇਸ ਨੋਟਿਸ ਦੀ ਪੁਸ਼ਟੀ ਕੀਤੀ ਹੈ। ਵੀਹ ਦਿਨ ਪਹਿਲਾਂ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਮੇਲੇ ਉੱਤੇ ਪਾਰਟੀ ਦੀ ਅਧਿਕਾਰਤ ਕਾਨਫਰੰਸ ਦੇ ਮੁਕਾਬਲੇ ਕੀਤੀ ਗਈ ਦੂਸਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਕਾਰਨ ਦੋਵਾਂ ਨੂੰ ਉਸੇ ਦਿਨ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ। ਦੋਵਾਂ ਨੇ ਬਾ-ਦਲੀਲ ਜਵਾਬ ਦੇਣ ਦਾ ਫੈਸਲਾ ਕੀਤਾ ਹੈ ਅਤੇ ਅੱਗੋਂ ਪਾਰਟੀ ਨੇ ਵੀ ਇਨ੍ਹਾਂ ਨੂੰ ਬਾਹਰ ਦਾ ਰਾਹ ਦਿਖਾਉਣ ਦਾ ਫੈਸਲਾ ਕਰ ਲਿਆ ਲੱਗਦਾ ਹੈ।
ਨੋਟਿਸ ਰਾਹੀਂ ਤਿੰਨ ਸਵਾਲਾਂ ਦਾ ਜਵਾਬ ਮੰਗਿਆ ਗਿਆ ਹੈ। ਪਹਿਲਾ ਹੈ ਰੱਖੜ ਪੁੰਨਿਆ ਮੇਲੇ ਉੱਤੇ ਬਾਗੀ ‘ਆਪ’ ਵਲੰਟੀਅਰਾਂ ਦੀ ਰੈਲੀ ਵਿੱਚ ਸ਼ਾਮਲ ਹੋਕੇ ਰੈਲੀ ਵਿਚਲੇ ਬੈਨਰਾਂ ਉੱਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਫੋਟੋ ਅਤੇ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਵਰਤੋਂ ਕਿਉਂ ਕੀਤੀ ? ਦੂਸਰਾ ਲੋਕ ਸਭਾ ਅੰਦਰ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪਾਰਟੀ ਨੂੰ ਕਿਉਂ ਨਹੀਂ ਸੌਂਪਿਅਾ ? ਤੀਸਰਾ ਵੱਖ ਵੱਖ ਮੌਕਿਆਂ ਉੱਤੇ ਪਾਰਟੀ ਖਿਲਾਫ਼ ਪ੍ਰੈਸ ਵਿੱਚ ਵਿਚਾਰ ਪ੍ਰਗਟ ਕਰਕੇ ਅਨੁਸ਼ਾਸਨ ਕਿਉਂ ਭੰਗ ਕੀਤਾ ?
ਡਾ. ਗਾਂਧੀ ਨੇ ਕਿਹਾ ਕਿ ਉਹ ਪਹਿਲਾਂ ਹੀ ਅਨੁਸ਼ਾਸਨੀ ਕਮੇਟੀ ਵਿੱਚ ਪੱਖਪਾਤੀ ਆਗੂ ਬਿਠਾਉਣ ਦਾ ਵਿਰੋਧ ਕਰ ਚੁੱਕੇ ਹਨ। ਪਾਰਟੀ ਨੂੰ ਆਪਣੇ ਮੂਲ ਸਿਧਾਂਤ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਹਮੇਸ਼ਾ ਹੀ ਪਾਰਟੀ ਦੇੇ ਬੁਨਿਆਦੀ ਸਿਧਾਂਤਾਂ ਨੂੰ ਕਾਇਮ ਰੱਖਿਅਾ ਹੈ। ਪਾਰਟੀ ਦੇ ਨੋਟਿਸ ਦਾ ਉਹ ਬਾ-ਦਲੀਲ ਜਵਾਬ ਦੇਣਗੇ ਅਤੇ ਕੇਂਦਰੀ ਲੀਡਰਸ਼ਿਪ ਤੋਂ ਜਵਾਬ ਵੀ ਮੰਗਣਗੇ।
ਨੋਟਿਸ ਬਾਰੇ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ‘ਆਪ’ ਕੇਵਲ ਸ੍ਰੀ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਦੀ ਨਹੀਂ ਹੈ। ਬਾਬਾ ਬਕਾਲਾ ਦੀ ਕਾਨਫਰੰਸ ਬੁਲਾਉਣ ਦਾ ਦੋਸ਼ ਕੋਰਾ ਝੂਠ ਹੈ। ੳੁਨ੍ਹਾਂ ਕਿਹਾ,‘ਰਿਪੋਰਟ ਕਾਰਡ ਸਾਡੇ ਵੱਲੋਂ ਉਠਾਏ ਜਾਣ ਵਾਲੇ ਬੁਨਿਆਦੀ ਮੁੱਦਿਆਂ ਤੋਂ ਬਾਅਦ ਸਾਡੀ ਆਵਾਜ਼ ਬੰਦ ਕਰਨ ਲਈ ਮੰਗਿਆ ਗਿਆ ਸੀ। ਇਸ ਪਿੱਛੇ ਭਾਵਨਾ ਠੀਕ ਨਾ ਹੋਣ ਕਰਕੇ ਜਵਾਬ ਦੇਣਾ ਜ਼ਰੂਰੀ  ਨਹੀਂ ਸਮਝਿਆ ਗਿਆ। ਸਾਡੇ ਉੱਤੇ ਪ੍ਰੈਸ ਵਿੱਚ ਬੋਲਣ ਦਾ ਇਲਜ਼ਾਮ ਲਗਾਉਣ ਵਾਲਿਆਂ ਨੂੰ ਸੁੱਚਾ ਸਿੰਘ ਛੋਟੇਪੁਰ ਅਤੇ ਹਿੰਮਤ ਸਿੰਘ ਸ਼ੇਰਗਿੱਲ ਵੱਲੋਂ ਕੀਤੀ ਬਿਆਨਬਾਜ਼ੀ ਅਨੁਸ਼ਾਸਨ ਦੀ ਉਲੰਘਣ ਨਜ਼ਰ ਨਹੀਂ ਅਾਉਂਦੀ।

Facebook Comment
Project by : XtremeStudioz