Close
Menu

ਅਫ਼ਗਾਨ ਸਰਕਾਰ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਕਰੇ: ਮੱਕਡ਼

-- 24 September,2015

ਅੰਮ੍ਰਿਤਸਰ,  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕਡ਼ ਨੇ ਕਿਹਾ ਹੈ ਕਿ ਸੰਸਾਰ ਦੇ ਹਰੇਕ ਦੇਸ਼ ਦਾ ਫਰਜ਼ ਹੈ ਕਿ ਆਪਣੇ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਕਰੇ। ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਮਿਹਨਤ ਕਰਕੇ ਆਪਣੇ ਪਰਿਵਾਰ ਪਾਲ ਰਹੇ ਸਿੱਖਾਂ ਨੂੰ ਤਾਲਿਬਾਨ ਵੱਲੋਂ ਜਬਰੀ ਅਗਵਾ ਕਰਕੇ ਕਲਮਾ ਪੜ੍ਹਾਉਣਾ, ਉਨ੍ਹਾਂ ਦੇ ਕੇਸ ਕਤਲ ਕਰਨੇ ਤੇ ਜਬਰੀ ਪੈਸੇ ਵਸੂਲ ਕਰਨੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਅਫ਼ਗਾਨਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਥੇ ਵਸਦੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਏ।
ਜਥੇਦਾਰ ਮੱਕਡ਼ ਨੇ ਕਿਹਾ ਕਿ ਨੌਜਵਾਨ ਕੁਲਰਾਜ ਸਿੰਘ, ਜੋ ਮੁਦਾਰੇ ਸ਼ਰੀਫ ਸ਼ਹਿਰ ਕੋਲ ਕਸਬਾ ਮਹਿਮਾਨਾ ਵਿੱਚ ਦੇਸੀ ਦਵਾਈਆਂ ਦੀ ਦੁਕਾਨ ਕਰਦਾ ਸੀ, ਨੂੰ ਤਾਲਿਬਾਨ ਨੇ ਅਗਵਾ ਕਰਕੇ ਤਸੀਹੇ ਦਿੱਤੇ ਅਤੇ ਪੰਜ ਲੱਖ ਦੀ ਫਿਰੌਤੀ ਲੈ ਕੇ ਛੱਡਿਆ। ਮੰਦਭਾਗੀ ਗੱਲ ਇਹ ਹੈ ਕਿ ਜਦੋਂ ਉਸ ਨੂੰ ਅਗਵਾ ਕੀਤਾ ਗਿਆ, ਉਸ ਸਮੇਂ ਉਥੇ ਪੁਲੀਸ ਮੌਜੂਦ ਸੀ ਅਤੇ ਪੁਲੀਸ ਕਰਮੀਆਂ ਨੇ ਅਗਵਾਕਾਰਾਂ ਦਾ ਸਾਥ ਦਿੱਤਾ।
ਇਸ ਲਈ ਅਫ਼ਗਾਨ ਸਰਕਾਰ ਨੂੰ ਚਾਹੀਦਾ ਹੈ ਕਿ ਗੈਰ-ਜ਼ਿੰਮੇਵਾਰਾਨਾ ਕਾਰਵਾਈ ਵਿੱਚ ਸ਼ਾਮਲ ਪੁਲੀਸ ਕਰਮੀਆਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਤੇ ਅਫ਼ਗਾਨਿਸਤਾਨ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤ ਦੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਕਿ ਕੂਟਨੀਤਿਕ ਪੱਧਰ ’ਤੇ ਅਫ਼ਗਾਨ ਸਰਕਾਰ ਨਾਲ ਗੱਲਬਾਤ ਕਰਕੇ ਉਥੇ ਵੱਸਦੇ ਸਿੱਖਾਂ ਦੀ ਰਾਖੀ ਯਕੀਨੀ ਬਣਾਈ ਜਾਵੇ।

Facebook Comment
Project by : XtremeStudioz