Close
Menu

ਅਫ਼ਗ਼ਾਨਿਸਤਾਨ ਵਿੱਚ ਮੰਤਰੀ ਮੰਡਲ ਦਾ ਗਠਨ ਟਲਿਆ

-- 03 December,2014

ਕਾਬੁਲ/ਕੁੰਡੁਜ਼, ਅਫਗਾਨਿਸਤਾਨ ਵਿੱਚ ਕੌਮੀ ਸਾਂਝੀ ਸਰਕਾਰ ਦਾ ਮੰਤਰੀ ਮੰਡਲ ਬਣਾਏ ਜਾਣ ਦਾ ਕੰਮ ਫਿਰ ਦੋ ਤੋਂ ਚਾਰ ਹਫਤੇ ਲਈ ਟਾਲ ਦਿੱਤਾ ਗਿਆ ਹੈ। ਅੱਜ ਮੀਡੀਆ ਵਿੱਚ ਛਪੀਆਂ ਰਿਪੋਰਟਾਂ ’ਚ ਇਹ ਖੁਲਾਸਾ ਹੋਇਆ ਹੈ। ਇਸ ਦੌਰਾਨ ਅਤਿਵਾਦੀ ਹਮਲਿਆਂ ਦੀ ਲੜੀ ’ਚ ਉੱਤਰੀ ਅਫਗਾਨਿਸਤਾਨ ਵਿੱਚ ਇਕ ਜਨਾਜ਼ੇ ’ਤੇ ਹੋਏ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 9 ਵਿਅਕਤੀ ਮਾਰੇ ਗਏ।
29 ਸਤੰਬਰ ਨੂੰ ਉਦਘਾਟਨ ਮਗਰੋਂ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਨੇ ਐਲਾਨ ਕੀਤਾ ਸੀ ਕਿ ਨਵਾਂ ਮੰਤਰੀ ਮੰਡਲ 45 ਦਿਨਾਂ ਦੇ ਅੰਦਰ-ਅੰਦਰ ਬਣਾ ਦਿੱਤਾ ਜਾਵੇਗਾ, ਜਦਕਿ ਇਹ ਮਿਆਦ ਕਦੋਂ ਵੀ ਖਤਮ ਹੋ ਚੁੱਕੀ ਹੈ।
ਪਿਛਲੇ ਦੋ ਮਹੀਨਿਆਂ ਤੋਂ ਮੰਤਰਾਲੇ ਤੇ ਸੂਬੇ ਕਾਰਜਕਾਰੀ ਮੰਤਰੀਆਂ ਤੇ ਕਾਰਜਕਾਰੀ ਸੂਬਾਈ ਗਵਰਨਰਾਂ ਵੱਲੋਂ ਚਲਾਏ ਜਾ ਰਹੇ ਹਨ ਜਿਸ ਕਰਕੇ ਪਾਰਲੀਮੈਂਟ ਦੇ ਹੇਠਲੇ ਸਦਨ ਨੂੰ ਕੌਮੀ ਸਾਂਝੀ ਸਰਕਾਰ ਦੀ ਉਚਿਤਤਾ ਉਤੇ ਸੁਆਲ ਉਠਾਉਣਾ ਪਿਆ ਜੋ ਨਵਾਂ ਮੰਤਰੀ ਮੰਡਲ ਬਣਾ ਸਕਣ ਵਿੱਚ ਹੀ ਅਸਫਲ ਰਹੀ ਹੈ।
ਰਾਸ਼ਟਰਪਤੀ ਗਨੀ ਨੇ ਕੌਮੀ ਸਾਂਝੀ ਸਰਕਾਰ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਐਤਵਾਰ ਦੇਰ ਰਾਤ ਨੂੰ ਐਲਾਨ ਕੀਤਾ ਸੀ ਕਿ ਐਕਟਿੰਗ ਮੰਤਰੀ ਹੁਣ ਬਹੁਤਾ ਚਿਰ ਨਹੀਂ ਰਹਿਣਗੇ ਤੇ ਜਲਦੀ ਹੀ ਉਹ ਆਪਣੀਆਂ ਇਹ ਜ਼ਿੰਮੇਵਾਰੀਆਂ ਆਪਣੇ ਡਿਪਟੀਆਂ ਨੂੰ ਸੌਂਪਣਗੇ, ਜੋ ਨਵਾਂ ਮੰਤਰੀ ਮੰਡਲ ਬਣਨ ਤੱਕ ਐਕਟਿੰਗ ਮੰਤਰੀਆਂ ਵਜੋਂ ਕੰਮ ਕਰਨਗੇ।
ਖਬਰ ਏਜੰਸੀ ਸਿਨਹੂਆ ਨੇ ਡੇਲੀ ਆਊਟਲੁੱਕ ਅਖਬਾਰ ਦੇ ਹਵਾਲੇ ਨਾਲ ਅੱਜ ਇਹ ਖਬਰ ਦਿੱਤੀ ਹੈ। ਅਖਬਾਰ ਨੇ ਰਾਸ਼ਟਰਪਤੀ ਗਨੀ ਦੇ ਹਵਾਲੇ ਨਾਲ ਕਿਹਾ ਹੈ ਕਿ ਨਵਾਂ ਮੰਤਰੀ ਮੰਡਲ ਬਣਾਏ ਜਾਣ ਦਾ ਅਮਲ ਅਗਲੇ ਦੋ ਤੋਂ ਚਾਰ ਹਫਤਿਆਂ ਲਈ ਅੱਗੇ ਪਾ ਦਿੱਤਾ ਗਿਆ ਹੈ ਤੇ ਸਾਬਕਾ ਕੈਬਨਿਟ ਮੰਤਰੀ ਨਵੇਂ ਕੈਬਨਿਟ ’ਚ ਕੰਮ ਨਹੀਂ ਕਰਨਗੇ ਤੇ ਸਹਿਜੇ-ਸਹਿਜੇ ਨਵੇਂ ਨਾਮਜ਼ਦ ਕੀਤੇ ਲੋਕ ਪਾਰਲੀਮੈਂਟ ਦੇ ਸਦਨ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਲਈ ਪੇਸ਼ ਕੀਤੇ ਜਾਣਗੇ। ਅਬਦੁੱਲਾ-ਅਬਦੁੱਲਾ ਨੇ ਕਿਹਾ ਕਿ ਨਵੇਂ ਕੈਬਨਿਟ ਵਿੱਚ ਪ੍ਰਤਿਭਾ ਨੂੰ ਤਰਜੀਹ ਦਿੱਤੀ ਜਾਏਗੀ। ਇਸੇ ਦੌਰਾਨ ਉੱਤਰੀ ਅਫ਼ਗਾਨਿਸਤਾਨ ਵਿੱਚ ਅੱਜ ਇਕ ਜਨਾਜ਼ੇ ’ਤੇ ਹੋਏ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ 9 ਵਿਅਕਤੀ ਮਾਰੇ ਗਏ।  13 ਸਾਲ ਤੋਂ ਚੱਲ ਰਹੀ ਜੰਗ ਖਤਮ ਕਰਨ ਲਈ ਨਾਟੋ ਦਸਤਿਆਂ ਦੇ ਦੇਸ਼ ਵਿੱਚੋਂ ਵਿਦਾਅ ਹੋਣ ’ਤੇ ਮੁਲਕ ਭਰ ਵਿੱਚ ਅਸੁਰੱਖਿਆ ਦਾ ਖਦਸ਼ਾ ਜ਼ਾਹਰ ਕਰਦਿਆਂ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਇਹ ਧਮਾਕੇ, ਰਾਜਧਾਨੀ ਕਾਬੁਲ ਵਿੱਚ ਲਗਾਤਾਰ ਹੋ ਰਹੇ ਹਮਲਿਆਂ ਦੇ ਦੌਰਾਨ ਹੀ ਹੋਏ ਹਨ ਤੇ ਹੁਣ ਇਹ ਖਦਸ਼ੇ ਵਧ ਰਹੇ ਹਨ ਕਿ ਅਮਰੀਕੀ ਫੌਜ ਦੀ ਅਗਵਾਈ ’ਚ ਵਿਦੇਸ਼ੀ ਸੈਨਾਵਾਂ ਦੀ ਹਾਜ਼ਰੀ ਖਤਮ ਹੋਣ ਨਾਲ ਦੇਸ਼ ਫਿਰ ਹਿੰਸਾ ਦੇ ਕੁਚੱਕਰ ਵਿੱਚ ਉਲਝ ਸਕਦਾ ਹੈ।
ਨਾਟੋ ਫੌਜਾਂ ਅਫਗਾਨਿਸਤਾਨ ਵਿੱਚੋਂ 31 ਦਸੰਬਰ ਨੂੰ ਲੜਾਕੂ ਮਿਸ਼ਨ ਤੋਂ ਸਮਰਥਕ ਦੀ ਭੂਮਿਕਾ ਵਿੱਚ ਤਬਦੀਲ ਹੋ ਰਹੀਆਂ ਹਨ। ਨਾਟੋ ਸੈਨਿਕਾਂ ਦੀ ਗਿਣਤੀ ਘਟਾ ਕੇ ਇਥੇ 12500 ਰਹਿ ਜਾਏਗੀ, ਜੋ 2010 ਵਿੱਚ 13,00,00 ਸੀ। ਬਾਘਲਾਨ ਸੂਬੇ ਦੇ ਪੁਲੀਸ ਮੁਖੀ ਅਮੀਨ ਉਲਾ ਅਮਰਖਿਲ ਨੇ ਦੱਸਿਆ ਕਿ ਸਵੇਰੇ ਬੁਰਕਾ ਜ਼ਿਲ੍ਹੇ ’ਚ ਜਨਾਜ਼ੇ ’ਚ ਸ਼ਾਮਲ ਇਕ ਪੈਦਲ ਆਤਮਘਾਤੀ ਹਮਲਾਵਰ ਨੇ ਧਮਾਕਾ ਕਰਕੇ ਨੌਂ ਲੋਕਾਂ ਦੀਆਂ ਜਾਨਾਂ ਲੈ ਲਈਆਂ।

Facebook Comment
Project by : XtremeStudioz