Close
Menu

ਅੱਖਾਂ ਦੀ ਸਰਜਰੀ ਕਾਰਨ ਪ੍ਰਭਾਵਿਤ ਹੋਏ ਮਰੀਜ਼ਾਂ ਦੀ ਗਿਣਤੀ ਵਧ ਕੇ 35 ਹੋਈ

-- 08 December,2014

ਅੰਮ੍ਰਿਤਸਰ, ਸ੍ਰੀ ਰਾਮ ਲਾਲ ਆਈ ਹਸਪਤਾਲ ਵਿੱਚ ਅੱਖਾਂ ਦੀ ਸਰਜਰੀ ਕਾਰਨ ਪ੍ਰਭਾਵਿਤ ਹੋਏ ਮਰੀਜ਼ਾਂ ਦੀ ਗਿਣਤੀ ਵਧ ਕੇ 35 ਹੋ ਗਈ ਹੈ। ਇਹ ਸਾਰੇ ਮਰੀਜ਼ ਇੱਥੇ ਇਲਾਜ ਲਈ ਦਾਖ਼ਲ ਹੋਏ ਹਨ। ਇਸ ਦੌਰਾਨ ਹਸਪਤਾਲ ਵੱਲੋਂ ਅਜਿਹੇ 13 ਮਰੀਜ਼ਾਂ ਨੂੰ ਫਾਰਗ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੁਮਾਣ ਵਿੱਚ ਅੱਖਾਂ ਦੇ ਅਪਰੇਸ਼ਨ ਕੈਂਪ ਦੌਰਾਨ ਅਪਰੇਸ਼ਨ ਕਰਾਉਣ ਮਗਰੋਂ ਇੱਕ ਅੱਖ ਦੀ ਰੌਸ਼ਨੀ ਗੁਆ ਚੁੱਕੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਅਜਿਹੇ ਮਰੀਜ਼ ਇੱਥੇ ਈਐਨਟੀ ਹਸਪਤਾਲ ਵਿੱਚ ਲਗਾਤਾਰ ਵਧ ਰਹੇ ਹਨ। ਅੱਜ ਇੱਕ ਹੋਰ ਮਰੀਜ਼ ਹਸਪਤਾਲ ਵਿੱਚ ਦਾਖਲ ਹੋਇਆ ਹੈ, ਜਿਸ ਦੀ ਅੱਖਾਂ ਦੀ ਰੌਸ਼ਨੀ ਘਟ ਚੁੱਕੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਗਿਣਤੀ 49 ਤੱਕ ਪੁੱਜਣ ਦੀ ਸੰਭਾਵਨਾ ਹੈ। ਇਸ ਹਸਪਤਾਲ ਦੇ ਡਾਕਟਰਾਂ ਵੱਲੋਂ 13 ਮਰੀਜ਼ਾਂ ਨੂੰ ਫਾਰਗ ਵੀ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਲਈ ਫਾਰਗ ਕੀਤਾ ਗਿਆ ਹੈ ਕਿਉਂਕਿ ਹਸਪਤਾਲ ਵਿੱਚ ਇਨਫੈਕਸ਼ਨ ਨਾਲ ਪੀੜਤ ਮਰੀਜ਼ਾਂ ਦੇ ਕਾਰਨ ਉਨ੍ਹਾਂ ਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ, ਜੋ ਉਨ੍ਹਾਂ ਦੀ ਅੱਖ ਦੀ ਰੌਸ਼ਨੀ ਲਈ ਖ਼ਤਰਨਾਕ ਹੋ ਸਕਦੀ ਹੈ। ਡਾਕਟਰਾਂ ਵੱਲੋਂ ਅਜਿਹੇ ਕੁਝ ਮਰੀਜ਼ਾਂ ਨੂੰ ਇਨਫੈਕਸ਼ਨ ਪੀੜਤ ਮਰੀਜ਼ਾਂ ਤੋਂ ਵੱਖ ਵੀ ਕੀਤਾ ਗਿਆ ਹੈ। ਹਸਪਤਾਲ ਵੱਲੋਂ ਅੱਖਾਂ ਦੀ ਟਰਾਂਸਪਲਾਟੇਸ਼ਨ ਦਾ ਕੰਮ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਇਨਫੈਕਸ਼ਨ ਦੇ ਡਰ ਕਾਰਨ ਨਵੇਂ ਮਰੀਜ਼ਾਂ ਨੂੰ ਵੀ ਇਨਫੈਕਸ਼ਨ ਹੋਣ ਦਾ ਖ਼ਤਰਾ ਹੈ।  ਸਹਾਇਕ ਪ੍ਰੋਫੈਸਰ ਡਾ. ਕਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਦਾਖ਼ਲ ਕੀਤੇ ਗਏ ਮਰੀਜ਼ ਦੀ ਸਥਿਤੀ ਠੀਕ ਨਹੀਂ ਹੈ। ਉਹ ਇਲਾਜ ਕਰਾਉਣ ਲਈ ਆਇਆ ਸੀ ਅਤੇ ਉਸਨੂੰ ਦਾਖ਼ਲ ਹੋਣ ਦੀ ਸਲਾਹ ਦਿੱਤੀ ਗਈ ਹੈ ਪਰ ਉਸਨੇ ਇਨਕਾਰ ਕਰ ਦਿੱਤਾ ਹੈ ਅਤੇ ਭਲਕੇ ਮੁੜ ਇਲਾਜ ਲਈ ਆਉਣ ਵਾਸਤੇ ਆਖਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਅਜਿਹੇ ਮਰੀਜ਼ਾਂ ਵਿੱਚੋਂ ਵਧੇਰੇ ਮਰੀਜ਼ਾਂ ਦੀ ਉਮਰ 60 ਸਾਲ ਤੋਂ ਵੱਧ ਹੈ। ਅੱਖ ਦੀ ਰੌਸ਼ਨੀ ਚਲੇ ਜਾਣ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਦਾ ਮਰੀਜ਼ਾਂ ’ਤੇ ਮਾਨਸਿਕ ਪੱਧਰ ’ਤੇ ਵੱਡਾ ਅਸਰ ਹੋਇਆ ਹੈ। ਇੱਕ ਅੱਖ ਦੀ ਰੌਸ਼ਨੀ ਗੁਆ ਚੁੱਕੇ ਵਡੇਰੀ ਉਮਰ ਦੇ ਇਹ ਮਰੀਜ਼ ਦੂਜੀ ਅੱਖ ਨਾਲ ਵੀ ਦੂਰ ਤੱਕ ਠੀਕ ਢੰਗ ਨਾਲ ਨਹੀਂ ਦੇਖ ਸਕਦੇ। ਇਸ ਇਨਫੈਕਸ਼ਨ ਤੋਂ ਠੀਕ ਹੋਣ ਵਿੱਚ ਉਨ੍ਹਾਂ ਨੂੰ ਲੰਮਾ ਸਮਾਂ ਲੱਗੇਗਾ।

Facebook Comment
Project by : XtremeStudioz