Close
Menu

ਅੱਜ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

-- 01 June,2015
  • ਮੁੱਖ ਮੰਤਰੀ ਰਾਵਤ ਨੇ ਗੋਬਿੰਦ ਧਾਮ ਤੋਂ ਕੀਤਾ ਪਹਿਲਾ ਜਥਾ ਰਵਾਨਾ

ਦੇਹਰਾਦੂਨ, 1 ਜੂਨ-ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਕੱਲ੍ਹ ਤੋਂ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਜਾਣਗੇ | ਅੱਜ ਗੁਰਦੁਆਰਾ ਗੋਬਿੰਦ ਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਸਿੱਖ ਸੰਗਤਾਂ ਦੇ ਪਹਿਲੇ ਜਥੇ ਨੂੰ ਰਵਾਨਾ ਕਰਦੇ ਹੋਏ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਯਾਤਰਾ ਸੁਖਾਲੀ ਤੇ ਸੁਰੱਖਿਅਤ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਕਿਹਾ ਕਿ ਅਗਲੇ ਸਾਲ ਰੀਠਾ ਸਾਹਿਬ ਤੇ ਗੁਰਦੁਆਰਾ ਨਾਨਕਮਤਾ ਨੂੰ ਇਸ ਯਾਤਰਾ ਨਾਲ ਜੋੜਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੁਚਾਰੂ ਕੀਤੀ ਜਾਏਗੀ | ਉਨ੍ਹਾਂ ਕਿਹਾ ਕਿ ਬਰਸਾਤ ਤੋਂ ਪਹਿਲਾਂ ਸੱਤ ਤੋਂ ਅੱਠ ਲੱਖ ਸ਼ਰਧਾਲੂ ਪਹੁੰਚਣ ਦਾ ਅਨੁਮਾਨ ਹੈ ਤੇ ਵਰਤਮਾਨ ‘ਚ ਤਿੰਨ ਤੋਂ ਚਾਰ ਲੱਖ ਸ਼ਰਧਾਲੂਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ | ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਘਾਂਘਰੀਆ ਤੱਕ ਸ਼ੀਤਕਾਲੀਨ ਯਾਤਰਾ ਦੇ ਰੂਪ ‘ਚ ਕੀਤੇ ਜਾਣ ਦਾ ਯਤਨ ਕੀਤਾ ਜਾਵੇਗਾ | ਜਥੇ ਨੂੰ ਰਵਾਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੇਮਕੁੰਟ ਸਾਹਿਬ ਸਭ ਤੋਂ ਉੱਚੀ ਥਾਂ
‘ਤੇ ਸਥਿਤ ਹੈ, ਇਹ ਇਕ ਧਾਰਮਿਕ ਸਰੋਵਰ ਹੋਣ ਦੇ ਨਾਲ ਹੀ ਹਰ ਇਕ ਲਈ ਕਿ ਖਾਸ ਵਿਸ਼ਾ ਵੀ ਹੈ | ਮੁੱਖ ਮੰਤਰੀ ਨੇ ਯਾਤਰਾ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ‘ਤੇ ਵਿਸ਼ਵਾਸ ਪ੍ਰਗਟਾਉਂਦੇ ਹੋਏ ਕਿਹਾ ਕਿ ਸਾਰੇ ਲੋਕਾਂ ਦੇ ਯਤਨ ਨਾਲ ਇਸ ਯਾਤਰਾ ਨੂੰ ਹੋਰ ਵੀ ਅਨੰਦਮਈ ਬਣਾਇਆ ਜਾ ਸਕੇਗਾ | ਇਸ ਮੌਕੇ ਉਨ੍ਹਾਂ ਵਿਸ਼ਵ ਵਿਰਾਸਤ ਫੁੱਲਾਂ ਦੀ ਘਾਟੀ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਦੀ ਕੁਦਰਤੀ ਸੁੰਦਰਤਾ ਹਰ ਹਾਲ ਕਾਇਮ ਰੱਖੀ ਜਾਵੇਗੀ | ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤੇ ਯਾਤਰਾ ਦੀ ਸਫਲਤਾ ਲਈ ਅਰਦਾਸ ਕੀਤੀ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਸਨਮਾਨ ਕੀਤਾ | ਮੁੱਖ ਮੰਤਰੀ ਨੇ ਜਥੇ ਨੂੰ ਰਵਾਨਾ ਕਰਨ ਬਾਅਦ ਗੋਬਿੰਦ ਘਾਟ ‘ਚ ਪੁਲਿਸ ਚੌਕੀ ਤੇ 556.80 ਲੱਖ ਦੀ ਲਾਗਤ ਨਾਲ ਬਣੇ ਗੋਬਿੰਦ ਘਾਟ ਪੁਲਨਾ ਮੋਟਰ ਮਾਰਗ ਨੂੰ ਜੋੜਨ ਵਾਲੇ ਬੇਲੀ ਸੰਸਪੇਸ਼ਨ ਪੁਲ ਦਾ ਉਦਘਾਟਨ ਕੀਤਾ ਅਤੇ ਬਹੁ-ਮੰਜ਼ਿਲਾ ਪਾਰਕਿੰਗ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਸਿੰਘ, ਜੋਸ਼ੀ ਮੱਠ ਦੇ ਮੁਖੀ ਪ੍ਰਕਾਸ਼ ਰਾਵਤ, ਲੋਕ ਨਿਰਮਾਣ ਵਿਭਾਗ ਦੇ ਆਰ.ਸੀ. ਪ੍ਰੋਹਿਤ, ਜ਼ਿਲ੍ਹਾ ਅਧਿਕਾਰੀ ਅਸ਼ੋਕ ਕੁਮਾਰ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ, ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਸ਼ਰਧਾਲੂ ਮੌਜੂਦ ਸਨ |

Facebook Comment
Project by : XtremeStudioz