Close
Menu

ਅੱਜ ਫਸਣਗੇ ਮੇਜ਼ਬਾਨਾਂ ਦੇ ਸਿੰਗ

-- 27 February,2015

ਆਕਲੈਂਡ, ਚਾਰ ਵਾਰ ਦੀ ਚੈਂਪੀਅਨ ਆਸਟਰੇਲੀਅਨ ਟੀਮ ਅਤੇ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਨਿਊਜ਼ੀਲੈਂਡ ਦੀ ਟੀਮ ਸ਼ਨਿਚਰਵਾਰ ਨੂੰ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਮੈਚ ’ਚ ਆਹਮੋ-ਸਾਹਮਣੇ ਹੋਵੇਗੀ। ਨਿਊਜ਼ੀਲੈਂਡ ਦੀ ਟੀਮ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਅੰਕ ਸੂਚੀ ਵਿੱਚ ਸਿਖਰ ’ਤੇ ਚੱਲ ਰਹੀ ਹੈ। ਦੂਜੇ ਪਾਸੇ ਆਸਟਰੇਲੀਆ ਨੇ ਇਕ ਜਿੱਤ ਦਰਜ ਕੀਤੀ ਹੈ ਜਦੋਂਕਿ ਉਸ ਦਾ ਇਕ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਟੀਮ ਨੇ ਪਹਿਲੇ ਮੈਚ ’ਚ ਇੰਗਲੈਂਡ ਨੂੰ 111 ਦੌੜਾਂ ਨਾਲ ਮਾਤ ਦਿੱਤੀ ਸੀ ਪਰ ਤੂਫਾਨ ਮਰਸੀਆ ਕਾਰਨ ਬੰਗਲਾਦੇਸ਼ ਖ਼ਿਲਾਫ਼ ਉਸ ਦਾ ਮੈਚ ਰੱਦ ਹੋ ਗਿਆ ਸੀ ਅਤੇ ਉਸ ਦੀ ਇਕ ਹੋਰ ਵੱਡੀ ਜਿੱਤ ਦਰਜ ਕਰਨ ਦੀ ਉਮੀਦ ’ਤੇ ਪਾਣੀ ਫਿਰ ਗਿਆ ਸੀ। ਕਿਵੀ ਟੀਮ ਨੂੰ ਘਰੇਲੂ ਹਾਲਾਤਾਂ ਕਾਰਨ ਮਜ਼ੂਬਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਅਤੇ ਉਹ ਟੂਰਨਾਮੈਂਟ ’ਚ ਹੁਣ ਤੱਕ ਦੀ ਸਭ ਤੋਂ ਰੋਮਾਂਚਕ ਟੀਮ ਰਹੀ ਹੈ। ਕਪਤਾਨ ਬ੍ਰੈਂਡਨ ਮੈਕੁਲਮ ਦੇ ਰੂਪ ਵਿੱਚ ਕਿਵੀ ਟੀਮ ਕੋਲ ਬਿਹਤਰੀਨ ਫਾਰਮ ’ਚ ਚੱਲ ਰਿਹਾ ਹਮਲਾਵਰ ਬੱਲੇਬਾਜ਼ ਹੈ, ਜੋ ਮੈਚ ਦਾ ਰੁਖ ਬਦਲਣ ਦਾ ਦਮ ਰੱਖਦਾ ਹੈ।
ਆਸਟਰੇਲੀਆ ਦੇ ਕੋਚ ਡੈਰੇਨ ਲੀਮੈਨ ਨੇ ਕਿਹਾ, ‘‘ਇਹ ਦੋਵੇਂ ਟੀਮਾਂ ਲਈ ਕਰੜੀ ਚੁਣੌਤੀ ਹੈ। ਮੈਕੁਲਮ ਨਿਸ਼ਚਿਤ ਤੌਰ ’ਤੇ ਸਾਨੂੰ ਨਿਸ਼ਾਨਾ ਬਣਾਏਗਾ ਅਤੇ ਅਸੀਂ ਉਸ ਲਈ ਕੱਲ੍ਹ ਯੋਜਨਾ ਨਾਲ ਉਤਰਾਂਗੇ। ਇਹ ਰੋਮਾਂਚਕ ਮੁਕਾਬਲਾ ਹੋਵੇਗਾ ਕਿਉਂਕਿ ਨਿਊਜ਼ੀਲੈਂਡ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਇਹ ਦੇਖਣਾ ਰੋਮਾਂਚਕ ਹੋਵੇਗਾ ਕਿ ਉਹ ਸਾਡੇ ਖ਼ਿਲਾਫ਼ ਕਿਵੇਂ ਖੇਡਦੇ ਹਨ। ਮੈਨੂੰ ਉਮੀਦ ਹੈ ਕਿ ਉਹ ਕਾਫੀ ਹਮਲਾਵਰ ਹੋ ਕੇ ਖੇਡਣਗੇ। ਇਸ ਲਈ ਇਹ ਮੈਚ ਰੋਮਾਂਚਕ ਹੋਵੇਗਾ।’ ਆਸਟਰੇਲੀਅਨ ਟੀਮ ਨੂੰ ਕਪਤਾਨ ਮਾਈਕਲ ਕਲਾਰਕ ਦੀ ਵਾਪਸੀ ਨਾਲ ਮਜ਼ਬੂਤੀ ਮਿਲੇਗੀ ਪਰ ਉਸ ਦੀ ਮੈਚ ਅਭਿਆਸ ਦੀ ਕਮੀ ਟੀਮ ਲਈ ਚਿੰਤਾ ਬਣ ਸਕਦੀ ਹੈ।
ਨਿਊਜ਼ੀਲੈਂਡ ਦੇ ਕੋਚ ਮਾਈਕ ਹੈਸਨ ਨੇ ਕਿਹਾ ਕਿ ਇਹ ਇਕ ਹੋਰ ਰਾਊਂਡ ਰੌਬਿਨ ਮੈਚ ਵਾਂਗ ਹੀ ਹੈ ਪਰ ਇਹ ਫਸਵਾਂ ਮੁਕਾਬਲਾ ਹੋਵੇਗਾ।

Facebook Comment
Project by : XtremeStudioz