Close
Menu

ਆਇਰਲੈਂਡ ਦੀ ਨਜ਼ਰ ਯੂਏਈ ਖ਼ਿਲਾਫ਼ ਜਿੱਤ ’ਤੇ

-- 24 February,2015

ਬ੍ਰਿਜ਼ਬਨ, ਵੈਸਟ ਇੰਡੀਜ਼ ਨੂੰ ਹਰਾ ਦੇ ਉਲਟਫੇਰ ਕਰਨ ਵਾਲੀ ਆਇਰਲੈਂਡ ਦੀ ਟੀਮ ਵਿਸ਼ਵ ਕੱਪ ਕ੍ਰਿਕਟ ਦੇ ਗਰੁੱਪ ‘ਬੀ’ ਦੇ ਮੁਕਾਬਲੇ ਵਿੱਚ ਬੁੱਧਵਾਰ ਨੂੰ ਇਥੇ ਸੰਯੁਕਤ ਅਰਬ ਅਮੀਰਾਤ (ਯੂਏਈ) ਖਿਲਾਫ ਵੀ ਆਪਣੀ ਜੇਤੂ ਮੁਹਿੰਮ ਜਾਰੀ ਰੱਖਣ ਦੇ ਇਰਾਦੇ ਨਾਲ ਉਤਰੇਗੀ। ਆਇਰਲੈਂਡ ਦੇ ਕੇਵਿਨ ਓ’ਬਰਾਇਨ ਨੇ ਆਪਣੀ ਟੀਮ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਟੀਮ ਗਾਬਾ ਵਿਚ ਯੂਏਈ ਨੂੰ ਹਰਾਉਣ ਵਿਚ ਨਾਕਾਮ ਰਹੀ ਤਾਂ ਫਿਰ ਵੈਸਟ ਇੰਡੀਜ਼ ਖਿਲਾਫ ਜਿੱਤ ਬੇਅਰਥ ਹੈ।
ਸਾਥੀ ਐਸੋਸੀਏਟ ਟੀਮ ਖਿਲਾਫ ਜਿੱਤ ਦਰਜ ਕਰਨ ਨਾਲ ਆਇਰਲੈਂਡ ਦੀ ਕੁਆਰਟਰ ਫਾਈਨਲ ਵਿਚ ਪਹੁੰਚਣ ਦੀ ਉਮੀਦ ਵਧ ਜਾਵੇਗੀ। ਆਇਰਸ਼ ਟੀਮ ਨੇ ਟੂਰਨਾਮੈਂਟ ਵਿਚ ਆਪਣੇ ਪਹਿਲੇ ਮੈਚ ’ਚ ਦੋ ਵਾਰ ਦੀ ਚੈਂਪੀਅਨ ਵੈਸਟ ਇੰਡੀਜ਼ ਨੂੰ ਹਰਾਇਆ ਸੀ। ਉਸ ਨੇ 300 ਦੌੜਾਂ ਤੋਂ ਵੱਧ ਦਾ ਟੀਚਾ ਚਾਰ ਵਿਕਟਾਂ ਰਹਿੰਦਿਆਂ ਹੀ ਹਾਸਲ ਕਰ ਲਿਆ ਸੀ। ਆਇਰਲੈਂਡ ਦੀ ਟੀਮ ਦੇ ਕਈ ਮੈਂਬਰ ਇੰਗਲਿਸ਼ ਕਾਊਂਟੀ ਟੀਮਾਂ ’ਚ ਖੇਡਦੇ ਹਨ। ਕਾਊਂਟੀਜ਼ ਵੱਲੋਂ ਖੇਡਦੇ ਰਹੇ ਪੌਲ ਸਟਰਲਿੰਗ ਅਤੇ ਏਡੀ ਜੌਇਸ ਨੇ ਕੈਰੇਬੀਅਨ ਟੀਮ ਖਿਲਾਫ ਕ੍ਰਮਵਾਰ 92 ਦੌੜਾਂ ਤੇ 84 ਦੌੜਾਂ ਬਣਾ ਕੇ ਆਪਣੀ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਸਮਰਸੈਟ ਕਾਊਂਟੀ ਦੇ ਸਪਿੰਨਰ ਜੌਰਜ ਡਾਕਰੇਲ ਨੇ 50 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ ਸਨ।
ਆਇਰਲੈਂਡ ਤੇ ਯੂਏਈ ਆਈਸੀਸੀ ਦੇ ਛੋਟੇ ਟੂਰਨਾਮੈਂਟ ਵਿਚ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਯੂਏਈ ਨੇ ਜ਼ਿੰਬਾਬਵੇ ਖਿਲਾਫ ਕਾਫੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ  ਪਰ ਜ਼ਿੰਬਾਬਵੇ ਇਹ ਮੈਚ ਚਾਰ  ਵਿਕਟਾਂ ਨਾਲ ਜਿੱਤ ਗਿਆ ਸੀ। ਓ’ਬਰਾਇਨ ਨੇ ਕਿਹਾ ਕਿ ਯੂਏਈ ਨੇ ਜ਼ਿੰਬਾਬਵੇ    ਨੂੰ ਕਰੜੀ ਚੁਣੌਤੀ ਦਿੱਤੀ ਸੀ ਅਤੇ ਸੀਨ ਵਿਲੀਅਮਜ਼ ਤੇ ਕਰੇਗ ਇਰਵਿਨ ਦੀ ਦਮਦਾਰ ਬੱਲੇਬਾਜ਼ੀ ਨਾਲ ਹੀ ਜ਼ਿੰਬਾਬਵੇ ਇਹ ਮੈਚ ਜਿੱਤ ਸਕਿਆ ਸੀ।
ਯੂਏਈ ਦੀ ਟੀਮ ਦੇ ਮੱਧਕ੍ਰਮ ਵਿੱਚ ਕੁਝ ਚੰਗੇ ਬੱਲੇਬਾਜ਼ ਹਨ, ਜਿਨ੍ਹਾਂ ’ਚ ਖੁਰਮ ਖਾਨ ਅਤੇ ਸਵਪਨਿਲ ਪਾਟਿਲ ਪ੍ਰਮੁੱਖ ਹਨ। ਇਸ ਤੋਂ ਇਲਾਵਾ ਉਸ ਦੇ ਸਪਿੰਨਰ ਵਿਰੋਧੀ ਬੱਲੇਬਾਜ਼ਾਂ ਨੂੰ ਡੱਕਣ ਦੇ ਸਮਰੱਥ ਹਨ। ਯੂਏਈ ਟੀਮ ਦੇ ਜ਼ਿਆਦਾਤਰ ਖਿਡਾਰੀ ਭਾਰਤ ਤੇ ਪਾਕਿਸਾਤਨ ਵਿੱਚ ਜਨਮੇ ਹਨ। ਯੂਏਈ ਦੇ ਕਪਤਾਨ ਮੁਹੰਮਦ ਤੌਕਿਰ    ਜਾਣਦਾ ਹੈ ਕਿ ਉਸ ਦੀ ਟੀਮ ਨੇ ਜ਼ਿੰਬਾਬਵੇ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸ ਨਾਲ ਉਸ ਦੇ ਖਿਡਾਰੀਆਂ ਦਾ ਮਨੋਬਲ ਵਧਿਆ ਹੈ। ਯੂਏਈ ਦੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਜਦੋਂਕਿ ਗੇਂਦਬਾਜ਼ਾਂ ਨੇ ਵੀ ਚੰਗੀ ਭੂਮਿਕਾ ਨਿਭਾਈ ਸੀ।

Facebook Comment
Project by : XtremeStudioz