Close
Menu

ਆਈ.ਪੀ.ਐਲ. ‘ਚ ਸੱਟਾ ਲਾਉਣ ਵਾਲੇ ਗਰੋਹ ਦਾ ਪਰਦਾਫ਼ਾਸ਼

-- 21 May,2015

ਬਠਿੰਡਾ-ਸੀ. ਆਈ. ਏ. ਸਟਾਫ਼ ਬਠਿੰਡਾ ਦੀ ਟੀਮ ਨੇ ਆਈ. ਪੀ. ਐਲ-8 ਦੇ ਕ੍ਰਿਕਟ ਮੈਚਾਂ ‘ਤੇ ਸੱਟਾ ਲਾਉਣ ਵਾਲੇ ਇਕ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਬਠਿੰਡਾ-ਬਰਨਾਲਾ ਰੋਡ ਸਥਿਤ ਬਾਹੀਆ ਰਿਜ਼ੋਰਟ ‘ਚੋਂ 6 ਵਿਅਕੀਤਆਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ ਜਦਕਿ ਗਿਰੋਹ ਦੇ 3 ਮੁੱਖ ਦੋਸ਼ੀਆਂ ਸਮੇਤ 8 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਮੌਕੇ ਤੋਂ 5 ਲੱਖ ਰੁਪਏ ਨਕਦ, 48 ਮੋਬਾਈਲ, 2 ਲੈਪਟਾਪ ਸਮੇਤ ਹੋਰ ਕਾਫ਼ੀ ਸਾਮਾਨ ਵੀ ਬਰਾਮਦ ਕੀਤਾ ਹੈ, ਜਿਸ ਨਾਲ ਸੱਟੇਬਾਜ਼ੀ ਦਾ ਧੰਦਾ ਚਲਾਇਆ ਜਾ ਰਿਹਾ ਸੀ। ਕੁਲਦੀਪ ਸਿੰਘ ਚਹਿਲ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਕੁੱਝ ਵਿਅਕਤੀ ਇਕ ਗੈਂਗ ਬਣਾਕੇ ਮੋਬਾਈਲ ਫੋਨਾਂ ਰਾਹੀਂ ਲੋਕਾਂ ਨੂੰ ਵੱਧ ਪੈਸੇ ਦੇਣ ਦਾ ਝਾਂਸਾ ਦੇ ਕੇ ਆਈ. ਪੀ. ਐਲ ਦੇ ਕ੍ਰਿਕਟ ਮੈਚਾਂ ‘ਤੇ ਸੱਟਾ ਲਗਵਾਉਂਦੇ ਹਨ, ਜਿਸ ਕਰਕੇ ਰਾਕੇਸ਼ ਕੁਮਾਰ ਕਪਤਾਨ ਪੁਲਿਸ ਬਠਿੰਡਾ, ਦੇਸ ਰਾਜ ਕਪਤਾਨ ਪੁਲਿਸ (ਸਿਟੀ), ਗੁਰਮੀਤ ਸਿੰਘ ਕਿੰਗਰਾ ਉਪ ਕਪਤਾਨ ਪੁਲਿਸ (ਭੁੱਚੋ), ਗੁਰਮੇਲ ਸਿੰਘ ਉਪ ਕਪਤਾਨ ਪੁਲਿਸ ਬਠਿੰਡਾ ਅਤੇ ਐਸ. ਆਈ. ਜਗਦੀਸ਼ ਕੁਮਾਰ ਇੰਚਾਰਜ ਸੀ. ਆਈ. ਏ. ਸਟਾਫ਼ ਬਠਿੰਡਾ ਦੀ ਸਾਂਝੀ ਟੀਮ ਨੇ ਸੂਚਨਾ ਅਨੁਸਾਰ ਬਾਹੀਆ ਰਿਜ਼ੋਰਟ ਅੰਦਰ ਬਣੇ ਹਾਲ ‘ਚ ਛਾਪੇਮਾਰੀ ਕੀਤੀ ਤੇ ਉੱਥੋਂ ਸੁਰਿੰਦਰ ਕੁਮਾਰ ਮੋਟੂ ਪੁੱਤਰ ਸੁੰਦਰ ਲਾਲ ਅਰੋੜਾ ਵਾਸੀ ਜੈ ਭਾਰਤ ਵਾਲੀ ਗਲੀ, ਮੰਡੀ ਡੱਬਵਾਲੀ (ਹਰਿਆਣਾ), ਅਨਿਲ ਕੁਮਾਰ ਨੀਲੂ ਪੁੱਤਰ ਬਿਸ਼ਨਦਾਸ ਅਰੋੜਾ ਵਾਸੀ ਸੁੰਦਰ ਨਗਰੀ ਅਬੋਹਰ, ਰੋਹਿਤ ਪੁੱਤਰ ਰਾਜ ਕੁਮਾਰ ਵਾਸੀ ਗੋਬਿੰਦ ਨਗਰ ਅਬੋਹਰ, ਤਰਸੇਮ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਰਸਰਾਮ ਬਠਿੰਡਾ, ਰਵੀ ਕੁਮਾਰ ਮਾਸਟਰ ਪੁੱਤਰ ਜਗਦੀਸ਼ ਕੁਮਾਰ ਵਾਸੀ ਕਿਲ੍ਹਾ ਰੋਡ ਬਠਿੰਡਾ ਅਤੇ ਅਭਿਸ਼ੇਕ ਪੁੱਤਰ ਪ੍ਰਭਾਸ਼ ਚੰਦਰ ਯਾਦਵ ਵਾਸੀ ਹਨੂੰਮਾਨ ਨਗਰ ਪਟਨਾ (ਬਿਹਾਰ) ਨੂੰ ਗ੍ਰਿਫ਼ਤਾਰ ਕੀਤਾ। ਫੜ੍ਹੇ ਗਏ ਦੋਸ਼ੀਆਂ ਖ਼ਿਲਾਫ਼ ਥਾਣਾ ਨਥਾਣਾ ਵਿਖੇ ਜੂਆ ਐਕਟ ਤੇ ਧਾਰਾ 420 ਭਾਰਤੀ ਦੰਡਾਂਵਲੀ ਤਹਿਤ ਪਰਚਾ ਦਰਜ ਕੀਤਾ ਗਿਆ।

Facebook Comment
Project by : XtremeStudioz