Close
Menu

ਆਗੂਆਂ ਨੇ ਸਿੱਖ ਕੌਮ ਦਾ ਜ਼ਿਆਦਾ ਨੁਕਸਾਨ ਕੀਤਾ: ਰਾਜਦੇਵ ਖ਼ਾਲਸਾ

-- 04 October,2015

ਬਰਨਾਲਾ, 4 ਅਕਤੂਬਰ
‘ਰਾਸ਼ਟਰੀ ਸੋਇਮਸੇਵਕ ਸੰਘ (ਆਰ.ਐਸ.ਐਸ.) ਨੂੰ ਕੁਝ ਤਾਕਤਾਂ ਵੱਲੋਂ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਰੌਲਾ ਪਾਇਆ ਜਾ ਰਿਹਾ ਹੈ ਕਿ ਆਰ.ਐਸ.ਐਸ. ਸਿੱਖਾਂ ਦੀ ਦੁਸ਼ਮਣ ਹੈ। ਜੋ ਲੋਕ ਆਰ.ਐਸ.ਐਸ. ਨੂੰ ਸਿੱਖਾਂ ਦੀ ਦੁਸ਼ਮਣ ਗਰਦਾਨਦੇ ਹਨ ਉਹ ਦੱਸਣ ਕਿ ਆਰ.ਐਸ.ਐਸ.ਨੇ ਸਿੱਖਾਂ ਦੇ ਵਿਰੁੱਧ ਕੀ ਕੰਮ ਕੀਤਾ ਹੈ?’ ਇਹ ਗੱਲ ਸਾਬਕਾ ਸੰਸਦ ਮੈਂਬਰ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਮਾਲਵਾ ਜ਼ੋਨ ਇੰਚਾਰਜ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਆਪਣੇ ਗ੍ਰਹਿ ਵਿੱਚ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੀ ਹੋਈ ਕਾਨਫ਼ਰੰਸ ਦੌਰਾਨ ਕਹੀ।
ਸ੍ਰੀ ਖ਼ਾਲਸਾ ਨੇ ਕਿਹਾ ਕਿ ਸਿੱਖਾਂ ਦੇ ਹਿਤੈਸ਼ੀ ਅਖਵਾਉਣ ਵਾਲੇ ਸਿੱਖ ਆਗੂਆਂ ਨੇ ਹੀ ਸਿੱਖ ਕੌਮ ਦਾ ਜ਼ਿਆਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਖ਼ਾਤਰ ਵਰਤਿਆ ਹੈ। ਹੁਣ ਅਕਾਲ ਤਖ਼ਤ ਨੂੰ ਵੀ ਉਹ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਹਨ। ਪਹਿਲਾਂ ਤਾਂ ਡੇਰਾ ਸਿਰਸਾ ਮੁਖੀ ਖ਼ਿਲਾਫ਼ ਅਕਾਲ ਤਖ਼ਤ ਤੋਂ ਫੁਰਮਾਨ ਜਾਰੀ ਕਰ ਦਿੱਤਾ ਕਿ ਸਿੱਖ ਡੇਰਾ ਪ੍ਰੇਮੀਆਂ ਨਾਲ ਕੋਈ ਰੋਜ਼ੀ ਰੋਟੀ ਦੀ ਸਾਂਝ ਨਾ ਰੱਖਣ। ਹੁਣ ਉਨ੍ਹਾਂ ਨੂੰ ਮੁਆਫ਼ੀਨਾਮਾ ਦੇ ਦਿੱਤਾ ਹੈ।
ਰਾਸ਼ਟਰੀ ਸਿੱਖ ਸੰਗਠਨ ਦੇ ਕੌਮੀ ਸਰਪ੍ਰਸਤ ਚਿਰੰਜੀਵ ਸਿੰਘ ਨੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਠਨ ਦੀ ਸਥਾਪਨਾ ਨਵੰਬਰ 1986 ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਹੋਈ ਸੀ ਅਤੇ ਆਰ.ਐਸ.ਐਸ.ਨੇ ਸਿੱਖਾ ਖ਼ਿਲਾਫ਼ ਕਦੇ ਕੁੱਝ ਨਹੀਂ ਬੋਲਿਆ ਤੇ ਕੀਤਾ। ਇਸ ਨੂੰ ਸਿੱਖ ਵਿਰੋਧੀ ਦੱਸਣਾ ਕੂੜ ਪ੍ਰਚਾਰ ਹੈ। ਇਸ ਮੌਕੇ  ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਇੰਚਾਰਜ ਜਸਵੀਰ ਸਿੰਘ ਅਤੇ ਸੂਬਾ ਪ੍ਰਧਾਨ ਗੁਰਬਚਨ ਸਿੰਘ ਮੋਖਾ ਨੇ ਵੀ ਵਿਚਾਰ ਸਾਂਝੇ ਕੀਤੇ।

Facebook Comment
Project by : XtremeStudioz