Close
Menu

ਆਪਰੇਸ਼ਨ ਬਲਿਊ ਸਟਾਰ ‘ਚ ਸੀਮਤ ਸੀ ਬ੍ਰਿਟੇਨ ਦੀ ਭੂਮਿਕਾ : ਹੇਗ

-- 05 February,2014

ਲੰਡਨ,5 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਆਪਰੇਸ਼ਨ ਬਲਿਊ ਸਟਾਰ ‘ਚ ਬਹੁਤ ਸੀਮਤ ਅਤੇ ਸਲਾਹ ਵਾਲੀ ਸੀ ਬ੍ਰਿਟੇਨ ਦੀ ਭੂਮਿਕਾ। ਇਹ ਪ੍ਰਗਟਾਵਾ ਬ੍ਰਿਟੇਨ ਦੇ ਵਿਦੇਸ਼ ਮੰਤਰੀ ਵਿਲੀਅਮ ਹੇਗ ਨੇ ਅੰਮ੍ਰਿਤਸਰ ‘ਚ 1984 ਦੌਰਾਨ ਵਾਪਰੇ ਆਪਰੇਸ਼ਨ ਬਲਿਊ ਸਟਾਰ ਦੇ ਸੰਬੰਧ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਬਾਰੇ ਮੰਗਲਵਾਰ ਨੂੰ ਦੇਸ਼ ਦੀ ਸੰਸਦ ਨੂੰ ਜਾਣਕਾਰੀ ਦਿੰਦਿਆਂ ਕੀਤਾ। ਹਾਲਾਂਕਿ, ਬ੍ਰਿਟੇਨ ਦੇ ਸਿਖ ਸੰਗਠਨ ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਆਲੋਚਨਾ ਕਰ ਰਹੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਗੁਪਤ ਦਸਤਾਵੇਜ਼ਾਂ ਨੂੰ 30 ਸਾਲ ਬਾਅਦ ਜਨਤਕ ਕੀਤੇ ਜਾਣ ਦੇ ਨਿਯਮ ਤਹਿਤ ਘਟਨਾ ਨਾਲ ਜੁੜੇ ਦਸਤਾਵੇਜ਼ ਜਨਤਕ ਹੋਣ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਸਨ। ਦਸਤਾਵੇਜ਼ਾਂ ‘ਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਇਕ ਅਧਿਕਾਰੀ ਨੇ ਦਿੱਲੀ ਦੀ ਯਾਤਰਾ ਕੀਤੀ ਸੀ ਅਤੇ ਭਾਰਤ ਸਰਕਾਰ ਨੂੰ ਆਪਰੇਸ਼ਨ ਬਾਰੇ ਸਲਾਹ ਦਿੱਤੀ ਸੀ। ਬ੍ਰਿਟੇਨ ਦੇ ਸਿਖ ਸੰਗਠਨਾਂ ਨੇ ਆਪਰੇਸ਼ਨ ਬਲੂਸਟਾਰ ‘ਚ ਬ੍ਰਿਟੇਨ ਦੀ ਕਥਿਤ ਭੂਮਿਕਾ ਦੀ ਜਾਂਚ ਦੀ ਆਲੋਚਨਾ ਕੀਤੀ ਹੈ। ਕੈਮਰਨ ਨੂੰ ਲਿੱਖੇ ਪੱਤਰ ‘ਚ ਸਿਖ ਫੈਡਰੇਸ਼ਨ ਯੂ.ਕੇ. ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੇ ਕਿਹਾ ਹੈ ਕਿ ਅਸੀਂ ਇਸ ਗੱਲ ਨੂੰ ਲੈ ਕੇ ਨਿਰਾਸ਼ ਹਾਂ ਕਿ ਸਮੀਖਿਆ ਦੀ ਘੋਸ਼ਣਾ ਕੀਤੇ ਜਾਣ ਦੇ 3 ਹਫਤੇ ਬਾਅਦ ਅਤੇ ਸਮੀਖਿਆ ਦੇ ਨਤੀਜਿਆਂ ਦੀ ਘੋਸ਼ਣਾ ਸੰਸਦ ‘ਚ ਹੋਣ ਤੋਂ ਕੁਝ ਦਿਨ ਪਹਿਲਾਂ ਸਮੀਖਿਆ ਦੀਆਂ ਸ਼ਰਤਾਂ ਨੂੰ ਰਸਮੀ ਤੌਰ ‘ਤੇ ਉਪਲਬਧ ਕਰਵਾਇਆ ਗਿਆ। ਪੱਤਰ ‘ ਚ ਕਿਹਾ ਗਿਆ ਹੈ ਕਿ ਅਜਿਹਾ ਲੱਗਦਾ ਹੈ ਕਿ ਸਮੀਖਿਆ ‘ਚ ਕਾਫੀ ਘੱਟ ਮਿਆਦ ਬਾਰੇ ਗੌਰ ਕੀਤਾ ਗਿਆ ਅਤੇ 1984 ਦੀ ਦੂਜੀ ਛਿਮਾਹੀ ਦੀ ਮਿਆਦ ਨੂੰ ਇਸ ‘ਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਪਿਛਲੇ 3 ਹਫਤਿਆਂ ‘ਚ ਬ੍ਰਿਟੇਨ ਦੇ ਕੁਝ ਨੇਤਾਵਾਂ ਵੱਲੋਂ ਜਤਾਈ ਗਈ ਚਿੰਤਾ’ਤੇ ਗੌਰ ਨਹੀਂ ਕੀਤਾ ਗਿਆ, ਜਿਵੇਂ ਕਿ ਪ੍ਰਵਾਸੀ ਸਿਖਾਂ ਨਾਲ ਹਮਦਰਦੀ ਨੂੰ ਲੈ ਕੇ ਬ੍ਰਿਟੇਨ, ਜਰਮਨੀ, ਕੈਨੇਡਾ ਅਤੇ ਅਮਰੀਕਾ ਦੇ ਖਿਲਾਫ ਭਾਰਤ ਵੱਲੋਂ ਪਾਬੰਦੀ ਦੀ ਧਮਕੀ ਦਿੱਤੀ ਜਾਣਾ। ਲੰਡਨ ਦੇ ਰਾਸ਼ਟਰੀ ਅਭਿਲੇਖਾਗਾਰ ਤੋਂ ਪੱਤਰ ਜਨਤਕ ਕੀਤੇ ਗਏ ਹਨ। ਦੋਵੇਂ ਗੁਪਤ ਅਤੇ ਨਿੱਜੀ ਦਸਤਾਵੇਜ਼ਾਂ ਦੀ ਸ਼੍ਰੇਣੀ ‘ਚ ਰੱਖੇ ਗਏ ਸਨ। ਐੱਸ. ਏ. ਐੱਸ. ਵੱਲੋਂ ਭਾਰਤੀ ਅਧਿਕਾਰੀਆਂ ਨੂੰ ਦਿੱਤੀ ਗਈ ਸਲਾਹ ਦੇ ਬਿਓਰੇ ਦਾ ਇਸ ਨਾਲ ਖੁਲਾਸਾ ਹੋਇਆ ਹੈ। ਬ੍ਰਿਟੇਨ ਦੋ ਲੋਕ ਇਸ ਯੋਜਨਾ ਬਾਰੇ ਕਿੰਨਾ ਜਾਣਦੇ ਹਨ ਅਤੇ 30 ਸਾਲ ਪਹਿਲਾਂ ਹੋਈ ਇਸ ਘਟਨਾ ਲਈ ਕਿੰਨੀ ਮਦਦ ਕੀਤੀ ਗਈ, ਇਸ ਮੁੱਦੇ ‘ਤੇ ਵਿਵਾਦ ਨਾਲ ਕੰਜਰਵੇਟਿਵ ਪਾਰਟੀ ਵੱਲੋਂ ਸਿਖ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ‘ਤੇ ਪਾਣੀ ਪੈ ਸਕਦਾ ਹੈ। ਬ੍ਰਿਟਿਸ਼ ਸਿਖ ਲੰਡਨ ਅਤੇ ਲੀਸਟਰ ਸੀਟ ‘ਤੇ ਚੋਣ ‘ਚ ਮੁੱਖ ਭੂਮਿਕਾ ਨਿਭਾ ਸਕਦੇ ਹਨ। ਪ੍ਰਧਾਨ ਮੰਤਰੀ ਜਦੋਂ ਇਨ੍ਹਾਂ ਦਸਤਾਵੇਜ਼ਾਂ ਤੋਂ ਜਾਣੂ ਹੋਏ ਉਨ੍ਹਾਂ ਨੇ ਕੈਬਨਿਟ ਸਕੱਤਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਉਹ ਇਸ ਆਪਰੇਸ਼ਨ ਦੀ ਭਾਰਤ ਸਰਕਾਰ ਦੀ ਯੋਜਨਾ ‘ਤੇ ਬ੍ਰਿਟੇਨ ਵੱਲੋਂ ਦਿੱਤੀ ਗਈ ਸਲਾਹ ਬਾਰੇ ਤੱਥਾਂ ਦੀ ਜਾਂਚ ਕਰਨ। ਲੇਬਰ ਪਾਰਟੀ ਦੇ ਮੈਂਬਰ ਟਾਮ ਵਾਟਸਨ ਨੇ ਦਸਤਾਵੇਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਹੇਗ ਨੂੰ ਲਿੱਖੇ ਇਕ ਪੱਤਰ ‘ਚ ਕਿਹਾ ਸੀ ਕਿ ਸੰਸਦ ਨੂੰ ਇਹ ਜਾਨਣ ਦਾ ਹੱਕ ਹੈ ਕਿ ਫੌਜ ਦੇ ਲੋਕ ਕਿੱਥੇ ਤਾਇਨਾਤ ਕੀਤੇ ਗਏ ਸਨ ਅਤੇ ਇਸ ਮਾਮਲੇ ਨਾਲ ਜੁੜੇ ਤੱਥਾਂ ਦਾ ਪੂਰੀ ਤਰ੍ਹਾਂ ਨਾਲ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ।

Facebook Comment
Project by : XtremeStudioz