Close
Menu

‘ਆਪ’ ਕਰੇਗੀ ‘ਪੰਜਾਬ ਬੋਲਦਾ ਹਾਂ’ ਮੁਹਿੰਮ ਦੀ ਸ਼ੁਰੂਆਤ

-- 24 September,2015

ਬਠਿੰਡਾ, ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇੱਥੇ ਆਖਿਆ ਕਿ ਆਮ ਆਦਮੀ ਪਾਰਟੀ ਅਗਲੇ ਵਰ੍ਹੇ ਤੋਂ ‘ਪੰਜਾਬ ਬੋਲਦਾ ਹਾਂ’ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ ਇਸ ਮੁਹਿੰਮ ਤਹਿਤ ਪੂਰੇ ਪੰਜਾਬ ਦੇ ਲੋਕਾਂ ਦਾ ਮਸ਼ਵਰਾ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਦਿੱਲੀ ਡਾਇਲਾਗ ਦੀ ਤਰਜ਼ ’ਤੇ ‘ਆਪ’ ਹੁਣ ਪੰਜਾਬ ਵਿੱਚ ਵਿਜ਼ਨ ਦਸਤਾਵੇਜ਼ ਤਿਆਰ ਕਰੇਗੀ, ਜਿਸ ਦੇ ਅਾਧਾਰ ’ਤੇ ਚੋਣ ਮਨਰੋਥ ਪੱਤਰ ਤਿਆਰ ਕੀਤਾ ਜਾਵੇਗਾ। ‘ਪੰਜਾਬ ਬੋਲਦਾ ਹਾਂ’ ਮੁਹਿੰਮ 2016 ਦਾ ਪੂਰਾ ਵਰ੍ਹਾ ਪੰਜਾਬ ਵਿੱਚ ਚੱਲੇਗੀ ਅਤੇ ਬੁੱਧੀਜੀਵੀ ਲੋਕਾਂ ਦੇ ਮਸ਼ਵਰੇ ਨਾਲ ਵਿਜ਼ਨ ਦਸਤਾਵੇਜ਼ ਤਿਆਰ ਕੀਤਾ ਜਾਵੇਗਾ। ਪੰਜਾਬ ਦੇ ਹਰ ਪਿੰਡ ਸ਼ਹਿਰ ਦੇ ਲੋਕਾਂ ਦਾ ਮਸ਼ਵਰਾ ਇਕੱਠਾ ਕੀਤਾ ਜਾਵੇਗਾ।
ਸ੍ਰੀ ਮਾਨ ਨੇ ਆਖਿਆ ਕਿ ‘ਆਪ’ ਦੇ ਏਜੰਡੇ ’ਤੇ ਨਸ਼ੇ ਤੇ ਬੇਰੁਜ਼ਗਾਰੀ ਮੁੱਖ ਮੁੱਦੇ ਹਨ। ਪੰਜਾਬ ਦੀਆਂ ਸਿਹਤ ਸੇਵਾਵਾਂ, ਸਿੱਖਿਆ, ਸਨਅਤ ਅਤੇ ਖੇਤੀ ਤਰਜੀਹ ਹੋਵੇਗੀ। ਲੋਕ ਭਲਾਈ ਦਾ ਏਜੰਡਾ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਹੋਵੇਗਾ। ੳੁਨ੍ਹਾਂ ਕਿਹਾ ਕਿ ਚੋਣ ਮਨੋਰਥ ਪੱਤਰ ਕੋਈ ਵਾਅਦਿਆਂ ਦਾ ਪੱਤਰ ਨਹੀਂ ਹੋਵੇਗਾ ਬਲਕਿ ਇਸ ਨੂੰ ਨਿਸ਼ਚਿਤ ਸਮੇਂ ਵਿੱਚ ਲਾਗੂ ਕਰਕੇ ਨਵੀਂ ਮਿਸਾਲ ਕਾਇਮ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਚੋਣ ਮਨੋਰਥ ਪੱਤਰ ’ਤੇ ਕਾਨੂੰਨੀ ਬੰਦਿਸ਼ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਸਿਆਸੀ ਪਾਰਟੀ  ਵਾਅਦਿਆਂ ਤੋਂ ਭੱਜ ਨਾ ਸਕੇ।
ਸੰਸਦ ਮੈਂਬਰ ਨੇ ਆਖਿਆ ਕਿ ਉਹ ਸਿੱਧੀ ਸਬਸਿਡੀ ਦੀ ਹਮਾਇਤ ਕਰਦੇ ਹਨ ਅਤੇ ਇਸ ’ਚੋਂ ਵਿਚੋਲਿਆਂ ਨੂੰ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪੱਛਮੀ ਤਰਜ਼ ’ਤੇ ਟੋਲ ਟੈਕਸ ਹੋਣਾ ਚਾਹੀਦਾ ਹੈ ਅਤੇ ਜੋ ਲੋਕ ਟੋਲ ਟੈਕਸ ਦੀ ਸਮਰੱਥਾ ਨਹੀਂ ਰੱਖਦੇ ਹਨ, ਉਨ੍ਹਾਂ ਲਈ ਬਦਲਵੀਂ ਸੜਕ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ੳੁਨ੍ਹਾਂ ਬਠਿੰਡਾ ਵਿੱਚ ਡਟੇ ਕਿਸਾਨਾਂ ਦੀ ਹਮਾਇਤ ਦਾ ਐਲਾਨ ਵੀ ਕੀਤਾ ਅਤੇ ਆਖਿਆ ਕਿ ਇਨ੍ਹਾਂ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ, ਜਿਨ੍ਹਾਂ ਨੂੰ ਸਰਕਾਰ ਫੌਰੀ ਪੂਰਾ ਕਰੇ। ਜਾਣਕਾਰੀ ਅਨੁਸਾਰ ਸ੍ਰੀ ਮਾਨ ਅੱਜ ਕਿਸਾਨ ਮੋਰਚੇ ’ਤੇ ਡਟੇ ਕਿਸਾਨਾਂ ਨੂੰ ਮਿਲਣਾ ਚਾਹੁੰਦੇ ਸਨ ਪ੍ਰੰਤੂ ਉਨ੍ਹਾਂ ਨੂੰ ਅਚਨਚੇਤ ਜਾਣਾ ਪੈ ਗਿਆ।
ਸੰਸਦ ਮੈਂਬਰ ਨੇ ਅੱਜ ਇੱਥੇ ਬਠਿੰਡਾ ਦੇ ਵਕੀਲਾਂ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਦੀ ਹਮਾਇਤ ਕੀਤੀ। ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ੳੁਨ੍ਹਾਂ ਨੇ ਵਕੀਲਾਂ ਨੂੰ ਸੰਬੋਧਨ ਕੀਤਾ ਅਤੇ ਮੁੱਦੇ ਨੂੰ ਪਾਰਲੀਮੈਂਟ ਵਿੱਚ ਉਠਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਜੀਦਾ, ਸਕੱਤਰ ਕੰਵਲਜੀਤ ਕੁਟੀ, ਸੀਨੀਅਰ ਐਡਵੋਕੇਟ ਰਾਜੇਸ਼ ਸ਼ਰਮਾ ਤੇ ਰਾਜਭੁਪਿੰਦਰ ਸਿੰਘ ਸਿੱਧੂ, ਅੰਮ੍ਰਿਤਪਾਲ ਸ਼ੇਰਗਿੱਲ, ਹਰਪਾਲ ਖਾਰਾ ਤੇ ਸੰਦੀਪ ਜੀਦਾ ਆਦਿ ਮੌਜੂਦ ਸਨ।

Facebook Comment
Project by : XtremeStudioz