Close
Menu

‘ਆਪ’ ਤੇ ਕਾਂਗਰਸ ਅੰਦਰੂਨੀ ਮੱਤਭੇਦਾਂ ਵਿੱਚ ਉਲਝੀਅਾਂ: ਹਰਸਿਮਰਤ

-- 31 August,2015

ਬਠਿੰਡਾ, 31 ਅਗਸਤ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਰੱਖਿਆ। ਉਨ੍ਹਾਂ ਆਖਿਆ ਕਿ ‘ਆਪ’ ਤੋਂ ਆਪਣੇ ਚਾਰ ਸੰਸਦ ਮੈਂਬਰ ਤਾਂ ਸਾਂਭੇ ਨਹੀਂ ਗਏ ਹਨ, ਪੰਜਾਬ ਨੂੰ ਕਿੱਥੋਂ ਸੰਭਾਲ ਲੈਣਗੇ।  ਸ੍ਰੀਮਤੀ ਬਾਦਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪੋ ਆਪਣੇ ਅੰਦਰੂਨੀ ਮੱਤਭੇਦਾਂ ਵਿੱਚ ਉਲਝ ਗਈਆਂ ਹਨ ਅਤੇ ੲਿਹ ਪਾਰਟੀਅਾਂ ਮੱਤਭੇਦਾਂ ਥੱਲੇ ਦਬ ਕੇ ਹੀ ਖ਼ਤਮ ਹੋ ਜਾਣਗੀਆਂ। ‘ਆਪ’ ਹਰ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਫਸ ਰਹੀ ਹੈ ਅਤੇ ਹੁਣ ੲਿਹ ਝੂਠ ਦਾ ਪਲੰਦਾ ਬਣ ਗਈ ਹੈ, ਜਿਸਦਾ  ਪੰਜਾਬ ’ਚੋਂ ਅਧਾਰ ਹੁਣ ਖ਼ਤਮ ਹੋ ਚੁੱਕਿਆ ਹੈ। ਕੇਂਦਰੀ ਮੰਤਰੀ ਨੇ ਅੱਜ ਬਠਿੰਡਾ ਸ਼ਹਿਰ ਦੇ ਦਰਜਨ ਵਾਰਡਾਂ ਵਿੱਚ ਪ੍ਰੋਗਰਾਮ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਅਾਂ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਅਰਵਿੰਦ ਕੇਜਰੀਵਾਲ ਦੇ ਘਰ ਹੁਣ 13 ਏ.ਸੀ. ਹਨ ਅਤੇ ਉਨ੍ਹਾਂ ਨਾਲੋਂ ਵੀ ਵੱਧ ਸੁਰੱਖਿਆ ਮੁਲਾਜ਼ਮਾਂ ਕੇਜਰੀਵਾਲ ਨਾਲ ਤਾਇਨਾਤ ਹਨ। ਇਹ ਪਾਰਟੀ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਗਈ ਹੈ ਪ੍ਰੰਤੂ ਹੁਣ ਉਹ ਲੋਕਾਂ ਦਾ ਭਰੋਸਾ ਜਿੱਤ ਨਹੀਂ ਸਕੇਗੀ। ਉਨ੍ਹਾਂ ਆਖਿਆ ਕਿ ‘ਆਪ’ ਦੇ ਆਗੂਆਂ ਦੇ ਵਰਕਰਾਂ ਨਾਲ ਸਬੰਧ ਵੀ ਠੀਕ ਨਹੀਂ ਹਨ। ਇਹੋ ਹਾਲ ਕਾਂਗਰਸ ਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਮੁੜ ਅਕਾਲੀ-ਭਾਜਪਾ ਗੱਠਜੋੜ ਨੂੰ ਤਾਕਤ ਦੇਣਗੇ। ਬੀਬੀ ਬਾਦਲ ਨੇ ਆਖਿਆ ਕਿ  ਗੰਨਾ ਕਾਸ਼ਤਕਾਰਾਂ/ ਕਿਸਾਨਾਂ ਦੀਅਾਂ ਸਮੱਸਿਆਵਾਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ, ਜਿਸ ਬਾਰੇ ਮੁੱਖ ਮੰਤਰੀ ਪਹਿਲਾਂ ਹੀ ਹੁਕਮ ਜਾਰੀ ਕਰ ਚੁੱਕੇ ਹਨ।
ਕੇਂਦਰੀ ਮੰਤਰੀ ਨੇ ਅੱਜ ਸ਼ਹਿਰ ਦੇ  ਇੱਕ ਵਾਰਡ ਵਿੱਚ ਔਰਤਾਂ ਅਤੇ ਲੜਕੀਆਂ ਨਾਲ ਵਿਸ਼ੇਸ਼ ਮਿਲਣੀ ਕੀਤੀ। ੲਿਸ ਮਿਲਣੀ ਦੌਰਾਨ ਔਰਤਾਂ ਨੇ ਦੱਸਿਆ ਕਿ ੳੁਹ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ ਜਿਸ ਵਿੱਚ ੳੁਹ ਘਰ ਰਹਿ ਕੇ ਕਮਾਈ ਵੀ ਕਰਨ ਅਤੇ ਆਪਣੇ ਬੱਚੇ ਵੀ ਪਾਲ ਸਕਣ। ਸ੍ਰੀਮਤੀ ਬਾਦਲ ਨੇ ਆਖਿਆ ਕਿ ਉਹ ਆਪਣੇ ਪੱਧਰ ’ਤੇ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਹਨ ਜਿਸ ਲਈ ਕੇਂਦਰ ਸਰਕਾਰ ਨੇ ਮੁਦਰਾ ਬੈਂਕ ਦੀ ਸਥਾਪਨਾ ਕੀਤੀ ਹੈ ਤਾਂ ਜੋ ਛੋਟਾ ਵਪਾਰੀ ਵੀ ਅਸਾਨੀ ਨਾਲ  ਕਰਜ਼ਾ ਲੈ ਸਕੇ। ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ, ਓ.ਐਸ.ਡੀ. ਉਪ ਮੁੱਖ ਮੰਤਰੀ ਪੰਜਾਬ ਮੁਨੀਸ਼ ਕੁਮਾਰ ਅਤੇ ਹਰਿੰਦਰ ਸਿੰਘ ਸਰਾ, ਅਕਾਲੀ ਦਲ ਦੇ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਆਦਿ ਮੌਜੂਦ ਸਨ।

Facebook Comment
Project by : XtremeStudioz