Close
Menu

ਆਪ’ ਦੀ ਪੰਜਾਬ ਇਕਾੲੀ ਵਿੱਚ ਮੱਤਭੇਦ ੳੁਭਰੇ

-- 02 March,2015

* ਖਹਿਰਾ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ ਮਾਮਲੇ ਤੋਂ ਆਗੂ ਹੋਏ ਖਫ਼ਾ

ਚੰਡੀਗੜ੍, ਆਮ ਅਦਮੀ ਪਾਰਟੀ (ਆਪ) ਦੀ ਹਾਈ ਕਮਾਂਡ ਤੋਂ ਬਾਅਦ ਹੁਣ ਪੰਜਾਬ ਇਕਾਈ ’ਚ ਮਤਭੇਦ ਉਭਰਨੇ ਸ਼ੁਰੂ ਹੋ ਗਏ ਹਨ ਤੇ ਪਾਰਟੀ ਵਿੱਚ ਸੱਭ ਅੱਛਾ ਨਹੀਂ ਹੈ। ਪੰਜਾਬ ਇਕਾੲੀ ਦਾ ਮਾਮਲਾ ਹੁਣ ਦਿੱਲੀ ਦਰਬਾਰ ਕੋਲ ਪੁੱਜ ਗਿਆ ਹੈ। ਇਸ ਦੇ ਨਾਲ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੇਟੇਪੁਰ ਦੀ ਕੁਰਸੀ ਨੂੰ ਵੀ ‘ਖ਼ਤਰਾ’ ਖਡ਼੍ਹਾ ਹੋ ਗਿਆ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਦੀ ‘ਆਪ’ ਵਿੱਚ ਸ਼ਮੂਲੀਅਤ ਦੇ ਮਾਮਲੇ ਨੇ ਪਾਰਟੀ ਆਗੂਆਂ ਵਿੱਚ ਦੂਰੀ ਵਧਾ ਦਿੱਤੀ  ਹੈ। ਪਾਰਟੀ ਦੇ ਪੰਜਾਬ ਤੋਂ ਚਾਰ ਸੰਸਦ ਮੈਂਬਰਾਂ ’ਚੋਂ ਤਿੰਨ ਨੂੰ ਭਰੋਸੇ ਵਿੱਚ ਲਏ ਬਿਨਾਂ ਸ੍ਰੀ ਛੋਟੇਪੁਰ ਨੇ ਕਾਂਗਰਸੀ ਆਗੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ‘ਖੇਡੀ ਚਾਲ’ ੳੁਨ੍ਹਾਂ ਨੂੰ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ। ਪਤਾ ਲੱਗਾ ਹੈ ਕਿ ਸੰਸਦ ਮੈਂਬਰਾਂ ਸਮੇਤ ਸੂਬੇ ਦੇ ਕਈ ਹੋਰ ਆਗੂ ਸ੍ਰੀ ਖਹਿਰਾ ਨੂੰ ‘ਆਪ’ ਵਿੱਚ ਸ਼ਾਮਲ ਕਰਨ ਦੇ ਹੱਕ ’ਚ ਨਹੀਂ ਸਨ ਜਦਕਿ ਛੋਟੇਪੁਰ ਨੇ ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਿੱਧੀ ਮੀਟਿੰਗ ਕਰਵਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸ੍ਰੀ ਛੋਟੇਪੁਰ ਦੀ ਕਾਹਲ ਜਿੱਥੇ ਸੰਸਦ  ਮੈਂਬਰਾਂ ਦੀ ਨਾਰਾਜ਼ਗੀ ਦਾ ਕਾਰਣ ਬਣੀ, ਉੱਥੇ ਸ੍ਰੀ ਖਹਿਰਾ ਦੀ ‘ਆਪ’ ਵਿੱਚ ਸ਼ਮੂਲੀਅਤ ਦੇ ਰਾਹ ’ਚ ਅੜਿੱਕਾ ਬਣ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਜਗਮੀਤ ਸਿੰਘ ਬਰਾੜ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਵੀ ਇਹੋ ਹਸ਼ਰ ਹੋਇਆ ਸੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਰਟੀ ਦੇ ਤਿੰਨ ਸੰਸਦ ਮੈਂਬਰ ਪਹਿਲਾਂ ਹੀ ਸੂਬਾੲੀ ਕਨਵੀਨਰ ਦੇ ਕੰਮ ਕਰਨ ਦੇ ਢੰਗ ਤਰੀਕੇ ਤੋਂ ਨਾਰਾਜ਼ ਹਨ ਅਤੇ ੳੁਹ ੳੁਸ ਵੱਲੋਂ ਸੱਦੀਆਂ ਮੀਟਿੰੰਗਾਂ ਵਿੱਚ ਵੀ ਸ਼ਾਮਲ ਨਹੀਂ ਹੋ ਰਹੇ। ਇੱਥੋਂ ਤੱਕ ਕਿ ਪਾਰਟੀ ਵੱਲੋਂ ‘ਦਰਦ ਪੰਜਾਬ’ ਦਾ ਮੁਹਿੰਮ ਦੇ ਆਗਾਜ਼ ਵੇਲੇ ਮੁਹਾਲੀ ’ਚ ਰੱਖੇ ਪ੍ਰੋਗਰਾਮ ’ਚ ਕੋੲੀ ਵੀ ਸੰਸਦ ਮੈਂਬਰ ਮੌਜੂਦ ਨਹੀਂ ਸੀ। ਪਾਰਟੀ ਦੀ ਟਿਕਟ ’ਤੇ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਵਾਲੇ ਉਮੀਦਵਾਰ ਤੋਂ ਬਿਨਾਂ ਦੋ ਨੂੰ ਛੱਡ ਕੇ ਹੋਰ ਕੋਈ ਵੀ ਉਮੀਦਵਾਰ ਹਾਜ਼ਰ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਇਕਾਈ ਦੀਆਂ ਗਤੀਵਿਧੀਆਂ ਉੱਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ ਕਿਉਕਿ ਸ੍ਰੀ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਤੋਂ ਵੱਡੀਆਂ ਆਸਾਂ ਹਨ ਅਤੇ ਉਹ ਦੋ ਮਹੀਨੇ ਬਾਅਦ ਪੰਜਾਬ ਦਾ ਲੰਬਾ ਦੌਰਾ ਕਰਨ ਦਾ ਪ੍ਰੋਗਰਾਮ ਬਣਾ ਰਹੇ ਹਨ।
ਜਾਣਕਾਰੀ ਅਨੁਸਾਰ ਪਾਰਟੀ ਹਾਈ ਕਮਾਂਡ ਪੰਜਾਬ ਦੀ ਵਾਗਡੋਰ ਇੱਕ ਆਗੂ ਦੇ ਹੱਥ ਦੇਣ ਦੀ ਥਾਂ ਕਮੇਟੀ ਬਣਾ ਕੇ ਆਰਜ਼ੀ ਤੌਰ ’ਤੇ ਹੱਲ ਕਰਨ ਬਾਰੇ ਵੀ ਸੋਚ ਰਹੀ ਹੈ। ਇਸ ਕਮੇਟੀ ਨੂੰ ਰਾਜ ਨਾਲ ਸਬੰਧਤ ਸਾਰੇ ਫੈਸਲੇ ਲੈਣ ਦਾ ਹੱਕ ਹੋਵੇਗਾ। ੲਿਸ ਦੇ ਨਾਲ 24 ਫਰਵਰੀ ਨੂੰ ਜਲੰਧਰ ਵਿੱਚ ਪਾਰਟੀ ਦੇ ਇੱਕ ਆਗੂ ਵੱਲੋਂ ਆਪਣੀ ਮਰਜ਼ੀ ਨਾਲ ਸੱਦੀ ਮੀਟਿੰਗ ਨੂੰ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਮੀਟਿੰਗ ’ਚ ਪਾਰਟੀ ਦੇ ਦੂਜੀ ਕਤਾਰ ਦੇ ਕੲੀ ਆਗੂਆਂ ਦੀ ਰਜਿਸਟਰ ’ਚ ਹਾਜ਼ਰੀ ਲੱਗੀ ਹੋਈ ਹੈ ਜਦਕਿ ਇਨ੍ਹਾਂ ਆਗੂਆਂ ਵੱਲੋਂ ਮੀਟਿੰਗ ’ਚ ਸ਼ਾਮਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਦੂਜੀ ਕਤਾਰ ਦੇ ਕਈ ਹੋਰ ਆਗੂਆਂ ਦਾ ‘ਆਪ’ ਵਿਚ ਸ਼ਾਮਲ ਹੋਣ ਦਾ ਰਸਤਾ ਵੀ ਬੰਦ ਹੋ ਗਿਆ ਹੈ।
‘ਆਪ’ ਦੀ ਪੰਜਾਬ ਇਕਾਈ ਦੇ ਬੁਲਾਰੇ ਕੁਲਤਾਰ ਸਿੰਘ ਨੇ ਆਖਿਆ ਹੈ ਕਿ ਪੰਜਾਬ ਦੇ ਲੋਕਾਂ ’ਚ ‘ਆਪ’ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਪਰ ਲੀਡਰਸ਼ਿਪ ਬਾਰੇ ਤਾਂ ਸਾਰੀਆਂ ਸਿਆਸੀ ਪਾਰਟੀਆਂ ’ਚ ਆਮ ਤੌਰ ’ਤੇ ਅਜਿਹੀ ਚਰਚਾ ਚਲਦੀ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਸ੍ਰੀ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਤੋਂ ਵੱਡੀਆਂ ਆਸਾਂ ਹਨ ਅਤੇ ਉਹ ਦਿੱਲੀ ਬਾਅਦ ਪੰਜਾਬ ਨੂੰ ਫਤਹਿ ਕਰਨ ਦਾ ਮਨ ਬਣਾਈ ਬੈਠੇ ਹਨ। ਪਾਰਟੀ ਦੇ ਇੱਕ ਹੋਰ ਸੀਨੀਅਰ ਨੇਤਾ ਨੇ ਆਖਿਆ ਕਿ ਪਾਰਟੀ ਦੇ ਸੰਸਦ ਮੈਂਬਰ ਵੀ ਇੱਕਜੁਟ ਨਹੀਂ ਹਨ। ਉਸ ਨੇ ਆਖਿਆ ਕਿ ਇਹ ਤਾਂ ਸਭ ਦੀ ਸਮਝ ’ਚ ਆ ਰਿਹਾ ਹੈ ਕਿ ਇੱਕ ਮਿਆਨ ’ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਹਨ।

ਖਹਿਰਾ ਦਾ ‘ਆਪ’ ਵਿੱਚ ਸ਼ਾਮਲ ਹੋਣਾ ਤੈਅ: ਛੋਟੇਪੁਰ

ਇਸ ਸਬੰਧੀ ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਹੈ ਕਿ ਉਹ ਪਾਰਟੀ ਦੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ ਪਰ ਲੋਕੰਤਤਰ ’ਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਉਨ੍ਹਾਂ ਦਾਅਵਾ ਕੀਤਾ  ਕੇਂਦਰੀ ਬਜਟ ਦੀ ਵਜ੍ਹਾ ਕਰਕੇ ਪਾਰਟੀ ਦੇ ਸੰਸਦ ਮੈਂਬਰ 28 ਦੇ ਸਮਾਗਮ ’ਚ ਸ਼ਾਮਲ ਹੋਣ ਤੋਂ ਰਹਿ ਗਏ ਸਨ। ਨਾਲ ਹੀ ੳੁਨ੍ਹਾਂ ਸਪਸ਼ਟ ਕੀਤਾ ਸ੍ਰੀ ਖਹਿਰਾ ਦਾ ‘ਆਪ’ ਵਿੱਚ ਸ਼ਾਮਲ ਹੋਣਾ ਤੈਅ ਹੈ।

Facebook Comment
Project by : XtremeStudioz